ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਸਜਾਏ ਵਿਸ਼ਾਲ ਨਗਰ ਕੀਰਤਨ ’ਤੇ ਛਾਇਆ ਖ਼ਾਲਸਾਈ ਰੰਗ
ਰੰਗ-ਬਿਰੰਗੀਆਂ ਦਸਤਾਰਾਂ, ਧਾਰਮਿਕ ਝਾਕੀਆਂ, ਗੁਰਬਾਣੀ ਕੀਰਤਨ ਅਤੇ ਗੱਤਕੇ ਦੇ ਜੌਹਰਾਂ ਨੇ ਬੰਨ੍ਹਿਆ ਅਲੌਕਿਕ ਨਜ਼ਾਰਾ
ਭਾਈ ਜਗਰੂਪ ਸਿੰਘ ਨੇ ਟਰੱਕਿੰਗ ਖੇਤਰ ਨਾਲ ਜੁੜੀਆਂ ਸਮੱਸਿਆਵਾਂ ’ਤੇ ਚਿੰਤਾ ਪ੍ਰਗਟਾਈ, 12 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਇਕੱਤਰਤਾ ਦਾ ਸੱਦਾ
ਗੁਰਿੰਦਰਜੀਤ ਨੀਟਾ ਮਾਛੀਕੇ/ਬਾਬੂਸ਼ਾਹੀ ਨੈਟਵਰਕ
ਫਰਿਜ਼ਨੋ (ਕੈਲੀਫੋਰਨੀਆ), 27 ਅਕਤੂਬਰ, 2026: ਸਥਾਨਕ ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜ਼ਨੋ, ਜੋ ਕਿ ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਧਾਰਮਿਕ ਸੇਵਾਵਾਂ ਨਿਭਾਅ ਰਿਹਾ ਹੈ, ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਾਲਾਨਾ ਨਗਰ ਕੀਰਤਨ ਬੜੀ ਸ਼ਰਧਾ, ਉਤਸ਼ਾਹ ਅਤੇ ਖ਼ਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਨਗਰ ਕੀਰਤਨ ਦੌਰਾਨ ਰੰਗ-ਬਿਰੰਗੀਆਂ ਦਸਤਾਰਾਂ ਅਤੇ ਦੁਪੱਟਿਆਂ ਨਾਲ ਸਜੀਆਂ ਸੰਗਤਾਂ ਨੂੰ ਵੇਖ ਕੇ ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਸਮੁੱਚਾ ਫਰਿਜ਼ਨੋ ਸ਼ਹਿਰ ਹੀ ਖ਼ਾਲਸਾਈ ਰੰਗ ਵਿੱਚ ਰੰਗਿਆ ਗਿਆ ਹੋਵੇ। ਗੁਰੂ ਘਰ ਅੰਦਰ ਗੁਰਬਾਣੀ ਦੇ ਇਲਾਹੀ ਪ੍ਰਵਾਹ ਚੱਲ ਰਹੇ ਸਨ, ਜਦਕਿ ਵੱਖ-ਵੱਖ ਤਰ੍ਹਾਂ ਦੇ ਗੁਰੂ ਕੇ ਲੰਗਰਾਂ ਅਤੇ ਸਟਾਲਾਂ ਨੇ ਪੰਜਾਬ ਦੇ ਕਿਸੇ ਇਤਿਹਾਸਕ ਧਾਰਮਿਕ ਅਸਥਾਨ ਵਰਗਾ ਮਾਹੌਲ ਸਿਰਜਿਆ ਹੋਇਆ ਸੀ।
ਸਿੱਖ ਇਤਿਹਾਸ ਦੀਆਂ ਗੌਰਵਮਈ ਘਟਨਾਵਾਂ ਨੂੰ ਦਰਸਾਉਂਦੀਆਂ ਸੁੰਦਰ ਝਾਕੀਆਂ ਨਾਲ ਸਜਾਏ ਗਏ ਫਲੋਟ ਨਗਰ ਕੀਰਤਨ ਦੀ ਸ਼ੋਭਾ ਨੂੰ ਚਾਰ ਚੰਨ ਲਗਾ ਰਹੇ ਸਨ। ਵੱਖ-ਵੱਖ ਢਾਡੀ ਜਥਿਆਂ, ਕੀਰਤਨੀ ਜਥਿਆਂ, ਕਥਾਵਾਚਕਾਂ ਅਤੇ ਧਾਰਮਿਕ ਬੁਲਾਰਿਆਂ ਨੇ ਫਲੋਟਾਂ ਤੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ।
ਨਗਰ ਕੀਰਤਨ ਆਪਣਾ ਪੈਂਡਾ ਤੈਅ ਕਰਦਾ ਹੋਇਆ ਫਾਊਲਰ ਸ਼ਹਿਰ ਦੇ ਪਾਰਕ ਵਿੱਚ ਪਹੁੰਚਿਆ, ਜਿੱਥੇ ਗੁਰੂ ਘਰ ਦੇ ਸੇਵਾਦਾਰ ਭਾਈ ਜਗਰੂਪ ਸਿੰਘ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਨੇ ਟਰੱਕਿੰਗ ਕਿੱਤੇ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਟਰੱਕ ਹਾਦਸਿਆਂ ਅਤੇ ਲੋਡ ਚੋਰੀ ਵਰਗੇ ਮਾਮਲਿਆਂ ਵਿੱਚ ਪੰਜਾਬੀ ਨਾਵਾਂ ਦੇ ਸਾਹਮਣੇ ਆਉਣ ’ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਅਜਿਹੇ ਮਸਲੇ ਸਮੁੱਚੇ ਪੰਜਾਬੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹਨ ਅਤੇ ਇਨ੍ਹਾਂ ਦੇ ਹੱਲ ਲਈ ਗੁਰੂ ਘਰਾਂ ਵਿੱਚ ਸਾਂਝੀਆਂ ਮੀਟਿੰਗਾਂ ਕਰਕੇ ਗੰਭੀਰ ਵਿਚਾਰ-ਵਟਾਂਦਰਾ ਕਰਨ ਦੀ ਲੋੜ ਹੈ।
ਭਾਈ ਜਗਰੂਪ ਸਿੰਘ ਨੇ ‘ਆਖ਼ਿਰ ਕਦੋਂ ਤੱਕ’ ਦੇ ਬੈਨਰ ਹੇਠ ਟਰੱਕਿੰਗ ਖੇਤਰ ਦੀਆਂ ਸਮੱਸਿਆਵਾਂ ਸਬੰਧੀ ਚੱਲ ਰਹੇ ਪ੍ਰੋਗਰਾਮਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸੇ ਸਬੰਧ ਵਿੱਚ 12 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਵਿਸ਼ੇਸ਼ ਇਕੱਤਰਤਾ ਕੀਤੀ ਜਾਵੇਗੀ, ਜਿਸ ਵਿੱਚ ਭਾਈਚਾਰੇ ਨੂੰ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਪੰਥ ਪ੍ਰਸਿੱਧ ਕਵੀਸ਼ਰ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਦੇ ਜਥੇ ਨੇ ਸਿੱਖ ਇਤਿਹਾਸ ਦੀਆਂ ਜੋਸ਼ੀਲੀਆਂ ਵਾਰਾਂ ਸੁਣਾ ਕੇ ਸੰਗਤਾਂ ਵਿੱਚ ਨਵਾਂ ਜੋਸ਼ ਭਰ ਦਿੱਤਾ। ਇਸੇ ਤਰ੍ਹਾਂ ਕੈਲੀਫੋਰਨੀਆ ਗੱਤਕਾ ਦਲ ਦੇ ਸਿੰਘਾਂ ਨੇ ਗੱਤਕੇ ਦੇ ਸ਼ਾਨਦਾਰ ਜੌਹਰ ਵਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਿੱਖ ਮਾਰਸ਼ਲ ਆਰਟ ਦੀ ਅਮੀਰ ਵਿਰਾਸਤ ਦੀ ਝਲਕ ਪੇਸ਼ ਕੀਤੀ।
ਸਮਾਗਮ ਦੌਰਾਨ ਭਾਈਚਾਰੇ ਨੂੰ ਵਕਾਲਤ ਦੇ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਦਲੇ ਉੱਘੇ ਵਕੀਲ ਜਸਪ੍ਰੀਤ ਸਿੰਘ ਦਾ ਸਟੇਜ ਤੋਂ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਅਖ਼ੀਰ ਵਿੱਚ ਗੁਰਬਾਣੀ ਦੇ ਰਸਭਿੰਨੇ ਕੀਰਤਨ, ਖ਼ਾਲਸਾਈ ਜਾਹੋ-ਜਲਾਲ, ਸੰਗਤਾਂ ਦੇ ਉਤਸ਼ਾਹ ਅਤੇ ਗੁਰੂ ਕੇ ਅਤੁੱਟ ਲੰਗਰਾਂ ਦੀਆਂ ਅਮਿੱਟ ਯਾਦਾਂ ਛੱਡਦਾ ਇਹ ਵਿਸ਼ਾਲ ਨਗਰ ਕੀਰਤਨ ਯਾਦਗਾਰੀ ਹੋ ਨਿੱਬੜਿਆ।
- Download Babushahi App
-
-