ਰੂਪਨਗਰ ਦੀ ਇਤਿਹਾਸਕ ਮੁਲਾਕਾਤ ਵਾਲੀ ਥਾਂ ਨੂੰ ਕੂਟਨੀਤਿਕ ਵਿਰਾਸਤ ਯਾਦਗਾਰ ਵਜੋਂ ਵਿਕਸਿਤ ਕਰਨ ਦੀ ਪੈਰਵੀ ਕਰਨਗੇ ਸੰਧੂ
ਵਿਰਾਸਤੀ ਚੌਕੀ ਸਰਕਾਰ ਏ ਖ਼ਾਲਸਾ ਦੀ ਸੰਭਾਲ ਅਤੇ ਬੁਨਿਆਦੀ ਸਹੂਲਤਾਂ ਲਈ ਐੱਮਪੀ ਲੈਡ ਫੰਡ ਵਿੱਚੋਂ 10 ਲੱਖ ਰੁਪਏ ਦੇਣ ਦਾ ਐਲਾਨ
1831 ਦੀ ਇਤਿਹਾਸਕ ਕੂਟਨੀਤਿਕ ਮੁਲਾਕਾਤ ਦੇ 195 ਸਾਲ ਪੂਰੇ ਹੋਣ ਤੋਂ ਪਹਿਲਾਂ ਕੀਤਾ ਦੌਰਾ
ਰੂਪਨਗਰ, 18 ਅਕਤੂਬਰ 2026। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਰੂਪਨਗਰ ਵਿਖੇ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਦੀ ਇਤਿਹਾਸਕ ਮੁਲਾਕਾਤ ਵਾਲੇ ਸਥਾਨ ਨੂੰ ਕੂਟਨੀਤਿਕ ਵਿਰਾਸਤ ਯਾਦਗਾਰ ਵਜੋਂ ਵਿਕਸਿਤ ਕਰਨ ਲਈ ਕੇਂਦਰ ਸਰਕਾਰ ਕੋਲ ਪੈਰਵੀ ਕਰਨ ਦਾ ਐਲਾਨ ਕੀਤਾ ਹੈ। ਅੱਜ ਸਤਲੁਜ ਕੰਢੇ ਸਥਿਤ ਵਿਰਾਸਤੀ ਚੌਕੀ ਸਰਕਾਰ ਏ ਖ਼ਾਲਸਾ ਦੇ ਦੌਰੇ ਦੌਰਾਨ ਉਨ੍ਹਾਂ ਇਸ ਵਿਰਾਸਤੀ ਸਥਾਨ ਦੀ ਸੰਭਾਲ ਅਤੇ ਬੁਨਿਆਦੀ ਸਹੂਲਤਾਂ ਲਈ ਆਪਣੇ ਐੱਮਪੀ ਲੈਡ ਫੰਡ ਵਿੱਚੋਂ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਸੰਧੂ ਨੇ ਕਿਹਾ ਕਿ 26 ਅਕਤੂਬਰ 1831 ਨੂੰ ਇੱਥੇ ਹੋਈ ਇਤਿਹਾਸਕ ਕੂਟਨੀਤਿਕ ਮੁਲਾਕਾਤ ਦੇ ਇਸ ਮਹੀਨੇ 195 ਸਾਲ ਪੂਰੇ ਹੋ ਰਹੇ ਹਨ। ਇਹ ਸਥਾਨ ਮਹਾਰਾਜਾ ਰਣਜੀਤ ਸਿੰਘ ਦੀ ਰਾਜਕਲਾ, ਕੂਟਨੀਤਿਕ ਸੂਝ ਅਤੇ ਪੰਜਾਬ ਦੇ ਸਵੈਮਾਣ ਨਾਲ ਜੁੜਿਆ ਹੋਇਆ ਹੈ। ਇਸ ਦੀ ਪ੍ਰਮਾਣਿਕ ਸੰਭਾਲ ਕਰਕੇ ਭਾਰਤ ਦੇ ਕੂਟਨੀਤਿਕ ਇਤਿਹਾਸ ਵਿੱਚ ਇਸ ਦੀ ਅਹਿਮੀਅਤ ਨਵੀਂ ਪੀੜ੍ਹੀ ਤੱਕ ਪਹੁੰਚਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸੇ ਮਕਸਦ ਨਾਲ ਉਹ 12 ਅਗਸਤ ਨੂੰ ਰਾਜ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾ ਕੇ ਭਾਰਤ ਸਰਕਾਰ ਤੋਂ ਇੱਥੇ ‘ਮਹਾਰਾਜਾ ਰਣਜੀਤ ਸਿੰਘ ਰੋਪੜ ਡਿਪਲੋਮੈਟਿਕ ਹੈਰੀਟੇਜ ਮੈਮੋਰੀਅਲ’ ਸਥਾਪਤ ਕਰਨ ਦੀ ਮੰਗ ਕਰ ਚੁੱਕੇ ਹਨ। ਪ੍ਰਸਤਾਵਿਤ ਯਾਦਗਾਰ ਵਿੱਚ ਅਜਾਇਬਘਰ, ਦਸਤਾਵੇਜ਼ੀ ਗੈਲਰੀ ਅਤੇ ਡਿਜੀਟਲ ਪੇਸ਼ਕਾਰੀ ਰਾਹੀਂ 1831 ਦੀ ਮੁਲਾਕਾਤ, ਮਹਾਰਾਜਾ ਸਾਹਿਬ ਦੀ ਸ਼ਾਸਨ ਪ੍ਰਣਾਲੀ ਅਤੇ ਵਿਰਾਸਤ ਦੀ ਸੰਭਾਲ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕਰਨ ਦੀ ਤਜਵੀਜ਼ ਹੈ।
ਸੰਧੂ ਨੇ ਕਿਹਾ, “ਜਿਸ ਮਹਾਰਾਜੇ ਨੇ ਭਾਰਤ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਲਈ ਸੇਵਾ ਕੀਤੀ, ਉਸ ਮਹਾਰਾਜੇ ਦੀ ਵਿਰਾਸਤ ਸੰਭਾਲਣ ਦੀ ਜ਼ਿੰਮੇਵਾਰੀ ਅੱਜ ਸਾਡੀ ਹੈ। ਇਤਿਹਾਸ ਆਪਣੀਆਂ ਜੜ੍ਹਾਂ ਨਾਲ ਜੋੜਦਾ ਹੈ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਦ੍ਰਿਸ਼ਟੀ ਵੀ ਦਿੰਦਾ ਹੈ। ਇਸ ਸਥਾਨ ਦਾ ਵਿਕਾਸ ਨੌਜਵਾਨਾਂ ਨੂੰ ਆਪਣੇ ਇਤਿਹਾਸ ਨਾਲ ਜੋੜਨ ਦੇ ਨਾਲ ਰੂਪਨਗਰ ਵਿੱਚ ਵਿਰਾਸਤੀ ਸੈਰ ਸਪਾਟੇ ਨੂੰ ਹੁਲਾਰਾ ਦੇ ਸਕਦਾ ਹੈ।”
ਸਥਾਨਕ ਸੰਸਥਾਵਾਂ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ, “ਇੱਥੋਂ ਦੀਆਂ ਸੰਸਥਾਵਾਂ ਬੜੀ ਸੰਜੀਦਗੀ ਅਤੇ ਸੇਵਾ ਭਾਵਨਾ ਨਾਲ ਵਿਰਾਸਤ ਦੀ ਸੰਭਾਲ ਕਰ ਰਹੀਆਂ ਹਨ। ਦੌਰੇ ਦੌਰਾਨ ਇਨ੍ਹਾਂ ਕਾਰਜਾਂ ਲਈ ਫੰਡਾਂ ਦੀ ਘਾਟ ਮਹਿਸੂਸ ਹੋਈ। ਚੱਲ ਰਹੇ ਬੁਨਿਆਦੀ ਕੰਮ ਅੱਗੇ ਵਧਣ ਅਤੇ ਇੱਥੇ ਆਉਣ ਵਾਲਿਆਂ ਨੂੰ ਲੋੜੀਂਦੀਆਂ ਸਹੂਲਤਾਂ ਮਿਲਣ, ਇਸ ਲਈ ਐੱਮਪੀ ਲੈਡ ਫੰਡ ਵਿੱਚੋਂ ਦਸ ਲੱਖ ਰੁਪਏ ਦੇ ਰਿਹਾ ਹਾਂ।”
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ‘ਵਿਕਾਸ ਵੀ, ਵਿਰਾਸਤ ਵੀ’ ਦੀ ਸੋਚ ਅਨੁਸਾਰ ਇਸ ਇਤਿਹਾਸਕ ਸਥਾਨ ਨੂੰ ਬਣਦੀ ਪਛਾਣ ਦਿਵਾਉਣ ਲਈ ਯਤਨ ਜਾਰੀ ਰਹਿਣਗੇ। ਪਰਿਵਾਰਾਂ ਅਤੇ ਬੱਚਿਆਂ ਦੇ ਇੱਥੇ ਆਉਣ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਵਧਦੀ ਦਿਲਚਸਪੀ ਨੂੰ ਵਿਰਾਸਤ ਦੀ ਸੰਭਾਲ ਦੇ ਸਾਂਝੇ ਉਪਰਾਲੇ ਨਾਲ ਜੋੜਨਾ ਚਾਹੀਦਾ ਹੈ।
ਦੌਰੇ ਦੌਰਾਨ ਸੰਧੂ ਨੇ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਬਾਬਾ ਅਵਤਾਰ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਰੋਟਰੀ ਕਲੱਬ ਰੋਪੜ, ਵਿਰਾਸਤ ਸੰਭਾਲ ਕਮੇਟੀ, ਮਹਾਰਾਜਾ ਰਣਜੀਤ ਸਿੰਘ ਬਾਗ਼ ਪ੍ਰਬੰਧਕ ਕਮੇਟੀ ਅਤੇ ਚੌਕੀ ਸਰਕਾਰ ਏ ਖ਼ਾਲਸਾ ਵੈਲਫੇਅਰ ਸੁਸਾਇਟੀ ਦੇ ਨੁਮਾਇੰਦਿਆਂ ਨਾਲ ਸੰਭਾਲ ਕਾਰਜਾਂ ਅਤੇ ਲੋੜੀਂਦੀਆਂ ਸਹੂਲਤਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ।
ਇਸ ਮੌਕੇ ਡਾ. ਆਰ. ਐੱਸ. ਪਰਮਾਰ, ਚੇਤਨ ਅਗਰਵਾਲ, ਸਾਬਕਾ ਡਿਸਟ੍ਰਿਕਟ ਗਵਰਨਰ ਰੋਟਰੀ, ਰਣਜੀਤ ਸਿੰਘ ਪਟਿਆਲਾ, ਪ੍ਰਧਾਨ ਚੌਕੀ ਸਰਕਾਰ ਏ ਖ਼ਾਲਸਾ ਵੈਲਫੇਅਰ ਸੁਸਾਇਟੀ, ਅਜਮੇਰ ਸਿੰਘ, ਸਕੱਤਰ ਸੁਸਾਇਟੀ, ਕਮਲ ਟਿਵਾਣਾ, ਗਗਨ ਸੈਣੀ, ਪ੍ਰਧਾਨ ਰੋਟਰੀ ਕਲੱਬ ਰੋਪੜ, ਸਤਨਾਮ ਸਿੰਘ ਸੱਤੀ, ਪ੍ਰਧਾਨ ਪ੍ਰੈੱਸ ਕਲੱਬ ਰੂਪਨਗਰ, ਬਹਾਦਰਜੀਤ ਸਿੰਘ, ਸਾਬਕਾ ਪ੍ਰਧਾਨ ਪ੍ਰੈੱਸ ਕਲੱਬ, ਗੁਰਚਰਨ ਸਿੰਘ ਕਪੂਰ, ਪ੍ਰਧਾਨ ਮਹਾਰਾਜਾ ਰਣਜੀਤ ਸਿੰਘ ਸੋਸ਼ਲ ਐਂਡ ਇਨਵਾਇਰਨਮੈਂਟ ਕਮੇਟੀ, ਮੁਨੀਸ਼ ਆਹੂਜਾ, ਮੈਂਬਰ ਬਾਰ ਕੌਂਸਲ, ਅਭਿਜੀਤ ਆਹੂਜਾ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸੰਧੂ ਨੇ ਨਿੱਘੇ ਸਵਾਗਤ, ਵਡਮੁੱਲੇ ਸੁਝਾਵਾਂ ਅਤੇ ਵਿਰਾਸਤ ਪ੍ਰਤੀ ਸਮਰਪਣ ਲਈ ਸਾਰਿਆਂ ਦਾ ਧੰਨਵਾਦ ਕੀਤਾ।
- Download Babushahi App
-
-