ਗੁਰਦੁਆਰਾ ਸਾਹਿਬ 'ਤੇ ਅਣਪਛਾਤੇ ਨੇ ਚਲਾਈਆਂ ਗੋਲੀਆਂ, ਧਮਕੀ ਭਰੀ ਚਿੱਠੀ ਸੁੱਟ ਕੇ ਫਰਾਰ ਹੋਏ ਬਦਮਾਸ਼
ਦੋਸ਼ੀ ਪੈਦਲ ਆਇਆ ਅਤੇ ਫਾਇਰ ਕਰਕੇ ਮੌਕੇ ਤੋਂ ਪੈਦਲ ਹੀ ਫਰਾਰ ਹੋ ਗਿਆ
ਦੀਪਕ ਜੈਨ, ਜਗਰਾਉਂ
ਲਾਗਲੇ ਪਿੰਡ ਗਗੜਾ ਵਿਖੇ ਬੀਤੇ ਦਿਨੀ ਇੱਕ ਅਣਪਛਾਤੇ ਵਿਅਕਤੀ ਵੱਲੋਂ ਮੂੰਹ ਢੱਕ ਕੇ ਆ ਕੇ ਗੁਰਦੁਆਰਾ ਸਾਹਿਬ ਦੇ ਗੇਟ ਉੱਪਰ ਦੋ ਰਾਊਂਡ ਫਾਇਰਿੰਗ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਅਣਪਛਾਤਾ ਵਿਅਕਤੀ ਆਪਣਾ ਮੂੰਹ ਕਾਲੇ ਕੱਪੜੇ ਨਾਲ ਢੱਕ ਕੇ ਆਇਆ ਅਤੇ ਆ ਕੇ ਉਸਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਕਿਸੇ ਨੇ ਪੁਲਿਸ ਦੇ ਹੈਲਪਲਾਈਨ ਨੰਬਰ 112 ਉੱਪਰ ਫੋਨ ਕੀਤਾ ਅਤੇ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚੀ। ਉਸ ਤੋਂ ਪਹਿਲਾਂ ਹੀ ਉਕਤ ਸ਼ੂਟਰ ਮੌਕੇ ਤੋਂ ਫਰਾਰ ਹੋ ਗਿਆ।
ਇਸ ਬਾਰੇ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਮੌਕੇ ਦੀਆਂ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਲੈ ਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਅਲੱਗ ਅਲੱਗ ਟੀਮਾਂ ਬਣਾ ਕੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਦੋਸ਼ੀ ਨੂੰ ਜਲਦ ਹੀ ਕਾਬੂ ਕਰ ਲਿੱਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਮੌਕੇ ਤੇ ਪੁਲਿਸ ਨੂੰ ਪੁਆਇੰਟ 32 ਬੋਰ ਦੇ ਦੋ ਖਾਲੀ ਖੋਲ ਵੀ ਬਰਾਮਦ ਹੋਏ ਹਨ।
ਇਸ ਤੋਂ ਇਲਾਵਾ ਇੱਕ ਕਾਗਜ਼ ਉੱਪਰ ਗ੍ਰੰਥੀ ਨੂੰ ਦਿੱਤੀ ਗਈ ਧਮਕੀ ਵਾਲਾ ਪੱਤਰ ਵੀ ਬਰਾਮਦ ਹੋਇਆ ਹੈ। ਖੈਰ ਦੀ ਗੱਲ ਇਹ ਰਹੀ ਕਿ ਮੌਕੇ ਤੇ ਗੁਰਦੁਆਰਾ ਸਾਹਿਬ ਦਾ ਦਰਵਾਜਾ ਬੰਦ ਸੀ ਅਤੇ ਉੱਥੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਇਹ ਗੁਰਦੁਆਰਾ ਗੋਪਾਲ ਸਰ ਪਿੰਡ ਤੋਂ ਕੁਝ ਬਾਹਰ ਬਣਿਆ ਹੋਇਆ ਹੈ ਅਤੇ ਇੱਥੇ ਦੂਰ ਦੁਰਾਡੇ ਤੋਂ ਵੀ ਸੰਗਤਾਂ ਮੱਥਾ ਟੇਕਣ ਲਈ ਵੱਡੀ ਗਿਣਤੀ ਵਿੱਚ ਪਹੁੰਚਦੀਆਂ ਹਨ।
- Download Babushahi App
-
-