MP ਔਜਲਾ ਵੱਲੋਂ ਅੰਮ੍ਰਿਤਸਰ ਤੋਂ ਮਹਾਰਾਸ਼ਟਰ ਦੇ ਧੂਲੇ ਲਈ ਸਿੱਧੀ ਰੇਲ ਗੱਡੀ ਚਲਾਉਣ ਦੀ ਕੀਤੀ ਮੰਗ
ਮਹੱਤਵਪੂਰਨ ਭੂਗੋਲਿਕ ਸਥਿਤੀ ਉੱਤੇ ਹੋਣ ਦੇ ਬਾਵਜੂਦ ਧੁੂਲੇ ਅੰਤਰਰਾਜੀ ਰੇਲ ਸੇਵਾ ਤੋਂ ਹੁਣ ਤੱਕ ਹੈ ਵਾਂਝਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 27 ਅਕਤੂਬਰ 2026- ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਅੰਮ੍ਰਿਤਸਰ ਅਤੇ ਧੂਲੇ ਵਿਚਕਾਰ ਸਿੱਧੀ ਰੇਲ ਗੱਡੀ ਚਲਾਉਣ ਦੀ ਸਿਫ਼ਾਰਸ਼ ਕੀਤੀ ਹੈ। ਉਨ੍ਹਾਂ ਨੇ ਧੂਲੇ ਨੂੰ ਓਰੀਜਿਨੇਟਿੰਗ-ਟਰਮੀਨੇਟਿੰਗ ਜੰਕਸ਼ਨ ਵਜੋਂ ਵਿਕਸਤ ਕਰਨ ਦੀ ਮੰਗ ਕਰਦਿਆਂ ਇਸ ਪ੍ਰੋਜੈਕਟ ਲਈ ਜਲਦੀ ਤਕਨੀਕੀ ਅਤੇ ਆਰਥਿਕ ਵਿਵਹਾਰਕਤਾ ਸਰਵੇਖਣ ਕਰਵਾਉਣ ਦੀ ਅਪੀਲ ਕੀਤੀ ਹੈ।
ਸੰਸਦ ਮੈਂਬਰ ਔਜਲਾ ਨੇ 18 ਅਕਤੂਬਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਅੰਮ੍ਰਿਤਸਰ ਧਾਰਮਿਕ, ਇਤਿਹਾਸਕ ਅਤੇ ਵਪਾਰਕ ਪੱਖੋਂ ਮਹੱਤਵਪੂਰਨ ਸ਼ਹਿਰ ਹੈ। ਇੱਥੇ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਹਨ। ਉੱਧਰ, ਮਹਾਰਾਸ਼ਟਰ ਦਾ ਧੂਲੇ ਸ਼ਹਿਰ ਵੀ ਭੂਗੋਲਿਕ ਪੱਖੋਂ ਮਹੱਤਵਪੂਰਨ ਸਥਾਨ ’ਤੇ ਸਥਿਤ ਹੈ। ਇਸ ਦੇ ਬਾਵਜੂਦ ਧੂਲੇ ਲੰਬੇ ਸਮੇਂ ਤੋਂ ਸਿੱਧੀ ਲੰਬੀ ਦੂਰੀ ਦੀ ਅੰਤਰਰਾਜੀ ਰੇਲ ਸੰਪਰਕ ਸਹੂਲਤ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ।
ਸੜਕ ਰਾਹੀਂ ਸਫ਼ਰ ਕਰਨਾ ਮਹਿੰਗਾ ਅਤੇ ਮੁਸ਼ਕਲ
ਔਜਲਾ ਨੇ ਪੱਤਰ ਵਿੱਚ ਕਿਹਾ ਕਿ ਅੰਮ੍ਰਿਤਸਰ ਅਤੇ ਧੂਲੇ ਵਿਚਕਾਰ ਸਿੱਧੀ ਰੇਲ ਸੇਵਾ ਨਾ ਹੋਣ ਕਾਰਨ ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ, ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ, ਬਜ਼ੁਰਗਾਂ ਅਤੇ ਇਲਾਜ ਲਈ ਜਾਣ ਵਾਲੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਯਾਤਰੀਆਂ ਨੂੰ ਨੇੜਲੇ ਰੇਲਵੇ ਸਟੇਸ਼ਨਾਂ ਤੱਕ ਪਹੁੰਚਣ ਲਈ ਸੜਕ ਰਾਹੀਂ ਸਫ਼ਰ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਖਰਚ ਹੁੰਦੇ ਹਨ।
ਸ਼ਰਧਾਲੂਆਂ, ਵਪਾਰੀਆਂ ਅਤੇ ਵਿਦਿਆਰਥੀਆਂ ਨੂੰ ਹੋਵੇਗਾ ਲਾਭ
ਸੰਸਦ ਮੈਂਬਰ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਧੂਲੇ ਵਿਚਕਾਰ ਸਿੱਧੀ ਰੇਲ ਗੱਡੀ ਸ਼ੁਰੂ ਹੋਣ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਦੇ ਨਾਲ-ਨਾਲ ਮਹਾਰਾਸ਼ਟਰ ਦੇ ਧਾਰਮਿਕ ਅਤੇ ਸੱਭਿਆਚਾਰਕ ਸਥਾਨਾਂ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਵੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਵਿੱਦਿਅਕ ਅਤੇ ਉਦਯੋਗਿਕ ਖੇਤਰਾਂ ਤੱਕ ਪਹੁੰਚਣਾ ਆਸਾਨ ਹੋਵੇਗਾ। ਕਿਸਾਨਾਂ, ਵਪਾਰੀਆਂ ਅਤੇ ਪੇਂਡੂ ਖੇਤਰਾਂ ਦੇ ਯਾਤਰੀਆਂ ਨੂੰ ਵੀ ਪੰਜਾਬ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿਚਕਾਰ ਆਵਾਜਾਈ ਅਤੇ ਵਪਾਰ ਵਿੱਚ ਲਾਭ ਮਿਲ ਸਕਦਾ ਹੈ।
ਰੇਲਵੇ ਬੋਰਡ ਤੋਂ ਜਲਦੀ ਸਰਵੇਖਣ ਕਰਵਾਉਣ ਦੀ ਮੰਗ
ਗੁਰਜੀਤ ਸਿੰਘ ਔਜਲਾ ਨੇ ਰੇਲ ਮੰਤਰੀ ਨੂੰ ਅਪੀਲ ਕੀਤੀ ਕਿ ਰੇਲਵੇ ਬੋਰਡ ਇਸ ਪ੍ਰਸਤਾਵ ’ਤੇ ਪਹਿਲ ਦੇ ਆਧਾਰ ’ਤੇ ਕਾਰਵਾਈ ਕਰੇ। ਇਸ ਤਹਿਤ ਤਕਨੀਕੀ ਅਤੇ ਆਰਥਿਕ ਵਿਵਹਾਰਕਤਾ ਸਰਵੇਖਣ, ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਅਤੇ ਯਾਤਰੀ ਆਵਾਜਾਈ ਦਾ ਮੁਲਾਂਕਣ ਕਰਵਾਇਆ ਜਾਵੇ। ਉਨ੍ਹਾਂ ਨੇ ਧੂਲੇ ਨੂੰ ਓਰੀਜਿਨੇਟਿੰਗ-ਟਰਮੀਨੇਟਿੰਗ ਸਟੇਸ਼ਨ ਵਜੋਂ ਵਿਕਸਤ ਕਰਨ ਲਈ ਲੋੜੀਂਦੇ ਬੁਨਿਆਦੀ ਢਾਂਚੇ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰਨ ਅਤੇ ਇੰਜੀਨੀਅਰਿੰਗ ਨਾਲ ਸਬੰਧਤ ਮੁੱਢਲੇ ਕੰਮ ਜਲਦੀ ਸ਼ੁਰੂ ਕਰਵਾਉਣ ਦੀ ਵੀ ਮੰਗ ਕੀਤੀ।
- Download Babushahi App
-
-