‘ਮੇਰੇ ਕੋਲ ਤਾਂ Canada ਦੀ PR ਸੀ, ਭੱਜਣ ਵਾਲਾ ਮੈਂ ਨਹੀਂ’: CBI ਦੀ ਪੁੱਛਗਿੱਛ ਤੋਂ ਬਾਅਦ ਬੋਲੇ ਰਾਜਬੀਰ ਘੁੰਮਣ (ਵੇਖੋ ਵੀਡੀਓ)
ਸੀਬੀਆਈ ਮੂਹਰੇ ਪੇਸ਼ੀ ਤੋਂ ਬਾਅਦ ਓਐਸਡੀ ਰਾਜਬੀਰ ਸਿੰਘ ਘੁੰਮਣ ਦਾ ਵੱਡਾ ਬਿਆਨ; ਕਿਹਾ – ‘ਕੇਂਦਰੀ ਏਜੰਸੀਆਂ ਦਾ ਹੋ ਰਿਹੈ ਦੁਰਉਪਯੋਗ, ਮਾਮਲੇ ਵਿੱਚ ਕੁਝ ਵੀ ਨਹੀਂ’- ਸੀਬੀਆਈ ਨੇ 27 ਅਕਤੂਬਰ ਨੂੰ ਫਿਰ ਤਲਬ ਕੀਤਾ
Ravi Jakhu
ਚੰਡੀਗੜ੍ਹ, 26 ਅਕਤੂਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ (OSD) ਰਾਜਬੀਰ ਸਿੰਘ ਘੁੰਮਣ ਅੱਜ ਇੱਕ ਵਾਰ ਫਿਰ ਕੇਂਦਰੀ ਜਾਂਚ ਏਜੰਸੀ ਸੀਬੀਆਈ (CBI) ਸਾਹਮਣੇ ਪੇਸ਼ ਹੋਏ। ਪੁੱਛਗਿੱਛ ਖ਼ਤਮ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਬੀਰ ਸਿੰਘ ਘੁੰਮਣ ਨੇ ਕੇਂਦਰ ਸਰਕਾਰ ਅਤੇ ਏਜੰਸੀਆਂ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਦੱਸਿਆ ਕਿ ਸੀਬੀਆਈ ਵੱਲੋਂ ਉਨ੍ਹਾਂ ਤੋਂ ਉਹੀ ਪੁਰਾਣੇ ਦੁਹਰਾਏ ਗਏ ਸਵਾਲ ਹੀ ਪੁੱਛੇ ਗਏ ਹਨ ਅਤੇ ਇਸ ਮਾਮਲੇ ਵਿੱਚ ਕੋਈ ਵੀ ਨਵੀਂ ਗੱਲ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਜਾਂਚ ਏਜੰਸੀ ਵੱਲੋਂ ਉਨ੍ਹਾਂ ਨੂੰ ਕੱਲ੍ਹ, 27 ਅਕਤੂਬਰ ਨੂੰ ਮੁੜ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਰਾਜਬੀਰ ਸਿੰਘ ਘੁੰਮਣ ਨੇ ਕਿਹਾ ਕਿ ਦੇਸ਼ ਵਿੱਚ ਸੀਬੀਆਈ (CBI) ਅਤੇ ਈਡੀ (ED) ਵਰਗੀਆਂ ਕੇਂਦਰੀ ਜਾਂਚ ਏਜੰਸੀਆਂ ਦਾ ਨਿਰਮਾਣ ਦੇਸ਼ ਹਿਤ ਵਿੱਚ ਚੰਗੇ ਕੰਮਾਂ ਲਈ ਕੀਤਾ ਗਿਆ ਸੀ, ਪਰ ਅੱਜ-ਕੱਲ੍ਹ ਇਹਨਾਂ ਏਜੰਸੀਆਂ ਦਾ ਬਹੁਤ ਜ਼ਿਆਦਾ ਦੁਰਉਪਯੋਗ (ਮਿਸਯੂਜ਼) ਕੀਤਾ ਜਾ ਰਿਹਾ ਹੈ। ਰਾਜਨੀਤਿਕ ਦਬਾਅ ਹੇਠ ਕੰਮ ਕਰ ਰਹੀਆਂ ਇਹ ਏਜੰਸੀਆਂ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਕਮਜ਼ੋਰ ਕੜੀ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਦਕਿ ਇਸ ਪੂਰੇ ਕੇਸ ਦੇ ਵਿੱਚ ਕੋਈ ਠੋਸ ਤੱਥ ਨਹੀਂ ਹੈ।
ਉਨ੍ਹਾਂ ਆਪਣੇ 'ਤੇ ਲੱਗੇ ਦੋਸ਼ਾਂ ਅਤੇ ਅਫ਼ਵਾਹਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪਿਛਲੇ ਦਿਨੀਂ ਕੁਝ ਲੋਕਾਂ ਅਤੇ ਨਵੇਂ ਬਣੇ ਪੱਤਰਕਾਰ (Bikram Singh Majithia) ਵੱਲੋਂ ਇਹ ਝੂਠਾ ਪ੍ਰਚਾਰ ਕੀਤਾ ਗਿਆ ਸੀ ਕਿ ਉਹ ਜਾਂਚ ਤੋਂ ਭੱਜ ਰਹੇ ਹਨ। ਘੁੰਮਣ ਨੇ ਸਪੱਸ਼ਟ ਕੀਤਾ, "ਭੱਜਣ ਵਾਲੇ ਹੋਰ ਹੁੰਦੇ ਹਨ। ਮੇਰੇ ਕੋਲ ਤਾਂ ਕੈਨੇਡਾ ਦੀ ਪੀਆਰ (PR) ਹੈ। ਜੇਕਰ ਮੈਂ ਭੱਜਣਾ ਹੁੰਦਾ ਤਾਂ ਮੇਰੇ ਕੋਲ ਬਾਹਰ ਜਾਣ ਦਾ ਪੂਰਾ ਸਮਾਂ ਅਤੇ ਮੌਕਾ ਸੀ, ਪਰ ਮੈਂ ਜਾਂਚ ਦਾ ਸਾਹਮਣਾ ਕਰਨਾ ਮੁਨਾਸਿਬ ਸਮਝਿਆ।"
ਘੁੰਮਣ ਨੇ ਮਜੀਠੀਆ ਬਾਰੇ ਕਿਹਾ ਕਿ, ਜਦੋਂ ਉਨ੍ਹਾਂ 'ਤੇ ਕੋਈ ਮੁਸੀਬਤ ਆਉਂਦੀ ਸੀ ਤਾਂ ਉਹ ਫੋਨ ਬੰਦ ਕਰਕੇ 15-20 ਦਿਨ ਗਾਇਬ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਅਸੀਂ ਜਾਂਚ ਤੋਂ ਭੱਜਣ ਵਾਲੇ ਨਹੀਂ ਹਾਂ, ਅਸੀਂ ਪੁਲਿਸ ਅਤੇ ਏਜੰਸੀਆਂ ਦੀ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੇ ਹਾਂ। ਘੁੰਮਣ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਪੱਛਮੀ ਬੰਗਾਲ ਵਿੱਚ ਵਿਰੋਧੀ ਧਿਰਾਂ ਅਤੇ ਸਰਕਾਰ 'ਤੇ ਏਜੰਸੀਆਂ ਰਾਹੀਂ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਹੁਣ ਉਹੀ ਸਮਾਨ ਨੀਤੀ ਪੰਜਾਬ ਵਿੱਚ ਅਪਣਾਈ ਜਾ ਰਹੀ ਹੈ। ਏਜੰਸੀ ਦੇ ਅਧਿਕਾਰੀ ਤਾਂ ਮਜਬੂਰ ਹਨ ਕਿਉਂਕਿ ਉਨ੍ਹਾਂ ਨੂੰ ਹੁਕਮ ਕਿਸੇ ਹੋਰ ਉੱਚ ਪੱਧਰ ਤੋਂ ਆ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਏ ਹਵਾਈ ਅੱਡੇ ਵਾਲੇ ਵਾਕਏ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇੱਕ ਚੁਣੀ ਹੋਈ ਸੂਬਾ ਸਰਕਾਰ ਦੇ ਮੁੱਖ ਮੰਤਰੀ, ਜਿਨ੍ਹਾਂ ਦਾ ਇੱਕ ਆਪਣਾ ਪ੍ਰੋਟੋਕੋਲ ਹੁੰਦਾ ਹੈ, ਉਨ੍ਹਾਂ ਨੂੰ 3-3 ਘੰਟੇ ਏਅਰਪੋਰਟ 'ਤੇ ਰੋਕ ਕੇ ਰੱਖਣਾ ਅਤੇ ਚਲਾਨ ਕਰਨਾ ਬਹੁਤ ਹੀ ਸ਼ਰਮਨਾਕ ਹੈ। ਇਹ ਕਾਰਵਾਈ ਸਾਫ਼ ਦਰਸਾਉਂਦੀ ਹੈ ਕਿ ਕੇਂਦਰ ਸਰਕਾਰ ਪੰਜਾਬੀਆਂ ਨੂੰ ਪਸੰਦ ਨਹੀਂ ਕਰਦੀ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ। ਘੁੰਮਣ ਨੇ ਅੰਤ ਵਿੱਚ ਦੁਹਰਾਇਆ ਕਿ ਉਹ ਜਾਂਚ ਤੋਂ ਨਹੀਂ ਡਰਦੇ। ਜਦੋਂ ਵੀ ਏਜੰਸੀ ਉਨ੍ਹਾਂ ਨੂੰ ਬੁਲਾਵੇਗੀ, ਉਹ ਜਾਂਚ ਵਿੱਚ ਸ਼ਾਮਲ ਹੁੰਦੇ ਰਹਿਣਗੇ ਅਤੇ ਸੱਚਾਈ ਸਭ ਦੇ ਸਾਹਮਣੇ ਜ਼ਰੂਰ ਆਵੇਗੀ।
- Download Babushahi App
-
-