ਬੰਦੀ ਛੋੜ ਦਿਵਸ ਦਾ ਖੰਨਾ ਦੇ ਪਿੰਡ ਘੁਡਾਣੀ ਕਲਾਂ ਨਾਲ ਹੈ ਗੂੜ੍ਹਾ ਸਬੰਧ: 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਇੱਥੇ 45 ਦਿਨ ਰੁਕੇ ਸਨ ਛੇਵੇਂ ਪਾਤਸ਼ਾਹ; ਅੱਜ ਵੀ ਸੁਸ਼ੋਭਿਤ ਹਨ ਗੁਰੂ ਸਾਹਿਬ ਦੀਆਂ ਪਵਿੱਤਰ ਨਿਸ਼ਾਨੀਆਂ
Ravinder Singh
ਖੰਨਾ/ਲੁਧਿਆਣਾ, 8 ਨਵੰਬਰ, 2026: ਸਿੱਖ ਧਰਮ ਵਿੱਚ ਦੀਵਾਲੀ ਦਾ ਤਿਉਹਾਰ ਬੰਦੀ ਛੋੜ ਦਿਵਸ ਵਜੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮਹਾਨ ਇਤਿਹਾਸਕ ਦਿਨ ਦਾ ਸਬੰਧ ਖੰਨਾ ਨੇੜਲੇ ਪਿੰਡ ਘੁਡਾਣੀ ਕਲਾਂ ਨਾਲ ਵੀ ਡੂੰਘਾ ਜੁੜਿਆ ਹੋਇਆ ਹੈ। ਇਤਿਹਾਸ ਅਨੁਸਾਰ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਆਏ ਸਨ, ਤਾਂ ਉਹ ਪਿੰਡ ਘੁਡਾਣੀ ਕਲਾਂ ਵਿਖੇ ਲਗਾਤਾਰ 45 ਦਿਨਾਂ ਤੱਕ ਠਹਿਰੇ ਸਨ। ਗੁਰੂ ਸਾਹਿਬ ਦੀ ਇਸ ਚਰਨ ਛੋਹ ਪ੍ਰਾਪਤ ਧਰਤੀ 'ਤੇ ਅੱਜ ਵੀ ਦੇਸ਼-ਵਿਦੇਸ਼ ਤੋਂ ਲੱਖਾਂ ਸੰਗਤਾਂ ਨਤਮਸਤਕ ਹੋਣ ਪਹੁੰਚਦੀਆਂ ਹਨ।
ਇਤਿਹਾਸਕ ਅਸਥਾਨ ਅਤੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ:
-
ਪਵਿੱਤਰ ਨਿਸ਼ਾਨੀਆਂ: ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ ਠਹਿਰਨ ਦੌਰਾਨ ਸੰਗਤਾਂ ਨੂੰ ਨਿਹਾਲ ਕਰਦਿਆਂ ਆਪਣਾ 52 ਕਲੀਆਂ ਵਾਲਾ ਚੋਲਾ ਸਾਹਿਬ, ਜੋੜਾ ਸਾਹਿਬ ਅਤੇ ਪੋਥੀ ਸਾਹਿਬ ਉਪਹਾਰ ਵਜੋਂ ਪ੍ਰਦਾਨ ਕੀਤੇ ਸਨ। ਇਹ ਪਵਿੱਤਰ ਨਿਸ਼ਾਨੀਆਂ ਅੱਜ ਵੀ ਇੱਥੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਸੰਭਾਲੀਆਂ ਹੋਈਆਂ ਹਨ, ਜਿਨ੍ਹਾਂ ਦੇ ਦਰਸ਼ਨਾਂ ਲਈ ਦਿਨ-ਰਾਤ ਸੰਗਤਾਂ ਦਾ ਵਾਹਵਾ ਇਕੱਠ ਰਹਿੰਦਾ ਹੈ।
-
ਇਤਿਹਾਸਕ ਗੁਰਦੁਆਰਾ ਸਾਹਿਬਾਨ: ਗੁਰੂ ਸਾਹਿਬ ਦੀ 45 ਦਿਨਾਂ ਦੀ ਰਿਹਾਇਸ਼ ਦੀ ਯਾਦ ਵਿੱਚ ਇਸ ਪਿੰਡ ਵਿੱਚ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ਼੍ਰੀ ਨਿੰਮਸਰ ਸਾਹਿਬ, ਗੁਰਦੁਆਰਾ ਸ਼੍ਰੀ ਭੜੋਲਾ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਸੁਸ਼ੋਭਿਤ ਹਨ।
-
ਅਪਾਰ ਆਸਥਾ ਅਤੇ ਇਲਾਹੀ ਵਰ: ਗੁਰਦੁਆਰਾ ਸਾਹਿਬ ਦੇ ਗ੍ਰੰਥੀ ਅਜੀਤ ਸਿੰਘ ਨੇ ਜ਼ੀ ਮੀਡੀਆ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਗੁਰੂ ਸਾਹਿਬ ਨੇ ਇਸ ਇਲਾਕੇ ਅਤੇ ਸੰਗਤਾਂ ਨੂੰ ਅਪਾਰ ਵਰ ਬਖਸ਼ੇ ਸਨ। ਸੰਗਤ ਵਿੱਚ ਦ੍ਰਿੜ੍ਹ ਆਸਥਾ ਹੈ ਕਿ ਇੱਥੇ ਸੁੱਖ ਸੁੱਖਣ ਅਤੇ ਸ਼ਰਧਾ ਨਾਲ ਅਰਦਾਸ ਕਰਨ ਨਾਲ ਅਨੇਕਾਂ ਬਿਮਾਰੀਆਂ ਅਤੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ। ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਦੀ ਕਿਰਪਾ ਅੱਜ ਵੀ ਇਲਾਕੇ ਦੀਆਂ ਸੰਗਤਾਂ 'ਤੇ ਨਿਰੰਤਰ ਬਰਸ ਰਹੀ ਹੈ।
- Download Babushahi App
-
-