ਗ੍ਰਿਫਤਾਰ ਕੀਤੇ ਦੋਸ਼ੀ ਅਤੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਫ਼ਸਰ
ਦੀਦਾਰ ਗੁਰਨਾ
ਪਟਿਆਲਾ 27 ਅਕਤੂਬਰ 2026 : ਪਟਿਆਲਾ ਪੁਲਿਸ ਨੇ ਡਕਾਲਾ ਵਾਸੀ ਨਵਾਬ ਖ਼ਾਨ ਉਰਫ਼ ਦੋਦਾ ਦੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ , ਜ਼ਿਲ੍ਹਾ ਪੁਲਿਸ ਮੁਖੀ (ਐੱਸ.ਐੱਸ.ਪੀ.) ਸ੍ਰੀ ਹਰਮਨਦੀਪ ਸਿੰਘ ਹਾਂਸ ,ਆਈ.ਪੀ.ਐੱਸ. ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ 23 ਅਕਤੂਬਰ ਨੂੰ ਦੁਪਹਿਰ ਕਰੀਬ 1:30 ਵਜੇ ਨਵਾਬ ਖ਼ਾਨ ਪੁੱਤਰ ਦਰਸ਼ਨ ਖ਼ਾਨ ਵਾਸੀ ਡਕਾਲਾ ਮੋਟਰਸਾਈਕਲ ’ਤੇ ਘਰੇਲੂ ਕੰਮ ਲਈ ਨਿਕਲਿਆ ਸੀ , ਜਦੋਂ ਉਹ ਅਨਾਜ ਮੰਡੀ ਨੇੜੇ ਪੈਟਰੋਲ ਪੰਪ ਤੋਂ ਤੇਲ ਪੁਆ ਕੇ ਡਕਾਲਾ ਵੱਲ ਜਾ ਰਿਹਾ ਸੀ ਤਾਂ ਕਾਲੇ ਰੰਗ ਦੀ ਸਕਾਰਪੀਓ ਗੱਡੀ (ਪੀਬੀ-11ਡੀਪੀ-7474) ਸਵਾਰ ਵਿਅਕਤੀਆਂ ਨੇ ਉਸ ਦੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ , ਇਸ ਮਗਰੋਂ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਗੱਡੀ ਵਿੱਚ ਸੁੱਟ ਕੇ ਫ਼ਰਾਰ ਹੋ ਗਏ , ਬਾਅਦ ਵਿੱਚ ਮੁਲਜ਼ਮਾਂ ਨੇ ਉਸ ਦੀ ਲਾਸ਼ ਨੂੰ ਪਿੰਡ ਕਾਲਾਝਾੜ ਟੋਲ ਪਲਾਜ਼ਾ ਨੇੜੇ ਗੰਦੇ ਨਾਲੇ ਵਿੱਚ ਸੁੱਟ ਦਿੱਤਾ , ਇਸ ਸਬੰਧੀ ਥਾਣਾ ਪਸਿਆਣਾ ਵਿਖੇ ਬੀ.ਐੱਨ.ਐੱਸ. ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ
ਪੁਲਿਸ ਟੀਮ ਵੱਲੋਂ ਕਾਰਵਾਈ ਤੇ ਗ੍ਰਿਫ਼ਤਾਰੀਆਂ : ਐੱਸ.ਐੱਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ.ਪੀ. (ਇਨਵੈਸਟੀਗੇਸ਼ਨ) ਰਾਜੇਸ਼ ਕੁਮਾਰ ਛਿਬਰ , ਡੀ.ਐੱਸ.ਪੀ. (ਡੀ) ਗੁਰਪ੍ਰੀਤ ਸਿੰਘ , ਡੀ.ਐੱਸ.ਪੀ. (ਸਮਾਣਾ) ਫਤਿਹ ਸਿੰਘ , ਸੀ.ਆਈ.ਏ. ਇੰਚਾਰਜ ਸਿਮਰਜੀਤ ਸਿੰਘ ਸ਼ੇਰਗਿੱਲ , ਸੀ.ਆਈ.ਏ. ਸਮਾਣਾ ਇੰਚਾਰਜ ਅੰਕੁਰਦੀਪ ਸਿੰਘ ਅਤੇ ਥਾਣਾ ਪਸਿਆਣਾ ਦੇ ਮੁੱਖ ਅਫ਼ਸਰ ਪਵਿੱਤਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ , ਇਸ ਟੀਮ ਨੇ ਕਾਰਵਾਈ ਕਰਦਿਆਂ 25 ਅਕਤੂਬਰ ਨੂੰ ਥਾਣਾ ਪਸਿਆਣਾ ਦੇ ਇਲਾਕੇ ਵਿੱਚੋਂ ਤਿੰਨਾਂ ਮੁਲਜ਼ਮਾਂ—ਗੁਰਸੇਵਕ ਸਿੰਘ ਉਰਫ਼ ਸੇਬੀ, ਜਗਜੀਤ ਸਿੰਘ ਉਰਫ਼ ਜੱਗਾ (ਦੋਵੇਂ ਵਾਸੀ ਪਿੰਡ ਚਰਾਸੋ) ਅਤੇ ਸਹਿਜਵੀਰ ਸਿੰਘ ਉਰਫ਼ ਸਹਿਜ ਵੜੈਚ (ਵਾਸੀ ਪਿੰਡ ਨਨਾਨਸੂ) ਨੂੰ ਗ੍ਰਿਫ਼ਤਾਰ ਕਰ ਲਿਆ
ਕਤਲ ਦੀ ਵਜ੍ਹਾ : ਪੁਲਿਸ ਅਨੁਸਾਰ ਮ੍ਰਿਤਕ ਨਵਾਬ ਖ਼ਾਨ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ ਅਤੇ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋ ਕੇਸ ਦਰਜ ਸਨ ਅਤੇ ਉਹ ਅਪ੍ਰੈਲ 2023 ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ , ਜਿਸ ਲੜਕੀ ਨੂੰ ਉਹ ਪ੍ਰੇਸ਼ਾਨ ਕਰਦਾ ਸੀ , ਉਹ ਵਿਦੇਸ਼ ਚਲੀ ਗਈ ਸੀ ਪਰ ਪਿਛਲੇ ਛੇ ਮਹੀਨਿਆਂ ਤੋਂ ਉਹ ਉਸ ਨੂੰ ਵਿਦੇਸ਼ ਵਿੱਚ ਵੀ ਦੁਬਾਰਾ ਤੰਗ ਕਰਨ ਲੱਗ ਪਿਆ , ਲੜਕੀ ਨੇ ਇਸ ਬਾਰੇ ਆਪਣੇ ਭਰਾ ਸਹਿਜਵੀਰ ਸਿੰਘ ਨੂੰ ਦੱਸਿਆ , ਸਹਿਜਵੀਰ ਵੱਲੋਂ ਸਮਝਾਉਣ ਦੇ ਬਾਵਜੂਦ ਜਦੋਂ ਨਵਾਬ ਖ਼ਾਨ ਬਾਜ਼ ਨਾ ਆਇਆ ਤਾਂ ਸਹਿਜਵੀਰ ਨੇ ਆਪਣੇ ਸਾਥੀਆਂ ਗੁਰਸੇਵਕ ਸਿੰਘ ਅਤੇ ਜਗਜੀਤ ਸਿੰਘ ਨਾਲ ਮਿਲ ਕੇ ਰੈਕੀ ਕੀਤੀ ਅਤੇ 23 ਅਕਤੂਬਰ ਨੂੰ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ , ਉਨ੍ਹਾਂ ਕਿਹਾ ਕਿ ਤਫ਼ਤੀਸ਼ ਦੌਰਾਨ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
- Download Babushahi App
-
-