Trident Group ਵੱਲੋਂ ਪਹਿਲੀ ਦੋ ਰੋਜ਼ਾ ਕਰਾਫਟ ਐਂਡ ਡਿਜ਼ਾਈਨ ਵਰਕਸ਼ਾਪ
ਰਵਾਇਤੀ ਭਾਰਤੀ ਕਲਾਵਾਂ ਨਾਲ ਰੂਬਰੂ ਹੋਏ ਭਾਗੀਦਾਰ
·ਪੌਟਰੀ, ਬਾਟਿਕ ਤੇ ਗੋਂਡ ਕਲਾ ਸਮੇਤ ਵੱਖ-ਵੱਖ ਰਚਨਾਤਮਕ ਗਤੀਵਿਧੀਆਂ 'ਚ 100 ਤੋਂ ਵੱਧ ਲੋਕਾਂ ਨੇ ਲਿਆ ਹਿੱਸਾ
ਲੁਧਿਆਣਾ /ਚੰਡੀਗੜ੍ਹ, 27 ਅਕਤੂਬਰ:
ਟ੍ਰਾਈਡੈਂਟ ਗਰੁੱਪ ਨੇ ਭਾਰਤੀ ਕਲਾ ਅਤੇ ਸ਼ਿਲਪਕਾਰੀ ਦੀ ਅਮੀਰ ਵਿਰਾਸਤ ਨੂੰ ਨਵੀਂ ਪੀੜ੍ਹੀ ਨਾਲ ਜੋੜਨ ਦੇ ਉਦੇਸ਼ ਨਾਲ ਆਪਣੇ ਲੁਧਿਆਣਾ ਦਫ਼ਤਰ ਦੇ ਅਹਾਤੇ ਵਿੱਚ ਆਪਣੀ ਪਹਿਲੀ ਦੋ-ਦਿਨਾ ਕਰਾਫਟ ਅਤੇ ਡਿਜ਼ਾਈਨ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਵਰਕਸ਼ਾਪ ਵਿਚ ਮਾਹਿਰ ਕਲਾਕਾਰਾਂ, ਰਚਨਾਤਮਕ ਸੰਸਥਾਵਾਂ, ਕਰਮਚਾਰੀਆਂ ਅਤੇ ਬੱਚਿਆਂ ਸਮੇਤ 100 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਸ ਦੌਰਾਨ ਭਾਗੀਦਾਰਾਂ ਨੂੰ ਵੱਖ-ਵੱਖ ਰਵਾਇਤੀ ਕਲਾ ਰੂਪਾਂ ਨੂੰ ਨੇੜਿਓਂ ਜਾਣਨ ਅਤੇ ਖ਼ੁਦ ਅਜ਼ਮਾਉਣ ਦਾ ਮੌਕਾ ਮਿਲਿਆ।
ਵਰਕਸ਼ਾਪ ਦੌਰਾਨ ਪੌਟਰੀ, ਬਾਟਿਕ ਕਲਾ, ਗੋਂਡ ਕਲਾ ਅਤੇ ਡੂ-ਇਟ-ਯੋਰਸੈਲਫ਼ (ਡੀ.ਆਈ.ਵਾਈ.) ਨਾਲ ਸਬੰਧਤ ਚਾਰ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਰਾਹੀਂ ਭਾਗੀਦਾਰਾਂ ਨੇ ਵੱਖ-ਵੱਖ ਕਲਾ ਰੂਪਾਂ ਦੀਆਂ ਬਾਰੀਕੀਆਂ ਅਤੇ ਨਵੀਆਂ ਤਕਨੀਕਾਂ ਸਿੱਖਣ ਦੇ ਨਾਲ ਆਪਣੇ ਹੱਥੀਂ ਕਲਾਕ੍ਰਿਤੀਆਂ ਤਿਆਰ ਕਰਨ ਦਾ ਅਨੁਭਵ ਹਾਸਲ ਕੀਤਾ। ਇਨ੍ਹਾਂ ਸੈਸ਼ਨਾਂ ਦੀ ਅਗਵਾਈ ਤਜਰਬੇਕਾਰ ਕਲਾਕਾਰਾਂ ਅਤੇ ਰਚਨਾਤਮਕ ਸੰਸਥਾਵਾਂ ਵੱਲੋਂ ਕੀਤੀ ਗਈ।
ਬਾਟਿਕ ਕਲਾ ਦੀ ਵਰਕਸ਼ਾਪ ਹਿਮਾਂਸ਼ੂ ਆਰਟ ਇੰਸਟੀਚਿਊਟ, ਦਿੱਲੀ ਵੱਲੋਂ ਕਰਵਾਈ ਗਈ, ਜਿਸ ਵਿਚ ਭਾਗੀਦਾਰਾਂ ਨੂੰ ਇਸ ਰਵਾਇਤੀ ਕਲਾ ਦੀਆਂ ਬਾਰੀਕ ਤਕਨੀਕਾਂ ਅਤੇ ਵਿਲੱਖਣ ਨਮੂਨਿਆਂ ਬਾਰੇ ਜਾਣਕਾਰੀ ਦਿੱਤੀ ਗਈ। ਭੋਪਾਲ ਦੇ ਮਾਸਟਰ ਆਰਟਿਸਟ ਆਨੰਦ ਕੁਮਾਰ ਸ਼ਿਆਮ ਨੇ ਗੋਂਡ ਕਲਾ ਸੈਸ਼ਨ ਦੀ ਅਗਵਾਈ ਕਰਦਿਆਂ ਭਾਗੀਦਾਰਾਂ ਨੂੰ ਇਸ ਕਲਾ ਦੀ ਚਿੱਤਰਾਂ ਰਾਹੀਂ ਕਹਾਣੀ ਬਿਆਨ ਕਰਨ ਦੀ ਅਮੀਰ ਰਵਾਇਤ ਨਾਲ ਜਾਣੂ ਕਰਵਾਇਆ।
ਪੌਟਰੀ ਵਰਕਸ਼ਾਪ ਕ੍ਰੀਏਟਿਵ ਆਰਟਸ ਇੰਸਟੀਚਿਊਟ, ਲੁਧਿਆਣਾ ਵੱਲੋਂ ਕਰਵਾਈ ਗਈ, ਜਿਸ ਵਿਚ ਭਾਗੀਦਾਰਾਂ ਨੇ ਮਿੱਟੀ ਨੂੰ ਵੱਖ-ਵੱਖ ਰੂਪ ਦੇ ਕੇ ਕਲਾਕ੍ਰਿਤੀਆਂ ਬਣਾਉਣ ਦਾ ਅਨੁਭਵ ਹਾਸਲ ਕੀਤਾ। ਇਸੇ ਤਰ੍ਹਾਂ ਔਬਰਜੀਨ, ਲੁਧਿਆਣਾ ਵੱਲੋਂ ਕਰਵਾਈ ਡੀ.ਆਈ.ਵਾਈ. ਵਰਕਸ਼ਾਪ ਨੇ ਭਾਗੀਦਾਰਾਂ ਨੂੰ ਆਪਣੀ ਕਲਪਨਾ ਅਤੇ ਰਚਨਾਤਮਕਤਾ ਨੂੰ ਨਵੇਂ ਰੂਪ ਵਿਚ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਭਾਰਤ ਦੀ ਰਵਾਇਤੀ ਕਲਾ ਅਤੇ ਸ਼ਿਲਪਕਾਰੀ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਅਤੇ ਇਸਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਸੀ। ਹਰੇਕ ਵਰਕਸ਼ਾਪ ਨੇ ਭਾਗੀਦਾਰਾਂ ਨੂੰ ਭਾਰਤੀ ਸ਼ਿਲਪਕਾਰੀ ਨਾਲ ਜੁੜੀਆਂ ਰਵਾਇਤਾਂ, ਤਕਨੀਕਾਂ ਅਤੇ ਸਿਰਜਣਾਤਮਕਤਾ ਨੂੰ ਸਮਝਣ ਦਾ ਮੌਕਾ ਦਿੱਤਾ। ਕਲਾਕਾਰਾਂ ਅਤੇ ਭਾਗੀਦਾਰਾਂ ਵਿਚ ਸਿੱਧੇ ਸੰਵਾਦ ਰਾਹੀਂ ਉਨ੍ਹਾਂ ਕਲਾਕਾਰਾਂ ਅਤੇ ਕਾਰੀਗਰ ਭਾਈਚਾਰਿਆਂ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ ਗਿਆ, ਜੋ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਕਲਾ ਰੂਪਾਂ ਨੂੰ ਜਿਊਂਦਾ ਰੱਖ ਰਹੇ ਹਨ।
ਬੱਚਿਆਂ ਲਈ ਇਹ ਵਰਕਸ਼ਾਪ ਨਵੇਂ ਕਲਾ ਰੂਪਾਂ ਨੂੰ ਜਾਣਨ, ਆਪਣੀ ਕਲਪਨਾ ਨੂੰ ਨਿਖਾਰਨ ਅਤੇ ਨਵੇਂ ਰਚਨਾਤਮਕ ਹੁਨਰ ਸਿੱਖਣ ਦਾ ਮੌਕਾ ਬਣੀ। ਉੱਥੇ ਹੀ ਬਾਲਗਾਂ ਨੂੰ ਭਾਰਤ ਦੀਆਂ ਸੱਭਿਆਚਾਰਕ ਜੜ੍ਹਾਂ ਨਾਲ ਮੁੜ ਜੁੜਨ ਅਤੇ ਰਵਾਇਤੀ ਸ਼ਿਲਪਕਲਾ ਨੂੰ ਸੰਭਾਲ ਕੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਮਹੱਤਤਾ ਨੂੰ ਸਮਝਣ ਦਾ ਮੌਕਾ ਮਿਲਿਆ।
ਤੇਜ਼ੀ ਨਾਲ ਬਦਲ ਰਹੀ ਜੀਵਨ ਸ਼ੈਲੀ ਦਰਮਿਆਨ ਇਸ ਪਹਿਲ ਨੇ ਰਵਾਇਤੀ ਭਾਰਤੀ ਕਲਾ ਅਤੇ ਸ਼ਿਲਪ ਨੂੰ ਜਿਊਂਦਾ ਰੱਖਣ ਦੀ ਲੋੜ ਨੂੰ ਵੀ ਉਭਾਰਿਆ। ਨਵੀਂ ਪੀੜ੍ਹੀ ਨੂੰ ਇਨ੍ਹਾਂ ਕਲਾ ਰੂਪਾਂ ਨਾਲ ਜੋੜ ਕੇ ਅਤੇ ਬਾਲਗਾਂ ਵਿਚ ਇਨ੍ਹਾਂ ਦੀ ਸੱਭਿਆਚਾਰਕ ਮਹੱਤਤਾ ਪ੍ਰਤੀ ਜਾਗਰੂਕਤਾ ਵਧਾ ਕੇ ਇਸ ਵਰਕਸ਼ਾਪ ਨੇ ਰਵਾਇਤੀ ਸ਼ਿਲਪਕਾਰੀ ਅਤੇ ਆਧੁਨਿਕ ਜੀਵਨ ਵਿਚਕਾਰ ਇੱਕ ਰਚਨਾਤਮਕ ਪੁਲ ਬਣਾਉਣ ਦਾ ਯਤਨ ਕੀਤਾ।
- Download Babushahi App
-
-