Photo Credit- Gerry Cacanindin
ਯੂਰਪ ਬਰੂਦ ਦੇ ਢੇਰ 'ਤੇ...!
ਮਹਿੰਗਾਈ ਦੀ ਮਾਰ ਨਾਲ ਯੂਰਪ ’ਚ ਉੱਠਿਆ ਜਨ-ਅੰਦੋਲਨ! ਫਰਾਂਸ ’ਚ 5.5 ਲੱਖ ਲੋਕ ਸੜਕਾਂ ’ਤੇ, ਬੈਲਜੀਅਮ, ਇਟਲੀ ਤੇ ਪੁਰਤਗਾਲ ’ਚ ਵੀ ਹਿੰਸਕ ਪ੍ਰਦਰਸ਼ਨ
Babushahi Network
ਨਵੀਂ ਦਿੱਲੀ, 18 ਅਕਤੂਬਰ 2026- ਯੂਰਪ ਦੇ ਕਈ ਦੇਸ਼ਾਂ ਵਿੱਚ ਵਧਦੀ ਮਹਿੰਗਾਈ, ਘੱਟ ਤਨਖ਼ਾਹਾਂ, ਮਹਿੰਗੇ ਮਕਾਨਾਂ ਅਤੇ ਵਿਗੜਦੇ ਜੀਵਨ ਪੱਧਰ ਵਿਰੁੱਧ ਲੋਕਾਂ ਦਾ ਗੁੱਸਾ ਸੜਕਾਂ ’ਤੇ ਫੁੱਟ ਪਿਆ ਹੈ। ਫਰਾਂਸ, ਬੈਲਜੀਅਮ, ਇਟਲੀ ਅਤੇ ਪੁਰਤਗਾਲ ਵਿੱਚ ਲੱਖਾਂ ਲੋਕਾਂ ਨੇ ਵੱਖ-ਵੱਖ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਇਨ੍ਹਾਂ ਮੁਜ਼ਾਹਰਿਆਂ ਨੇ ਯੂਰਪੀ ਸਰਕਾਰਾਂ ਲਈ ਨਵੀਂ ਸਿਆਸੀ ਅਤੇ ਸਮਾਜਿਕ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਫਰਾਂਸ ਵਿੱਚ ਹਾਲਾਤ ਸਭ ਤੋਂ ਵੱਧ ਤਣਾਅਪੂਰਨ ਰਹੇ, ਜਿੱਥੇ ਗ੍ਰਹਿ ਮੰਤਰਾਲੇ ਮੁਤਾਬਕ 5.5 ਲੱਖ ਤੋਂ ਵੱਧ ਲੋਕ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਏ। ਕਈ ਥਾਵਾਂ ’ਤੇ ਸ਼ਾਂਤਮਈ ਮਾਰਚ ਹਿੰਸਕ ਝੜਪਾਂ, ਲੁੱਟਮਾਰ ਅਤੇ ਅੱਗਜ਼ਨੀ ਵਿੱਚ ਬਦਲ ਗਏ।
ਫਰਾਂਸ ਵਿੱਚ ਵਿਦਿਆਰਥੀਆਂ ਦੇ ਕਈ ਹਫ਼ਤਿਆਂ ਤੋਂ ਚੱਲ ਰਹੇ ਪ੍ਰਦਰਸ਼ਨਾਂ ਤੋਂ ਬਾਅਦ ਸ਼ਨੀਵਾਰ ਨੂੰ ਵੱਡੇ ਪੱਧਰ ’ਤੇ ਲੋਕ ਸੜਕਾਂ ’ਤੇ ਉਤਰ ਆਏ। ਰਾਜਧਾਨੀ ਪੈਰਿਸ ਸਮੇਤ ਕਈ ਸ਼ਹਿਰਾਂ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਟਕਰਾਅ ਹੋਇਆ। ਕੁਝ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਇਮਾਰਤਾਂ, ਮਹਿੰਗੇ ਬ੍ਰਾਂਡਾਂ ਦੇ ਸ਼ੋਅਰੂਮਾਂ ਅਤੇ ਸੁਪਰਮਾਰਕੀਟਾਂ ਨੂੰ ਨਿਸ਼ਾਨਾ ਬਣਾਇਆ। ਪੁਲਿਸ ਦੀਆਂ ਗੱਡੀਆਂ ’ਤੇ ਹਮਲੇ ਕੀਤੇ ਗਏ ਅਤੇ ਕਈ ਥਾਵਾਂ ’ਤੇ ਅੱਗ ਲਗਾਈ ਗਈ।
ਫਰਾਂਸ ਦੇ ਪ੍ਰਧਾਨ ਮੰਤਰੀ ਸੇਬਾਸਤੀਅਨ ਲੇਕੋਰਨੂ ਨੇ ਦੱਸਿਆ ਕਿ ਪ੍ਰਦਰਸ਼ਨਾਂ ਦੌਰਾਨ 1,200 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ 150 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ। ਉਨ੍ਹਾਂ ਨੇ ਕੇਂਦਰੀ ਪੈਰਿਸ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਜਾਨੀ ਨੁਕਸਾਨ, ਇਸ ਤੋਂ ਵੱਧ ਨਾ ਹੋਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।
ਇਕ ਸਮਾਚਾਰ ਏਜੰਸੀ ਮੁਤਾਬਕ ਪੈਰਿਸ ਤੋਂ ਇਲਾਵਾ ਮਾਰਸੇਈ, ਨੀਸ, ਨਾਂਤ, ਬੋਰਦੋ, ਲੀਮੋਜ, ਲਿਲ, ਤੂਲੂਜ਼ ਅਤੇ ਸਤਰਾਸਬੁਰਗ ਵਿੱਚ ਵੀ ਕਈ ਦੁਕਾਨਾਂ ਦੀ ਲੁੱਟਮਾਰ ਕੀਤੀ ਗਈ। ਪੈਰਿਸ ਦੇ ਮੇਅਰ ਇਮੈਨੁਅਲ ਗ੍ਰੇਗੁਆਰ ਨੇ ਕਿਹਾ ਕਿ ਰਾਜਧਾਨੀ ਦੀਆਂ ਕਈ ਸੜਕਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਲੀਮੋਜ ਸ਼ਹਿਰ ਵਿੱਚ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਈ ਅੱਗ ਕਾਰਨ 140 ਸਾਲ ਤੋਂ ਵੱਧ ਪੁਰਾਣਾ ਟਾਊਨ ਹਾਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮਾਰਸੇਈ ਅਤੇ ਲਿਲ ਵਿੱਚ ਵੀ ਸਰਕਾਰੀ ਇਮਾਰਤਾਂ ਵਿੱਚ ਭੰਨਤੋੜ ਕੀਤੀ ਗਈ, ਜਦਕਿ ਲਿਓਂ ਵਿੱਚ ਸੈਲਾਨੀ ਦਫ਼ਤਰ ਨੂੰ ਅੱਗ ਲਗਾ ਦਿੱਤੀ ਗਈ। ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬੈਲਜੀਅਮ ਵਿੱਚ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ
ਬੈਲਜੀਅਮ ਦੀ ਰਾਜਧਾਨੀ ਬ੍ਰਸਲਜ਼ ਵਿੱਚ ਵੀ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਟਕਰਾਅ ਹੋਇਆ। ਇੱਥੇ ਯੂਨੀਵਰਸਿਟੀਆਂ ਦੀਆਂ ਰਜਿਸਟ੍ਰੇਸ਼ਨ ਫੀਸਾਂ ਵਿਰੁੱਧ ਵਿਦਿਆਰਥੀ ਪਹਿਲਾਂ ਹੀ ਕਈ ਹਫ਼ਤਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਸ਼ਨੀਵਾਰ ਦੇ ਮੁਜ਼ਾਹਰਿਆਂ ਦੌਰਾਨ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ।
ਪੁਲਿਸ ਦਾ ਦੋਸ਼ ਸੀ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਉਸ ਵੱਲ ਚੀਜ਼ਾਂ ਸੁੱਟੀਆਂ ਅਤੇ ਅੱਗਜ਼ਨੀ ਕੀਤੀ। ਬ੍ਰਸਲਜ਼ ਤੋਂ ਇਲਾਵਾ ਲੀਏਜ ਸ਼ਹਿਰ ਵਿੱਚ ਵੀ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਛਾੜਾਂ ਚਲਾਈਆਂ। ਇਨ੍ਹਾਂ ਘਟਨਾਵਾਂ ਨੇ ਸਿੱਖਿਆ ਦੀ ਲਾਗਤ ਅਤੇ ਆਮ ਲੋਕਾਂ ਦੀ ਆਰਥਿਕ ਹਾਲਤ ਨੂੰ ਲੈ ਕੇ ਵਧ ਰਹੀ ਨਾਰਾਜ਼ਗੀ ਨੂੰ ਉਜਾਗਰ ਕੀਤਾ ਹੈ।
ਪੁਰਤਗਾਲ ਵਿੱਚ ਮਹਿੰਗੇ ਮਕਾਨਾਂ ਖ਼ਿਲਾਫ਼ ਸੜਕਾਂ ’ਤੇ ਉਤਰੇ ਲੋਕ
ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿੱਚ ਹਜ਼ਾਰਾਂ ਲੋਕਾਂ ਨੇ ਵਧਦੀ ਮਹਿੰਗਾਈ, ਘੱਟ ਤਨਖ਼ਾਹਾਂ ਅਤੇ ਰਿਹਾਇਸ਼ੀ ਸੰਕਟ ਵਿਰੁੱਧ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਸੀ ਕਿ ਸਰਕਾਰ ਲੋਕਾਂ ਦੀ ਆਮਦਨ ਦੇ ਮੁਕਾਬਲੇ ਵਧ ਰਹੇ ਰਹਿਣ-ਸਹਿਣ ਦੇ ਖਰਚਿਆਂ ਨੂੰ ਘਟਾਉਣ ਲਈ ਠੋਸ ਕਦਮ ਚੁੱਕੇ। ਉਪਲਬਧ ਰਿਪੋਰਟਾਂ ਮੁਤਾਬਕ, ਪੁਰਤਗਾਲ ਵਿੱਚ 2017 ਤੋਂ ਬਾਅਦ ਮਕਾਨਾਂ ਦੀਆਂ ਕੀਮਤਾਂ ਦੁੱਗਣੇ ਤੋਂ ਵੱਧ ਹੋ ਚੁੱਕੀਆਂ ਹਨ, ਜਦਕਿ ਨਵੇਂ ਕਿਰਾਏ ਦੇ ਸਮਝੌਤਿਆਂ ਦੀਆਂ ਦਰਾਂ ਵਿੱਚ ਵੀ ਵੱਡਾ ਵਾਧਾ ਹੋਇਆ ਹੈ। ਲਿਸਬਨ ਦੇ ਰੋਸੀਓ ਚੌਕ ਵਿੱਚ ਪ੍ਰਦਰਸ਼ਨਕਾਰੀਆਂ ਨੇ ਰਿਹਾਇਸ਼ੀ ਸੰਕਟ ਵੱਲ ਧਿਆਨ ਖਿੱਚਣ ਲਈ ਟੈਂਟ ਲਗਾਏ।
ਪੁਰਤਗਾਲ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਾਰਲੋਸ ਅਬਰੇਊ ਅਮੋਰਿਮ ਨੇ ਕਿਹਾ ਸੀ ਕਿ ਸਰਕਾਰ ਸੜਕਾਂ ’ਤੇ ਲੱਗੇ ਨਾਅਰਿਆਂ ਅੱਗੇ ਨਹੀਂ ਝੁਕੇਗੀ। ਇਸ ਦੇ ਜਵਾਬ ਵਿੱਚ ਪ੍ਰਦਰਸ਼ਨਕਾਰੀਆਂ ਨੇ ਸਿਆਸੀ ਆਗੂਆਂ ’ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਤੋਂ ਦੂਰ ਹੋਣ ਦੇ ਦੋਸ਼ ਲਗਾਏ।
ਇਟਲੀ ਵਿੱਚ ਵੀ ਹਿੰਸਕ ਝੜਪਾਂ, ਪੁਲਿਸ ਮੁਲਾਜ਼ਮ ਜ਼ਖ਼ਮੀ
ਇਟਲੀ ਦੇ ਮਿਲਾਨ ਸ਼ਹਿਰ ਵਿੱਚ ਜੰਗਾਂ ਅਤੇ ਵਧਦੀ ਮਹਿੰਗਾਈ ਵਿਰੁੱਧ ਸ਼ੁਰੂ ਹੋਇਆ ਮਾਰਚ ਬਾਅਦ ਵਿੱਚ ਹਿੰਸਕ ਹੋ ਗਿਆ। ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਪੁਲਿਸ ’ਤੇ ਪੱਥਰ ਅਤੇ ਹੋਰ ਚੀਜ਼ਾਂ ਸੁੱਟੀਆਂ, ਦੁਕਾਨਾਂ ਵਿੱਚ ਲੁੱਟਮਾਰ ਕੀਤੀ ਅਤੇ ਸੜਕਾਂ ’ਤੇ ਲਗਾਈਆਂ ਰੁਕਾਵਟਾਂ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ।
ਇਟਲੀ ਦੀ ਸਮਾਚਾਰ ਏਜੰਸੀ ਮੁਤਾਬਕ ਘਟਨਾਵਾਂ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਅਤੇ ਲਗਭਗ 50 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ ਵਿੱਚ ਕਈ ਨਾਬਾਲਗ ਵੀ ਸ਼ਾਮਲ ਸਨ। ਬੋਲੋਨੀਆ ਵਿੱਚ ਵੀ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪਾਂ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ।
ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਹਿੰਸਾ ਦੀ ਨਿੰਦਾ ਕਰਦਿਆਂ ਕਿਹਾ ਕਿ ਪ੍ਰਦਰਸ਼ਨ ਕਰਨਾ ਲੋਕਾਂ ਦਾ ਅਧਿਕਾਰ ਹੈ, ਪਰ ਸ਼ਹਿਰਾਂ ਨੂੰ ਅੱਗ ਲਗਾਉਣਾ ਸਵੀਕਾਰਯੋਗ ਨਹੀਂ। ਮਿਲਾਨ ਦੇ ਮੇਅਰ ਜਿਊਸੇਪੇ ਸਾਲਾ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਸਮਝਣਯੋਗ ਹਨ, ਪਰ ਪੁਲਿਸ ਵਿਰੁੱਧ ਹਿੰਸਾ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਕੀ ਹੋਰ ਯੂਰਪੀ ਦੇਸ਼ਾਂ ਤੱਕ ਫੈਲੇਗਾ ਅੰਦੋਲਨ?
ਐੱਚਈਸੀ ਪੈਰਿਸ ਬਿਜ਼ਨਸ ਸਕੂਲ ਦੇ ਯੂਰਪੀ ਸੰਘ ਦੇ ਕਾਨੂੰਨ ਅਤੇ ਨੀਤੀ ਮਾਹਿਰ ਅਲਬਰਟੋ ਅਲੇਮਾਨੋ ਮੁਤਾਬਕ, ਫਰਾਂਸ ਇਸ ਸਮੇਂ ਵਿਰੋਧ ਪ੍ਰਦਰਸ਼ਨਾਂ ਦਾ ਮੁੱਖ ਕੇਂਦਰ ਹੈ, ਪਰ ਇਸ ਦੇ ਪ੍ਰਭਾਵ ਹੋਰ ਦੇਸ਼ਾਂ ਵਿੱਚ ਵੀ ਦਿਖਾਈ ਦੇ ਰਹੇ ਹਨ। ਉਨ੍ਹਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਜਰਮਨੀ, ਗ੍ਰੀਸ ਅਤੇ ਆਸਟਰੀਆ ਵਿੱਚ ਵੀ ਅਜਿਹੇ ਅੰਦੋਲਨਾਂ ਦੇ ਤੇਜ਼ ਹੋਣ ਦੀ ਸੰਭਾਵਨਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਾਰੇ ਪ੍ਰਦਰਸ਼ਨ ਕਿਸੇ ਇੱਕ ਸੰਗਠਿਤ ਅੰਦੋਲਨ ਦਾ ਹਿੱਸਾ ਨਹੀਂ ਹਨ, ਪਰ ਇਨ੍ਹਾਂ ਦੇ ਪਿੱਛੇ ਕੁਝ ਸਾਂਝੇ ਮੁੱਦੇ ਹਨ; ਮਹਿੰਗਾਈ, ਸਿੱਖਿਆ ਲਈ ਨਾਕਾਫ਼ੀ ਫੰਡ, ਰਿਹਾਇਸ਼ ਦੀ ਵਧਦੀ ਲਾਗਤ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੀਆਂ ਅਨਿਸ਼ਚਿਤ ਸੰਭਾਵਨਾਵਾਂ। ਆਉਣ ਵਾਲੇ 12 ਮਹੀਨਿਆਂ ਦੌਰਾਨ ਸਪੇਨ, ਫਰਾਂਸ, ਇਟਲੀ ਅਤੇ ਪੋਲੈਂਡ ਸਮੇਤ ਕਈ ਦੇਸ਼ਾਂ ਵਿੱਚ ਚੋਣਾਂ ਹੋਣੀਆਂ ਹਨ। ਅਜਿਹੇ ਹਾਲਾਤ ਵਿੱਚ ਮਹਿੰਗਾਈ ਅਤੇ ਲੋਕਾਂ ਦੇ ਜੀਵਨ ਪੱਧਰ ਨਾਲ ਜੁੜੇ ਮੁੱਦੇ ਸਿਆਸੀ ਬਹਿਸ ਦਾ ਕੇਂਦਰ ਬਣ ਸਕਦੇ ਹਨ। ਯੂਰਪੀ ਸਰਕਾਰਾਂ ਲਈ ਹੁਣ ਸਭ ਤੋਂ ਵੱਡੀ ਚੁਣੌਤੀ ਲੋਕਾਂ ਦੀਆਂ ਆਰਥਿਕ ਚਿੰਤਾਵਾਂ ਦਾ ਹੱਲ ਕੱਢਣਾ ਅਤੇ ਹਿੰਸਕ ਘਟਨਾਵਾਂ ’ਤੇ ਕਾਬੂ ਪਾਉਣਾ ਹੈ।
- Download Babushahi App
-
-