ਮਜ਼ਦੂਰਾਂ ਦੇ ਮਸਲੇ ਹੱਲ ਨਾ ਹੋਣ 'ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 7 ਦਸੰਬਰ ਨੂੰ ਡੀਸੀ ਦਫ਼ਤਰ ਪਟਿਆਲਾ ਅੱਗੇ ਧਰਨੇ ਦਾ ਐਲਾਨ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 28 ਨਵੰਬਰ 2026:- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਰਗਰਮ ਆਗੂਆਂ ਦੀ ਇੱਕ ਅਹਿਮ ਮੀਟਿੰਗ ਅੱਜ ਤਰਕਸ਼ੀਲ ਹਾਲ, ਪਟਿਆਲਾ ਵਿਖੇ ਜਸਵੰਤ ਦੁੱਲੜ, ਧਰਮਪਾਲ ਨੂਰਖੇੜੀਆ ਅਤੇ ਜਗਰੂਪ ਢੀਂਗੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮਜ਼ਦੂਰਾਂ ਦੇ ਲੰਮੇ ਸਮੇਂ ਤੋਂ ਲਟਕਦੇ ਮਸਲਿਆਂ ਦੇ ਹੱਲ ਲਈ 7 ਦਸੰਬਰ ਨੂੰ ਡੀਸੀ ਦਫ਼ਤਰ ਪਟਿਆਲਾ ਅੱਗੇ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਮੇਟੀ ਦੇ ਮੀਤ ਪ੍ਰਧਾਨ ਗੁਰਵਿੰਦਰ ਬੌੜਾ ਨੇ ਕਿਹਾ ਕਿ ਪਿਛਲੇ ਲਗਭਗ ਦੋ ਸਾਲਾਂ ਤੋਂ ਕਮੇਟੀ ਦੀ ਅਗਵਾਈ ਹੇਠ ਮਜ਼ਦੂਰ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਇਹ ਹਨ:
ਪੰਚਾਇਤੀ ਜ਼ਮੀਨ ਵਿੱਚੋਂ ਤੀਜੇ ਹਿੱਸੇ ਦੀ ਜ਼ਮੀਨ, ਨਜ਼ੂਲ ਜ਼ਮੀਨ ਦੇ ਮਸਲੇ,ਹੱਲ ਕੀਤਾ ਜਾਵੇ ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੀ ਰਜਿਸਟਰੀ ਕਰਵਾਉਣ,ਆਗੂਆਂ ਅਤੇ ਮਜ਼ਦੂਰਾਂ 'ਤੇ ਦਰਜ ਝੂਠੇ ਮੁਕੱਦਮੇ ਰੱਦ ਕਰਾਉਣ, ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਵਾਉਣ,ਡੀਡੀਪੀਓ ਵੱਲੋਂ ਦੱਬੇ ਗਏ ਮਜ਼ਦੂਰਾਂ ਦੇ ਪੈਸਿਆਂ ਵਾਪਸ ਕਰਾਉਣ ਸਬੰਧੀ ਡਿਪਟੀ ਕਮਿਸ਼ਨਰ ਪਟਿਆਲਾ, ਡੀਡੀਪੀਓ ਪਟਿਆਲਾ ਅਤੇ ਡੀ ਆਰ ਪਟਿਆਲਾ ਨੂੰ ਵਾਰ-ਵਾਰ ਮੰਗ ਪੱਤਰ ਦਿੱਤੇ ਗਏ, ਪਰ ਹਰ ਵਾਰ ਪ੍ਰਸ਼ਾਸਨ ਵੱਲੋਂ ਸਿਰਫ਼ ਲਾਰੇ ਹੀ ਲਾਏ ਗਏ ਅਤੇ ਮਸਲਿਆਂ ਦਾ ਕੋਈ ਠੋਸ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਇਸ ਟਾਲ-ਮਟੋਲ ਵਾਲੇ ਰਵੱਈਏ ਕਾਰਨ ਮਜ਼ਦੂਰਾਂ ਵਿੱਚ ਭਾਰੀ ਰੋਸ ਹੈ, ਜਿਸ ਕਾਰਨ ਆਗੂਆਂ ਸਮੇਤ ਨੇ ਸਰਬ ਸੰਮਤੀ ਨਾਲ ਧਰਨੇ ਦਾ ਫ਼ੈਸਲਾ ਲਿਆ ਹੈ।
ਜੱਥੇਬੰਦੀ ਦੇ ਵਿੱਤ ਸਕੱਤਰ ਧਰਮਵੀਰ ਹਰੀਗੜ੍ਹ ਨੇ ਦੱਸਿਆ ਕਿ ਧਰਨੇ ਦੀ ਤਿਆਰੀ ਲਈ ਪਿੰਡ-ਪਿੰਡ ਰੈਲੀਆਂ ਅਤੇ ਮੀਟਿੰਗਾਂ ਕਰਕੇ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 7 ਦਸੰਬਰ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਮਜ਼ਦੂਰ ਆਪੋ-ਆਪਣੇ ਪਿੰਡਾਂ ਦੇ ਮਸਲਿਆਂ ਦੇ ਹੱਲ ਲਈ ਡੀਸੀ ਦਫ਼ਤਰ ਅੱਗੇ ਪਹੁੰਚਣਗੇ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਮਨੀ ਮੱਲੇਵਾਲ, ਵੀਰਪਾਲ ਦੁੱਲੜ, ਗੁਰਚਰਨ ਸਿੰਘ ਕਾਹਨਗੜ੍ਹ,ਜਾਗਰ ਸਿੰਘ ਚੱਠੇ, ਗੁਰਪ੍ਰੀਤ ਸਿੰਘ ਮੰਡੋਰ , ਦੇਵ ਸਿੰਘ ਹਰੀਗੜ੍ਹ, ਗੁਰਮੀਤ ਕੌਰ ਹਰੀਗੜ੍ਹ, ਗੁਰਚਰਨ ਸਿੰਘ ਤਾਜਲਪੁਰ ,ਕਾਲਾ ਸਿੰਘ ਤਾਜਲਪੁਰ ,ਗੁਰਨਾਮ ਸਿੰਘ ਘੋਲਾ ਸਿੰਘ ਧਨੋਰੀ,ਬਲਜੀਤ ਸਿੰਘ ਭੁੱਨਰਹੇੜੀ,ਹਮੀਰ ਸਿੰਘ ਲੰਗ ਅਤੇ ਹੋਰ ਕਈ ਆਗੂ ਵੀ ਹਾਜ਼ਰ ਸਨ।
- Download Babushahi App
-
-