ਪੰਜਾਬ ਭਾਜਪਾ 'ਚ ਵੱਡੀ ਬਗਾਵਤ! ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ 'ਤੇ ਟਕਸਾਲੀ ਆਗੂਆਂ ਨੇ ਸ਼੍ਰੀਨਿਵਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ
ਜਨਰਲ ਸਕੱਤਰ ਰਾਮਾ ਸ਼੍ਰੀਨਿਵਾਸਨ ਖ਼ਿਲਾਫ਼ ਟਕਸਾਲੀ ਵਰਕਰਾਂ ਦਾ ਗੁੱਸਾ; ਬਿਨਾਂ ਸਲਾਹ-ਮਸ਼ਵਰੇ ਤੋਂ ਬਦਲੇ ਪ੍ਰਧਾਨ
Ravi Jakhu
ਚੰਡੀਗੜ੍ਹ/ ਨਵੀਂ ਦਿੱਲੀ, 8 ਅਗਸਤ 2026- ਪੰਜਾਬ ਭਾਜਪਾ (BJP) ਅੰਦਰੂਨੀ ਸਿਆਸੀ ਘਮਾਸਾਨ ਅਤੇ ਵੱਡੀ ਬਗਾਵਤ ਦੀ ਲਪੇਟ ਵਿੱਚ ਆਉਂਦੀ ਨਜ਼ਰ ਆ ਰਹੀ ਹੈ। ਸੂਬੇ ਵਿੱਚ ਪਾਰਟੀ ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਪਾਰਟੀ ਦੇ ਟਕਸਾਲੀ (ਪੁਰਾਣੇ ਤੇ ਸੀਨੀਅਰ) ਆਗੂਆਂ/ ਵਰਕਰਾਂ ਅਤੇ ਅਹੁਦੇਦਾਰਾਂ ਨੇ ਤਿੱਖੀ ਨਾਰਾਜ਼ਗੀ ਜਾਹਰ ਕੀਤੀ ਹੈ। ਨਵੇਂ ਬਣਾਏ ਗਏ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਪ੍ਰਕਿਰਿਆ ਉੱਤੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਜਿਸ ਨਾਲ ਪਾਰਟੀ ਦਾ ਅੰਦਰੂਨੀ ਕਲੇਸ਼ ਹੁਣ ਸੜਕਾਂ ਅਤੇ ਮੀਡੀਆ ਤੱਕ ਪਹੁੰਚ ਗਿਆ ਹੈ।
ਜਾਣਕਾਰੀ ਮੁਤਾਬਿਕ, ਫਰੀਦਕੋਟ ਵਿੱਚ ਮੰਡਲ ਪ੍ਰਧਾਨ ਸਮੇਤ 10 ਅਹੁਦੇਦਾਰਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਨ੍ਹਾਂ ਦਾ ਸਾਫ਼ ਸ਼ਬਦਾਂ ਵਿੱਚ ਕਹਿਣਾ ਹੈ ਕਿ ਕੁੱਝ ਦਿਨ ਪਹਿਲੋਂ ਲਾਇਆ ਗਿਆ ਪ੍ਰਧਾਨ ਬਦਲ ਦਿੱਤਾ ਗਿਆ ਹੈ। ਸੰਗਰੂਰ, ਹੁਸ਼ਿਆਰਪੁਰ, ਪਟਿਆਲਾ ਸਮੇਤ ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਜਥੇਬੰਦਕ ਬਦਲਾਵਾਂ ਨੂੰ ਲੈ ਕੇ ਪਾਰਟੀ ਅੰਦਰ ਖਿੱਚੋਤਾਣ ਚੱਲ ਰਹੀ ਹੈ। ਸੂਤਰਾਂ ਅਨੁਸਾਰ, ਭਾਜਪਾ ਦੇ ਸੀਨੀਅਰ ਲੀਡਰਾਂ ਅਤੇ ਵਰਕਰਾਂ ਦਾ ਮੁੱਖ ਗੁੱਸਾ ਭਾਜਪਾ ਦੇ ਜਨਰਲ ਸਕੱਤਰ ਰਾਮਾ ਸ਼੍ਰੀਨਿਵਾਸਨ ਦੇ ਵਿਰੁੱਧ ਹੈ। ਪਾਰਟੀ ਆਗੂਆਂ ਦਾ ਦੋਸ਼ ਹੈ ਕਿ ਰਾਮਾ ਸ਼੍ਰੀਨਿਵਾਸਨ ਵੱਲੋਂ ਪੰਜਾਬ ਦੇ ਜ਼ਿਲ੍ਹਾ ਪੱਧਰੀ ਸੰਗਠਨ ਵਿੱਚ ਫੇਰਬਦਲ ਕਰਦੇ ਸਮੇਂ ਸਥਾਨਕ ਸੀਨੀਅਰ ਨੇਤਾਵਾਂ ਅਤੇ ਟਕਸਾਲੀ ਵਰਕਰਾਂ ਦੀ ਸਲਾਹ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਗਿਆ ਹੈ।
ਸੀਨੀਅਰ ਆਗੂਆਂ ਅਤੇ ਅਹੁਦੇਦਾਰਾਂ ਦਾ ਸਪੱਸ਼ਟ ਕਹਿਣਾ ਹੈ, ਕਿ "ਸਾਡੀ ਬਿਨਾਂ ਕਿਸੇ ਸਹਿਮਤੀ ਜਾਂ ਜਾਣਕਾਰੀ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਬਦਲ ਦਿੱਤਾ ਗਿਆ ਹੈ। ਪਾਰਟੀ ਲਈ ਦਹਾਕਿਆਂ ਤੋਂ ਖੂਨ-ਪਸੀਨਾ ਵਹਾਉਣ ਵਾਲੇ ਟਕਸਾਲੀ ਵਰਕਰਾਂ ਨੂੰ ਸਾਈਡ ਲਾਈਨ ਕੀਤਾ ਜਾ ਰਿਹਾ ਹੈ, ਜਦਕਿ ਨਵੇਂ ਜਾਂ ਚਹੇਤੇ ਚਿਹਰਿਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ।" ਇਸ ਫੈਸਲੇ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਭਾਰੀ ਰੋਸ ਦੀ ਲਹਿਰ ਹੈ। ਕਈ ਥਾਵਾਂ 'ਤੇ ਵਰਕਰਾਂ ਵੱਲੋਂ ਗੁਪਤ ਬੈਠਕਾਂ ਕਰਕੇ ਅਗਲੀ ਰਣਨੀਤੀ ਬਣਾਉਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਪੰਜਾਬ ਭਾਜਪਾ ਵਿੱਚ ਵਧਦੇ ਅੰਦਰੂਨੀ ਰੋਸ ਅਤੇ ਬਗਾਵਤ ਦੇ ਸੁਰਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਜਪਾ ਦੀ ਕੇਂਦਰੀ ਹਾਈਕਮਾਨ ਵੀ ਹਰਕਤ ਵਿੱਚ ਆ ਗਈ ਹੈ। ਖ਼ਬਰ ਹੈ ਕਿ ਦਿੱਲੀ ਵਿੱਚ ਇੱਕ ਉੱਚ-ਪੱਧਰੀ ਅਹਿਮ ਮੀਟਿੰਗ ਬੁਲਾਈ ਗਈ ਹੈ। ਇਸ ਹਾਈ-ਲੇਵਲ ਬੈਠਕ ਵਿੱਚ ਸ਼ਾਮਲ ਹੋਣ ਲਈ ਪੰਜਾਬ ਭਾਜਪਾ ਪ੍ਰਧਾਨ ਕੇਵਲ ਢਿੱਲੋਂ ਨੂੰ ਵੀ ਦਿੱਲੀ ਬੁਲਾਇਆ ਗਿਆ ਹੈ, ਅਤੇ ਨਾਲ ਹੀ ਜਿਸ ਲੀਡਰ (ਜਨਰਲ ਸਕੱਤਰ ਰਾਮਾ ਸ਼੍ਰੀਨਿਵਾਸਨ) ਕਾਰਨ ਕਲੇਸ਼ ਪਿਆ ਹੈ, ਨੂੰ ਵੀ ਸੱਦਿਆ ਗਿਆ ਹੈ। ਸੂਤਰਾਂ ਅਨੁਸਾਰ, ਇਸ ਮੀਟਿੰਗ ਵਿੱਚ ਨਿਯੁਕਤੀਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਸ਼ਾਂਤ ਕਰਨ ਅਤੇ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਕੇਵਲ ਢਿੱਲੋਂ ਦਾ ਸਮਰਥਨ, ਰਾਮਾ ਸ਼੍ਰੀਨਿਵਾਸਨ ਨਿਸ਼ਾਨੇ 'ਤੇ
ਦਿਲਚਸਪ ਗੱਲ ਇਹ ਹੈ ਕਿ ਪਾਰਟੀ ਦੇ ਨਾਰਾਜ਼ ਆਗੂਆਂ ਅਤੇ ਟਕਸਾਲੀ ਵਰਕਰਾਂ ਨੇ ਕੇਵਲ ਢਿੱਲੋਂ ਦੇ ਖ਼ਿਲਾਫ਼ ਕੋਈ ਵੀ ਬਿਆਨਬਾਜ਼ੀ ਨਹੀਂ ਕੀਤੀ ਹੈ। ਵਰਕਰਾਂ ਦਾ ਮੰਨਣਾ ਹੈ ਕਿ ਸਮੱਸਿਆ ਕੇਵਲ ਢਿੱਲੋਂ ਨਾਲ ਨਹੀਂ, ਸਗੋਂ ਜਨਰਲ ਸਕੱਤਰ ਰਾਮਾ ਸ਼੍ਰੀਨਿਵਾਸਨ ਦੇ ਕੰਮ ਕਰਨ ਦੇ ਤਰੀਕੇ ਅਤੇ ਇਕਪਾਸੜ ਫੈਸਲਿਆਂ ਨਾਲ ਸਮੱਸਿਆ ਹੈ। ਟਕਸਾਲੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਕੇਂਦਰੀ ਹਾਈਕਮਾਨ ਨੇ ਸਮੇਂ ਸਿਰ ਇਸ ਮਾਮਲੇ ਵਿੱਚ ਦਖ਼ਲ ਨਾ ਦਿੱਤਾ ਅਤੇ ਰਾਮਾ ਸ਼੍ਰੀਨਿਵਾਸਨ ਦੇ ਫੈਸਲਿਆਂ 'ਤੇ ਪੁਨਰ-ਵਿਚਾਰ ਨਾ ਕੀਤਾ, ਤਾਂ ਪੰਜਾਬ ਵਿੱਚ ਪਾਰਟੀ ਦਾ ਕੇਡਰ ਹੋਰ ਨਿਰਾਸ਼ ਹੋ ਸਕਦਾ ਹੈ। ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਅੰਦਰ ਪੈਦਾ ਹੋਈ ਇਹ ਫੁੱਟ ਭਾਜਪਾ ਦੇ ਸਿਆਸੀ ਭਵਿੱਖ ਲਈ ਵੱਡਾ ਝਟਕਾ ਸਾਬਤ ਹੋ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦਿੱਲੀ ਬੈਠਕ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਇਸ ਬਗਾਵਤ ਨੂੰ ਠੱਲ੍ਹ ਪਾਉਣ ਲਈ ਕੀ ਕਦਮ ਚੁੱਕਦੀ ਹੈ?
- Download Babushahi App
-
-