Canada: ਡੇਵ ਹੇਅਰ ‘ਆਊਟ ਸਟੈਂਡਿੰਗ ਕੈਨੇਡੀਅਨ ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ
ਜਨਤਕ ਸੇਵਾ ਅਤੇ ਭਾਈਚਾਰਕ ਯੋਗਦਾਨ ਲਈ ਟੋਰਾਂਟੋ ਵਿੱਚ ਮਿਲਿਆ ਸਨਮਾਨ
ਹਰਦਮ ਮਾਨ
ਸਰੀ, 24 ਅਕਤੂਬਰ 2026-ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਵਿਧਾਇਕ, ਕਾਰੋਬਾਰੀ ਅਤੇ ਭਾਈਚਾਰਕ ਆਗੂ ਡੇਵ ਹੇਅਰ ਨੂੰ ਦਹਾਕਿਆਂ ਤੋਂ ਜਨਤਕ ਸੇਵਾ, ਬਹੁ-ਸੱਭਿਆਚਾਰਕ ਸਾਂਝ, ਸਿੱਖਿਆ, ਜਨਤਕ ਸੁਰੱਖਿਆ ਅਤੇ ਭਾਈਚਾਰਕ ਵਿਕਾਸ ਵਿੱਚ ਪਾਏ ਯੋਗਦਾਨ ਲਈ ‘ਆਊਟਸਟੈਂਡਿੰਗ ਕੈਨੇਡੀਅਨ ਲਾਈਫਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ 24 ਅਕਤੂਬਰ ਨੂੰ ਟੋਰਾਂਟੋ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਦਿੱਤਾ ਗਿਆ।
ਵਰਨਣਯੋਗ ਹੈ ਕਿ ਡੇਵ ਹੇਅਰ ਨੇ 2001 ਤੋਂ 2013 ਤੱਕ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿੱਚ 12 ਸਾਲ ਸੇਵਾ ਨਿਭਾਈ ਅਤੇ ਸਰੀ ਦੇ ਭਾਈਚਾਰਿਆਂ ਦੀ ਨੁਮਾਇੰਦਗੀ ਕੀਤੀ। ਇਸ ਦੌਰਾਨ ਉਹ ਬਹੁ-ਸੱਭਿਆਚਾਰਕ ਮਾਮਲਿਆਂ ਅਤੇ ਇਮੀਗ੍ਰੇਸ਼ਨ ਸਬੰਧੀ ਸੰਸਦੀ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ। ਰਾਜਨੀਤੀ ਤੋਂ ਇਲਾਵਾ ਉਹ ਇੰਡੋ-ਕੈਨੇਡੀਅਨ ਟਾਈਮਜ਼, ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 5050, ਸਰੀ ਕ੍ਰਾਈਮ ਪ੍ਰੀਵੈਨਸ਼ਨ ਸੁਸਾਇਟੀ, ਸਰੀ ਐਂਡ ਵ੍ਹਾਈਟ ਰੌਕ ਬੋਰਡ ਆਫ਼ ਟਰੇਡ ਅਤੇ ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ ਸਮੇਤ ਕਈ ਸੰਸਥਾਵਾਂ ਨਾਲ ਜੁੜੇ ਰਹੇ। ਉਨ੍ਹਾਂ ਨੇ ਸਰੀ ਪੁਲਿਸ ਅਫ਼ਸਰ ਆਫ਼ ਦਾ ਈਅਰ ਐਵਾਰਡ ਸ਼ੁਰੂ ਕਰਨ ਵਿੱਚ ਵੀ ਯੋਗਦਾਨ ਪਾਇਆ, ਜਿਸ ਰਾਹੀਂ ਜਨਤਕ ਸੁਰੱਖਿਆ ਲਈ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ।
ਡੇਵ ਹੇਅਰ ਦੇ ਜੀਵਨ ਉੱਤੇ ਉਨ੍ਹਾਂ ਦੇ ਪਿਤਾ ਤਾਰਾ ਸਿੰਘ ਹੇਅਰ ਦੀ ਹੱਤਿਆ ਦਾ ਡੂੰਘਾ ਪ੍ਰਭਾਵ ਰਿਹਾ ਹੈ। ਤਾਰਾ ਸਿੰਘ ਹੇਅਰ ‘ਇੰਡੋ-ਕੈਨੇਡੀਅਨ ਟਾਈਮਜ਼’ ਦੇ ਸੰਸਥਾਪਕ ਅਤੇ ਪ੍ਰਕਾਸ਼ਕ ਸਨ ਅਤੇ ਕੱਟੜਪੰਥੀ ਹਿੰਸਾ ਵਿਰੁੱਧ ਆਵਾਜ਼ ਉਠਾਉਂਦੇ ਸਨ। 1985 ਦੇ ਏਅਰ ਇੰਡੀਆ ਬੰਬ ਧਮਾਕੇ ਤੋਂ ਬਾਅਦ ਉਨ੍ਹਾਂ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਸੀ। 1988 ਵਿੱਚ ਉਨ੍ਹਾਂ ਉੱਤੇ ਜਾਨਲੇਵਾ ਹਮਲਾ ਹੋਇਆ, ਜਿਸ ਕਾਰਨ ਉਹ ਅਧਰੰਗ ਦਾ ਸ਼ਿਕਾਰ ਹੋ ਗਏ। 1998 ਵਿੱਚ ਸਰੀ ਸਥਿਤ ਆਪਣੇ ਘਰ ਦੇ ਬਾਹਰ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ।
ਐਵਾਰਡ ਪ੍ਰਾਪਤ ਕਰਨ ਮੌਕੇ ਡੇਵ ਹੇਅਰ ਨੇ ਕਿਹਾ ਕਿ ਜੀਵਨ ਦੇ ਦੁਖਦਾਈ ਤਜਰਬਿਆਂ ਨੇ ਉਨ੍ਹਾਂ ਨੂੰ ਲੋਕਤੰਤਰ ਦੀ ਰੱਖਿਆ, ਭਾਈਚਾਰਿਆਂ ਦੇ ਹੱਕਾਂ ਲਈ ਖੜ੍ਹਨ ਅਤੇ ਕੈਨੇਡਾ ਵਿੱਚ ਮਿਲੀਆਂ ਆਜ਼ਾਦੀਆਂ ਦੀ ਕਦਰ ਕਰਨ ਦੀ ਮਹੱਤਤਾ ਹੋਰ ਵੀ ਸਮਝਾਈ ਹੈ। ਉਨ੍ਹਾਂ ਇਹ ਸਨਮਾਨ ਆਪਣੇ ਪਰਿਵਾਰ ਅਤੇ ਜੀਵਨ ਭਰ ਨਾਲ ਕੰਮ ਕਰਨ ਵਾਲੇ ਸਾਥੀਆਂ ਨੂੰ ਸਮਰਪਿਤ ਕੀਤਾ।
ਸਾਲ 2000 ਵਿੱਚ ਸਥਾਪਿਤ ਆਊਟਸਟੈਂਡਿੰਗ ਕੈਨੇਡੀਅਨ ਐਵਾਰਡਜ਼ ਇੱਕ ਸਵੈ-ਸੇਵੀ ਸੰਸਥਾ ਹੈ, ਜੋ ਸਮਾਜ ਸੇਵਾ, ਪੇਸ਼ੇਵਰ ਪ੍ਰਾਪਤੀਆਂ ਅਤੇ ਕੈਨੇਡਾ ਦੀ ਵਿਭਿੰਨਤਾ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੀ ਹੈ। ਸੰਸਥਾ ਦੇ ਸਹਿ-ਸੰਸਥਾਪਕ ਚੇਅਰਮੈਨ ਰੇ ਐਲਿਕਸ ਨੇ ਕਿਹਾ ਕਿ ਡੇਵ ਹੇਅਰ ਦੀ ਜੀਵਨ ਭਰ ਦੀ ਸੇਵਾ ਅਤੇ ਭਾਈਚਾਰੇ ਪ੍ਰਤੀ ਸਮਰਪਣ ਇਸ ਸਨਮਾਨ ਦੇ ਉਦੇਸ਼ ਦੀ ਸਹੀ ਮਿਸਾਲ ਹੈ। ਸੰਸਥਾ ਹੁਣ ਤੱਕ ਲਗਭਗ 300 ਕੈਨੇਡੀਅਨਾਂ ਨੂੰ ਸਨਮਾਨਿਤ ਕਰ ਚੁੱਕੀ ਹੈ।
- Download Babushahi App
-
-