ਪੁਸਤਕ ਸਮੀਖਿਆ/ ਗੁਰਮੀਤ ਸਿੰਘ ਪਲਾਹੀ
ਕਹਾਣੀ ਸੰਗ੍ਰਹਿ - ਸਮੇਂ ਦੀ ਮਲ੍ਹਮ
ਲੇਖਕ - ਡਾ. ਅਜੀਤ ਸਿੰਘ
ਪਬਲਿਸ਼ਰ - ਵਾਰਿਸ ਸ਼ਾਹ ਫਾਊਂਡੇਸ਼ਨ
ਕੀਮਤ - 250 ਰੁਪਏ
ਸਮੀਖਿਆਕਾਰ: ਗੁਰਮੀਤ ਸਿੰਘ ਪਲਾਹੀ
‘ਮਗਦੇ ਅੰਗਿਆਰਿਆਂ' ਵਰਗੀਆਂ ਡਾ. ਅਜੀਤ ਸਿੰਘ ਦੀਆਂ ਕਹਾਣੀਆਂ ਜ਼ਿੰਦਗੀ ਦੇ ਮੈਟਾਫਰ (ਰੂਪਕ) ਨੂੰ ਖੋਲ੍ਹਦੀਆਂ ਹਨ। ਇਹ ਅਜੇਹੀਆਂ ਕਹਾਣੀਆਂ ਹਨ ਜੋ ਕੇਵਲ ਜੰਮਣ ਤੋਂ ਮਰਨ ਤੱਕ ਦਾ ਸਫ਼ਰ ਹੀ ਨਹੀਂ ਅਤੇ ਨਾ ਹੀ ਸਿਰਫ਼ ਦਿਨ-ਕਟੀ ਦਾ ਵਰਤਾਂਤ ਹਨ, ਸਗੋਂ ਜ਼ਿੰਦਗੀ ਦੀ ਗਤੀਸ਼ੀਲਤਾ ਅਤੇ ਸੰਘਰਸ਼ ਦੀ ਦਾਸਤਾਨ ਹਨ। ਸਮਕਾਲ ਵਿੱਚ ਵਾਪਰਦੀਆਂ ਵਿਸੰਗਤੀਆਂ ਨਾਲ ਸੰਵਾਦ ਰਚਾਉਂਦਿਆਂ, ਇਹ ਸਮਕਾਲੀ ਸਮਾਜ ਦੀ ਤਸਵੀਰਕਸ਼ੀ ਤੱਕ ਹੀ ਸੀਮਤ ਨਹੀਂ ਰਹਿੰਦੀਆਂ। ਅਜੇਹੀ ਸਥਿਤੀ ਅੰਦਰ ਪ੍ਰਵੇਸ਼ ਕਰਦਿਆਂ ਆਪਣੇ ਕਰਤੱਵ ਅਤੇ ਸਥਾਨ ਦੀ ਪਛਾਣ ਕਰਕੇ ਵਾਸਤਵਿਕ ਹੱਲ ਦੀ ਤਲਾਸ਼ ਕਰਨਾ ਉਨ੍ਹਾਂ ਦਾ ਮੁੱਖ ਮੰਤਵ ਹੈ।
ਮਨੁੱਖ, ਸਾਹਿਤ ਦੇ ਕਿਸੇ ਵੀ ਰੂਪ ਦਾ ਕੇਂਦਰੀ ਧੁਰਾ ਹੈ। ਡਾ. ਅਜੀਤ ਸਿੰਘ ਨੇ ਕਹਾਣੀ-ਕਲਾ ਰਾਹੀਂ ਮਨੁੱਖ ਦੀ ਮਨੋਸਥਿਤੀ, ਵਿਵਹਾਰ ਅਤੇ ਬੇਢੰਗੇ-ਕਰੂਪ ਚਿਹਰੇ ਨੂੰ ਆਪਣੀਆਂ ਕਹਾਣੀਆਂ ਵਿੱਚ ਲਿਆਉਂਦਿਆਂ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ‘ਸਮੇਂ ਦੀ ਮਲ੍ਹਮ’ ਦੀਆਂ ਕਹਾਣੀਆਂ ਸੂਖਮ ਅਤੇ ਰੋਚਕ ਢੰਗ ਨਾਲ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਵਿਸ਼ਵਾਸਘਾਤ ਦੀ ਬਾਤ ਪਾਉਂਦੀਆਂ ਹਨ। ਲੇਖਕ ਨੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਜ਼ਿੰਦਗੀ ਦੇ ਵਿਸ਼ਾਲ ਕੈਨਵਸ ’ਤੇ ਪੇਸ਼ ਕੀਤਾ ਹੈ।
ਕਹਾਣੀ ਸੰਗ੍ਰਹਿ 'ਸਮੇਂ ਦੀ ਮਲ੍ਹਮ' ਵਿੱਚ ਸ਼ਾਮਲ ਕਹਾਣੀਆਂ - ‘ਵਿਸ਼ਵਾਸਘਾਤ’, ‘ਨਿਰਮਲ’, ‘ਭੁਲੇਖਾ’, ‘ਕੰਡਿਆਲੀ ਤਾਰ’, ‘ਮਰਦਾ ਕੀ ਨਹੀਂ ਕਰਦਾ’, ‘ਬੰਬੀਹਾ’, ‘ਮਤਰੇਈ ਮਾਂ’, ‘ਸ਼ੇਰਨੀਆਂ’, ‘ਸਕੰਦਰ’, ‘ਮਿਹਨਤ’, ‘ਡਾਢੇ ਦਾ ਸੱਤੀਂ ਵੀਹੀ ਸੌ’, ‘ਸਬਰ ਦਾ ਘੁੱਟ’, ‘ਸਮੇਂ ਦੀ ਮਲ੍ਹਮ’, ‘ਤੀਸਰਾ ਵਿਆਹ’, ‘ਮੰਗਲ ਦਾ ਕਾਰਨ’ ਅਤੇ ‘ਯੋਗਤਾ ਪੱਤਰ’- ਅੱਜ ਦੇ ਮਨੁੱਖ ਦੇ ਸੁਪਨਿਆਂ, ਰਿਸ਼ਤਿਆਂ, ਮੋਹ-ਮਾਇਆ, ਚਰਿੱਤਰ ਅਤੇ ਪਿਆਰ ਦੇ ਚੰਗੇ-ਮਾੜੇ ਪੱਖਾਂ ਨੂੰ ਪੇਸ਼ ਕਰਦਿਆਂ ਪਾਠਕ ਦੇ ਮਨ ਵਿੱਚ ਚੁੱਪ ਜਾਂ ਸ਼ੋਰ ਪੈਦਾ ਕਰਨ ਵਾਲੀਆਂ ਹਨ।
ਕਹਾਣੀ ਦਾ ਪਾਤਰ ਕਦੇ ਬੇਵੱਸ ਦਿਸਦਾ ਹੈ, ਕਦੇ ਚੁੱਪ ਵੱਟਦਾ ਹੈ, ਕਦੇ ਹੱਸਦਾ ਹੈ ਅਤੇ ਕਦੇ ਮਾਣ ਮਹਿਸੂਸ ਕਰਦਿਆਂ ਆਪਣੇ ਜਜ਼ਬਿਆਂ ਨਾਲ ਸ਼ਬਦਾਂ ਦਾ ਚਾਨਣ ਬਿਖੇਰਦਾ ਹੈ। ਇਹੋ ਡਾ. ਅਜੀਤ ਸਿੰਘ ਦੀ ਕਹਾਣੀ-ਕਲਾ ਦੀ ਪ੍ਰਾਪਤੀ ਹੈ। ਡਾ. ਅਜੀਤ ਸਿੰਘ ਮਨੁੱਖੀ ਲਾਲਸਾ, ਨਾਸ਼ਵਾਨਤਾ ਵਰਗੇ ਸੰਕਲਪਾਂ, ਤਲਖ਼ ਹਕੀਕਤਾਂ ਅਤੇ ਹਰਫ਼ਾਂ ਦੀ ਮਹਿਕ ਦੇ ਮਹੱਤਵ ਨੂੰ ਸਮਝਦਿਆਂ ਆਪਣੀਆਂ ਕਹਾਣੀਆਂ ਵਿੱਚ ਲਿਆਉਣ 'ਚ ਸਫ਼ਲ ਰਹੇ ਹਨ।
ਡਾ. ਵਿਕਰਮ ਸਿੰਘ ਘੁੰਮਣ ਉਨ੍ਹਾਂ ਦੀ ਕਹਾਣੀ-ਕਲਾ ਬਾਰੇ ਕਹਿੰਦੇ ਹਨ:
“ਡਾ. ਅਜੀਤ ਸਿੰਘ ਨਿੱਕੀਆਂ-ਨਿੱਕੀਆਂ ਘਟਨਾਵਾਂ ਦੀਆਂ ਤੰਦਾਂ ਬੁਣਦਾ ਹੋਇਆ, ਕਿਸੇ ਅਦ੍ਰਿਸ਼ਟ ਜਾਲ ਵਿੱਚ ਜਾ ਕੇ ਆਪਣੇ ਵਰਤਾਂਤ ਨੂੰ ਜ਼ਿੰਦਗੀ ਦੇ ਵਿਸ਼ਾਲ ਕੈਨਵਸ ਉੱਤੇ ਉਤਾਰ ਦਿੰਦਾ ਹੈ। ਇਹੋ ਡਾ. ਅਜੀਤ ਸਿੰਘ ਦੀ ਕਹਾਣੀ-ਕਲਾ ਦੀ ਵੱਡੀ ਪ੍ਰਾਪਤੀ ਹੈ।”
ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ ਵੱਲੋਂ ਛਾਪਿਆ ਗਿਆ ਡਾ. ਅਜੀਤ ਸਿੰਘ ਦਾ ਇਹ ਕਹਾਣੀ ਸੰਗ੍ਰਹਿ ਪੰਜਾਬੀ ਪਾਠਕਾਂ ਦੀ ਕਚਹਿਰੀ ਵਿੱਚ ਇੱਕ ਨਵਾਂ ਮੀਲ-ਪੱਥਰ ਸਾਬਤ ਹੋਵੇਗਾ।
ਰਸੂਲ ਹਮਜ਼ਾਤੋਵ ਦੇ ਸ਼ਬਦ: “ਕੋਈ ਵੀ ਚੰਗੀ ਕਿਤਾਬ ਇਸ ਤਰ੍ਹਾਂ ਸ਼ੁਰੂ ਹੋਣੀ ਚਾਹੀਦੀ ਹੈ-ਬਿਨਾਂ ਲੰਮੀਆਂ-ਚੌੜੀਆਂ ਤੇ ਅਕਾਊ ਭੂਮਿਕਾਵਾਂ ਦੇ। ਜੇ ਤੁਸੀਂ ਸਾਂਡ ਨੂੰ ਸਿੰਗਾਂ ਤੋਂ ਫੜਨ ਵਿੱਚ ਸਫ਼ਲ ਨਹੀਂ ਹੁੰਦੇ, ਜਦੋਂ ਉਹ ਤੁਹਾਡੇ ਕੋਲੋਂ ਦੀ ਦੌੜਦਾ ਲੰਘ ਰਿਹਾ ਹੁੰਦਾ ਹੈ, ਤਾਂ ਤੁਸੀਂ ਉਸ ਨੂੰ ਪੂਛ ਤੋਂ ਫੜ ਕੇ ਰੋਕਣ ਦੇ ਸਮਰੱਥ ਨਹੀਂ ਹੋ ਸਕਦੇ।”
ਇਹ ਸ਼ਬਦ ਡਾ. ਅਜੀਤ ਸਿੰਘ ਦੇ ਇਸ ਕਹਾਣੀ ਸੰਗ੍ਰਹਿ ’ਤੇ ਹੂ-ਬ-ਹੂ ਢੁਕਦੇ ਹਨ, ਜਿਨ੍ਹਾਂ ਨੇ ਕਹਾਣੀ-ਕਲਾ ਦੀਆਂ ਬਾਰੀਕੀਆਂ ਨਾਲ ਕਹਾਣੀਆਂ ਲਿਖੀਆਂ ਹਨ ਅਤੇ ਕਹਾਣੀਆਂ ਦੇ ਵਿਸ਼ੇ ਨੂੰ ਪੂਰੀ ਸ਼ਿੱਦਤ ਨਾਲ ਨਿਭਾਉਣ ਦਾ ਯਤਨ ਕੀਤਾ ਹੈ।
-ਗੁਰਮੀਤ ਸਿੰਘ ਪਲਾਹੀ
-985802070

-
ਗੁਰਮੀਤ ਸਿੰਘ ਪਲਾਹੀ,
gurmitpalahi@yahoo.com>
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.