ਸੀ.ਸੀ.ਟੀ. ਲਾਂਡਰਾਂ ਵਿਖੇ ਤਿੰਨ ਰੋਜ਼ਾ ‘ਮਾਈ ਭਾਰਤ ਲੀਡਰਸ਼ਿਪ ਬੂਟਕੈਂਪ’ ਦਾ ਆਯੋਜਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਸਤੰਬਰ:
ਮਾਈ ਭਾਰਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ 24 ਤੋਂ 26 ਅਗਸਤ 2026 ਤੱਕ ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ, ਲਾਂਡਰਾਂ ਵਿਖੇ 35 ਨੌਜਵਾਨ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਤਿੰਨ ਰੋਜ਼ਾ ਰਿਹਾਇਸ਼ੀ ‘ਮਾਈ ਭਾਰਤ ਲੀਡਰਸ਼ਿਪ ਬੂਟਕੈਂਪ’ ਕਰਵਾਇਆ ਗਿਆ। ਬੂਟਕੈਂਪ ਦਾ ਉਦੇਸ਼ ਨੌਜਵਾਨਾਂ ਵਿੱਚ ਲੀਡਰਸ਼ਿਪ ਦੇ ਗੁਣ, ਉੱਦਮੀ ਸੋਚ, ਪ੍ਰਭਾਵਸ਼ਾਲੀ ਸੰਚਾਰ, ਕਰੀਅਰ ਸਬੰਧੀ ਜਾਗਰੂਕਤਾ, ਭਾਵਨਾਤਮਕ ਸੂਝ-ਬੂਝ ਅਤੇ ਜ਼ਿੰਮੇਵਾਰ ਨਾਗਰਿਕਤਾ ਦੀ ਭਾਵਨਾ ਪੈਦਾ ਕਰਨਾ ਸੀ।
ਬੂਟਕੈਂਪ ਦੀ ਸ਼ੁਰੂਆਤ ਉਦਘਾਟਨੀ ਸਮਾਗਮ ਨਾਲ ਹੋਈ, ਜਿਸ ਤੋਂ ਬਾਅਦ ਆਈਸਬ੍ਰੇਕਰ ਅਤੇ ਟੀਮ ਗਠਨ ਗਤੀਵਿਧੀ ਕਰਵਾਈ ਗਈ। ਬੂਟਕੈਂਪ ਦਾ ਰਸਮੀ ਉਦਘਾਟਨ ਡਾ. ਪਾਲਕੀ ਸਾਹਿਬ ਕੌਰ, ਡਾਇਰੈਕਟਰ-ਪ੍ਰਿੰਸੀਪਲ, ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ, ਲਾਂਡਰਾਂ ਅਤੇ ਡਾ. ਗਗਨਦੀਪ ਭੁੱਲਰ, ਡਾਇਰੈਕਟਰ, ਸਟੂਡੈਂਟ ਵੈਲਫੇਅਰ, ਸੀ.ਜੀ.ਸੀ. ਲਾਂਡਰਾਂ ਵੱਲੋਂ ਕੀਤਾ ਗਿਆ। ਇਸ ਮੌਕੇ ਮਾਈ ਭਾਰਤ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਡਿਪਟੀ ਡਾਇਰੈਕਟਰ ਸ੍ਰੀ ਮੋਹਿਤ ਕੁਮਾਰ ਸੈਣੀ ਵੀ ਮੌਜੂਦ ਸਨ।
ਡਾ. ਪਾਲਕੀ ਸਾਹਿਬ ਕੌਰ ਨੇ ਸਵਾਗਤੀ ਭਾਸ਼ਣ ਦਿੰਦਿਆਂ ਵਿਦਿਆਰਥੀਆਂ ਨੂੰ ਬੂਟਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਡਾ. ਗਗਨਦੀਪ ਭੁੱਲਰ ਨੇ ਵਿਦਿਆਰਥੀਆਂ ਨੂੰ ਤਿੰਨੋਂ ਦਿਨ ਸਾਰੇ ਸੈਸ਼ਨਾਂ ਵਿੱਚ ਸਰਗਰਮੀ ਨਾਲ ਭਾਗ ਲੈਣ ਅਤੇ ਨਿੱਜੀ ਵਿਕਾਸ ਦੇ ਨਾਲ-ਨਾਲ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਾਬਕਾ ਡੀਆਈਜੀ, ਸੀ.ਆਰ.ਪੀ.ਐੱਫ. ਅਤੇ ਸਾਬਕਾ ਆਰਮੀ ਮੇਜਰ ਸ੍ਰੀ ਵਿਜੇਂਦਰ ਸਿੰਘ ਜੂਨ ਦੀ ਮੌਜੂਦਗੀ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਣਾ ਅਤੇ ਕੀਮਤੀ ਤਜਰਬਾ ਪ੍ਰਦਾਨ ਕੀਤਾ।
ਪਹਿਲੇ ਦਿਨ ‘What Makes a Leader’ ਵਿਸ਼ੇ ’ਤੇ ਮਾਹਿਰ ਸੈਸ਼ਨ ਦੌਰਾਨ ਪ੍ਰਭਾਵਸ਼ਾਲੀ ਲੀਡਰਸ਼ਿਪ ਲਈ ਲੋੜੀਂਦੇ ਗੁਣਾਂ ਅਤੇ ਇਸ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਮੈਡੀਟੇਸ਼ਨ ਸੈਸ਼ਨ ਰਾਹੀਂ ਸਵੈ-ਜਾਗਰੂਕਤਾ, ਅੰਦਰੂਨੀ ਸੰਤੁਲਨ ਅਤੇ ਸਚੇਤ ਲੀਡਰਸ਼ਿਪ ’ਤੇ ਜ਼ੋਰ ਦਿੱਤਾ ਗਿਆ। ਉੱਦਮਤਾ ਅਤੇ ਕਰੀਅਰ ਗਾਈਡੈਂਸ ਸੈਸ਼ਨਾਂ ਦੌਰਾਨ ਵਿਦਿਆਰਥੀਆਂ ਨੂੰ ਨਵੀਨਤਾ, ਸਮੱਸਿਆ ਹੱਲ ਕਰਨ, ਕਰੀਅਰ ਯੋਜਨਾਬੰਦੀ, ਮੁਕਾਬਲੇ ਦੀਆਂ ਪ੍ਰੀਖਿਆਵਾਂ ਅਤੇ ਭਵਿੱਖ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਦਿਨ ਦੇ ਅੰਤ ਵਿੱਚ ਟਿਕਾਊ ਵਿਕਾਸ ਵਿਸ਼ੇ ’ਤੇ ਪੋਸਟਰ ਮੇਕਿੰਗ ਗਤੀਵਿਧੀ ਕਰਵਾਈ ਗਈ।
ਬੂਟਕੈਂਪ ਦੇ ਦੂਜੇ ਦਿਨ ‘ਸਰਕਾਰ ਦੀ ਬਣਤਰ ਅਤੇ ਜਨਤਕ ਸੇਵਾਵਾਂ ਬਾਰੇ ਜਾਣਕਾਰੀ’ (‘Understanding Government: Structure and Public Service’) ਸੈਸ਼ਨ ਰਾਹੀਂ ਸਰਕਾਰ ਦੀ ਬਣਤਰ, ਕਾਰਜਪ੍ਰਣਾਲੀ ਅਤੇ ਜਨਤਕ ਸੇਵਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਜ਼ਿੰਮੇਵਾਰ ਨਾਗਰਿਕਤਾ ਦੀ ਮਹੱਤਤਾ ਉਜਾਗਰ ਕੀਤੀ ਗਈ। ‘Cyber Hygiene and Safe Use of Social Media’ ਅਤੇ Financial Literacy ਸੈਸ਼ਨਾਂ ਰਾਹੀਂ ਸਾਈਬਰ ਸੁਰੱਖਿਆ, ਸੋਸ਼ਲ ਮੀਡੀਆ ਦੀ ਜ਼ਿੰਮੇਵਾਰ ਵਰਤੋਂ, ਨਿੱਜੀ ਜਾਣਕਾਰੀ ਦੀ ਸੁਰੱਖਿਆ ਅਤੇ ਵਿੱਤੀ ਜਾਗਰੂਕਤਾ ਬਾਰੇ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਗਿਆ। ਇਸ ਤੋਂ ਇਲਾਵਾ ‘Emotional Intelligence in Leadership’ ਸੈਸ਼ਨ ਵਿੱਚ ਸਵੈ-ਜਾਗਰੂਕਤਾ, ਸਵੈ-ਨਿਯੰਤਰਣ, ਭਾਵਨਾਵਾਂ ਅਤੇ ਹਮਦਰਦੀ ਦੀ ਫੈਸਲਾ ਲੈਣ ਵਿੱਚ ਭੂਮਿਕਾ ਬਾਰੇ ਚਰਚਾ ਕੀਤੀ ਗਈ।
ਤੀਜੇ ਦਿਨ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ਦਾ ਵਿਦਿਅਕ ਦੌਰਾ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਵਿਧਾਨ ਸਭਾ ਦੀ ਕਾਰਜਪ੍ਰਣਾਲੀ ਅਤੇ ਲੋਕਤੰਤਰਿਕ ਪ੍ਰਕਿਰਿਆਵਾਂ ਬਾਰੇ ਵਿਹਾਰਕ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ‘Communication: Listening & Clarity, Public Speaking & Persuasion’ ਅਤੇ Youth Parliament ਸੈਸ਼ਨਾਂ ਰਾਹੀਂ ਪ੍ਰਭਾਵਸ਼ਾਲੀ ਸੰਚਾਰ, ਜਨਤਕ ਭਾਸ਼ਣ, ਸੰਸਦੀ ਪ੍ਰਕਿਰਿਆਵਾਂ, ਲੋਕਤੰਤਰਿਕ ਸੰਵਾਦ ਅਤੇ ਜਨਤਕ ਜੀਵਨ ਵਿੱਚ ਸਾਰਥਕ ਭਾਗੀਦਾਰੀ ਬਾਰੇ ਵਿਦਿਆਰਥੀਆਂ ਨੂੰ ਵਿਹਾਰਕ ਤਜਰਬਾ ਦਿੱਤਾ ਗਿਆ।
ਬੂਟਕੈਂਪ ਦੇ ਅੰਤਿਮ ਸੈਸ਼ਨ ਵਿੱਚ ਵਿਦਿਆਰਥੀਆਂ ਵੱਲੋਂ ਆਪਣੇ ਤਜਰਬੇ ਸਾਂਝੇ ਕੀਤੇ ਗਏ ਅਤੇ ਫੀਡਬੈਕ ਲਿਆ ਗਿਆ। ਇਸ ਉਪਰੰਤ ਸਮਾਪਤੀ ਸਮਾਰੋਹ ਨਾਲ ਤਿੰਨ ਰੋਜ਼ਾ ਲੀਡਰਸ਼ਿਪ ਬੂਟਕੈਂਪ ਸੰਪੰਨ ਹੋਇਆ।
- Download Babushahi App
-
-