ਹੱਥ 'ਚ ਫੀਤਾ ਲੈ ਕੇ ਸੜਕਾਂ ਦੀ ਮਾਪ-ਤੋਲ ਕਰਨ ਵਾਲੀ IAS ਪ੍ਰਤਿਭਾ ਰਾਣੀ ਕੌਣ ਹੈ ? ਜਾਣੋ
ਬਿਹਾਰ ਦੇ ਸ਼ਿਵਹਰ ਜ਼ਿਲ੍ਹੇ 'ਚ ਜ਼ਮੀਨੀ ਸੁਧਾਰਾਂ ਲਈ ਚਰਚਾ 'ਚ
ਬਾਬੂਸ਼ਾਹੀ ਬਿਊਰੋ
ਸ਼ਿਵਹਰ/ਪਟਨਾ, 26 ਅਕਤੂਬਰ, 2026: ਬਿਹਾਰ ਦੇ ਸ਼ਿਵਹਰ ਜ਼ਿਲ੍ਹੇ ਦੀ ਜ਼ਿਲ੍ਹਾ ਮੈਜਿਸਟ੍ਰੇਟ (DM) 2018 ਬੈਚ ਦੀ ਮਹਿਲਾ ਆਈਏਐਸ (IAS) ਅਧਿਕਾਰੀ ਪ੍ਰਤਿਭਾ ਰਾਣੀ ਆਪਣੇ ਵਿਲੱਖਣ ਅਤੇ ਸਖ਼ਤ ਕਾਰਜਸ਼ੈਲੀ ਕਾਰਨ ਲਗਾਤਾਰ ਸੁਰਖੀਆਂ ਵਿੱਚ ਹੈ। ਵਿਕਾਸ ਪ੍ਰੋਜੈਕਟਾਂ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਆਪ ਹੱਥ ਵਿੱਚ ਟੇਪ/ਫੀਤਾ ਲੈ ਕੇ ਸੜਕਾਂ ਦੀ ਲੰਬਾਈ-ਚੌੜਾਈ ਮਾਪਣ ਤੋਂ ਲੈ ਕੇ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਸੁਧਾਰਨ ਅਤੇ ਹਸਪਤਾਲਾਂ 'ਚ ਡਾਕਟਰਾਂ ਦੀ ਮੌਜੂਦਗੀ ਯਕੀਨੀ ਬਣਾਉਣ ਤੱਕ, ਉਨ੍ਹਾਂ ਦੇ ਕੰਮ ਨੇ ਸ਼ਿਵਹਰ ਨੂੰ ਬਿਹਾਰ ਵਿੱਚ ਇੱਕ ਵੱਖਰੀ ਪਛਾਣ ਦਿਵਾਈ ਹੈ।
ਝਾਰਖੰਡ ਦੇ ਰਾਂਚੀ ਦੀ ਰਹਿਣ ਵਾਲੀ ਪ੍ਰਤਿਭਾ ਰਾਣੀ ਦੇ ਪਿਤਾ ਬਾਲਮੁਕੁੰਦ ਲਾਲ ਇੱਕ ਵਕੀਲ ਹਨ ਅਤੇ ਮਾਤਾ ਰੀਤਾ ਸ਼੍ਰੀਵਾਸਤਵ ਕੇਂਦਰ ਸਰਕਾਰ ਦੇ ਅਧਿਕਾਰੀ ਹਨ। ਰਾਂਚੀ ਦੇ ਡੀ.ਏ.ਵੀ. ਸਕੂਲ ਤੋਂ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਬਿਰਲਾ ਇੰਸਟੀਚਿਊਟ ਆਫ਼ ਟੈਕਨਾਲੋਜੀ (BIT Mésra) ਤੋਂ ਕੰਪਿਊਟਰ ਸਾਇੰਸ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਯੂ.ਪੀ.ਐਸ.ਸੀ. (UPSC) ਪ੍ਰੀਖਿਆ ਪਾਸ ਕੀਤੀ ਅਤੇ ਆਈਏਐਸ ਅਧਿਕਾਰੀ ਬਣੇ।
ਦਿਸੰਬਰ 2025 'ਚ ਸ਼ਿਵਹਰ ਦੀ ਡੀ.ਐਮ. ਵਜੋਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਬੇਲਵਾ 'ਚ 15 ਫੁੱਟ ਉੱਚੇ ਬੰਨ੍ਹ ਦੇ ਨਿਰਮਾਣ ਅਤੇ ਬਿਹਾਰ ਦੀਆਂ ਦੋ ਨਦੀਆਂ ਨੂੰ ਜੋੜਨ ਦੀ ਅਹਿਮ ਯੋਜਨਾ ਨੂੰ ਨੇਪਰੇ ਚਾੜ੍ਹ ਕੇ ਹੜ੍ਹ ਅਤੇ ਸੋਕੇ ਤੋਂ ਖੇਤਰ ਨੂੰ ਰਾਹਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ ਉਹ ਭਾਗਲਪੁਰ ਅਤੇ ਬੇਤੀਆ ਵਿੱਚ ਡੀ.ਡੀ.ਸੀ. (DDC) ਅਤੇ ਜਮੂਈ ਵਿੱਚ ਐਸ.ਡੀ.ਐਮ. (SDM) ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੇ ਪਤੀ ਸਵਰਨ ਪ੍ਰਭਾਤ 2018 ਬੈਚ ਦੇ ਆਈ.ਪੀ.ਐਸ. ਅਧਿਕਾਰੀ ਹਨ ਅਤੇ ਮੋਤੀਹਾਰੀ ਵਿਖੇ ਐਸ.ਪੀ. (SP) ਵਜੋਂ ਤਾਇਨਾਤ ਹਨ।
ਧੀਆਂ ਲਈ ਸੰਦੇਸ਼ ਦਿੰਦਿਆਂ ਪ੍ਰਤਿਭਾ ਰਾਣੀ ਦਾ ਕਹਿਣਾ ਹੈ ਕਿ ਕੁੜੀਆਂ ਕਿਸੇ ਵੀ ਖੇਤਰ ਵਿੱਚ ਕਮਜ਼ੋਰ ਨਹੀਂ ਹਨ, ਉਨ੍ਹਾਂ ਨੂੰ ਸਿਰਫ਼ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਦੀ ਲੋੜ ਹੈ।
- Download Babushahi App
-
-