ਪਰਵਿੰਦਰ ਝੋਟਾ ਕਤਲਕਾਂਡ: ਇਨਸਾਫ਼ ਮੋਰਚੇ ਨੇ ਮੰਗ ਪੱਤਰ ਨੂੰ ਦੱਸਿਆ 'ਲਾਹਨਤ ਪੱਤਰ'! ਕਿਹਾ- ਕਾਤਲਾਂ ਨੂੰ ਫਾਸਟ ਟ੍ਰੈਕ ਕੋਰਟ ਰਾਹੀਂ ਸਖ਼ਤ ਅਤੇ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ
Babushahi Network
ਮਾਨਸਾ, 18 ਅਕਤੂਬਰ 2026: ਮਾਨਸਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਨੌਜਵਾਨ ਭਾਈ ਪਰਵਿੰਦਰ ਸਿੰਘ ਝੋਟਾ ਦੀ 13 ਅਕਤੂਬਰ 2026 ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ 'ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਇਨਸਾਫ਼ ਮੋਰਚਾ' ਵੱਲੋਂ ਮੰਗ ਪੱਤਰ ਦੀ ਥਾਂ ਇੱਕ ਸਖ਼ਤ 'ਲਾਹਨਤੀ ਪੱਤਰ' ਜਾਰੀ ਕੀਤਾ ਗਿਆ ਹੈ।
ਮੋਰਚੇ ਨੇ ਸੂਬਾ ਸਰਕਾਰ, ਪੁਲਿਸ ਪ੍ਰਸ਼ਾਸਨ ਅਤੇ ਸੱਤਾਧਾਰੀ ਨੁਮਾਇੰਦਿਆਂ ਨੂੰ ਤਿੱਖੇ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਹੈ। ਪੱਤਰ ਵਿੱਚ ਦੱਸਿਆ ਗਿਆ ਹੈ ਕਿ ਭਾਈ ਪਰਵਿੰਦਰ ਸਿੰਘ ਝੋਟਾ ਇੱਕ ਮੈਡੀਕਲ ਸਟੋਰ ਉੱਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਦਾ ਵਿਰੋਧ ਕਰਨ ਗਏ ਸਨ, ਜਿੱਥੇ ਉਨ੍ਹਾਂ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਇਹ ਸਾਰੀ ਘਟਨਾ ਫੇਸਬੁੱਕ ਲਾਈਵ ਰਾਹੀਂ ਲੋਕਾਂ ਨੇ ਵੇਖੀ।
ਮੋਰਚੇ ਦਾ ਦੋਸ਼ ਹੈ ਕਿ ਪੰਜਾਬ ਵਿੱਚ ਨਸ਼ਾ ਸੌਦਾਗਰਾਂ, ਪੁਲਿਸ ਅਤੇ ਸੱਤਾਧਾਰੀ ਨੁਮਾਇੰਦਿਆਂ ਦਾ ਇੱਕ ਗੱਠਜੋੜ ਕੰਮ ਕਰ ਰਿਹਾ ਹੈ, ਜਿਸ ਦੀ ਛਤਰ-ਛਾਇਆ ਹੇਠ ਪਿੰਡ-ਪਿੰਡ ਨਸ਼ਾ ਵਿਕ ਰਿਹਾ ਹੈ। ਤਿੰਨ ਸਾਲ ਪਹਿਲਾਂ ਪਰਵਿੰਦਰ ਸਿੰਘ ਨੇ ਇਸੇ ਦੁਕਾਨਦਾਰ ਨੂੰ ਨਸ਼ੀਲੇ ਕੈਪਸੂਲਾਂ ਸਮੇਤ ਫੜਾਇਆ ਸੀ, ਪਰ ਉਲਟਾ ਦੁਕਾਨਦਾਰ ਨੂੰ ਰਿਵਾਲਵਰ ਦਾ ਲਾਇਸੈਂਸ ਮਿਲ ਗਿਆ ਅਤੇ ਪਰਵਿੰਦਰ ਸਿੰਘ ਨੂੰ ਝੂਠੇ ਕੇਸ ਵਿੱਚ ਤਿੰਨ ਮਹੀਨੇ ਜੇਲ੍ਹ ਕੱਟਣੀ ਪਈ।
ਮੋਰਚੇ ਵੱਲੋਂ ਸਰਕਾਰ ਅੱਗੇ ਹੇਠ ਲਿਖੀਆਂ ਮੁੱਖ ਮੰਗਾਂ!
ਮੁੱਖ ਮੰਤਰੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਤੁਰੰਤ ਅਸਤੀਫ਼ਾ ਦੇਣ। ਡੀਜੀਪੀ ਪੰਜਾਬ ਅਸਤੀਫ਼ਾ ਦੇਣ। ਪਰਿਵਾਰ ਦੀ ਸਹਿਮਤੀ ਨਾਲ ਭਾਈ ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਪੀਜੀਆਈ ਚੰਡੀਗੜ੍ਹ ਦੇ ਸੀਨੀਅਰ ਡਾਕਟਰਾਂ ਦੇ ਪੈਨਲ ਤੋਂ ਕਰਵਾਇਆ ਜਾਵੇ। ਕਤਲ ਅਤੇ ਇਸ ਪਿੱਛੇ ਕੰਮ ਕਰਦੇ ਨਸ਼ਾ ਤਸਕਰ-ਪੁਲਿਸ-ਸਿਆਸੀ ਗੱਠਜੋੜ ਦੀ ਜਾਂਚ ਸੀਬੀਆਈ (CBI) ਤੋਂ ਕਰਵਾਈ ਜਾਵੇ। ਜਿਸ ਦੁਕਾਨ ਵਿੱਚ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰੀਆਂ ਗਈਆਂ ਸਨ, ਉੱਥੇ ਉਨ੍ਹਾਂ ਦਾ ਬੁੱਤ ਲਾਇਆ ਜਾਵੇ।
ਮਾਨਸਾ ਦੇ ਦੋਨੋਂ ਐੱਸ.ਐੱਚ.ਓ., ਡੀ.ਐੱਸ.ਪੀ. ਅਤੇ ਡਰੱਗ ਇੰਸਪੈਕਟਰ ਨੂੰ ਤੁਰੰਤ ਨੌਕਰੀ ਤੋਂ ਡਿਸਮਿਸ ਕੀਤਾ ਜਾਵੇ। ਭਾਈ ਪਰਵਿੰਦਰ ਸਿੰਘ ਝੋਟਾ ਦੇ ਨਾਂ 'ਤੇ ਖਿਆਲਾ ਕਲਾਂ ਵਿਖੇ ਟਰੋਮਾ ਸੈਂਟਰ ਬਣਾਇਆ ਜਾਵੇ। ਕਾਤਲਾਂ ਨੂੰ ਫਾਸਟ ਟ੍ਰੈਕ ਕੋਰਟ ਰਾਹੀਂ ਸਖ਼ਤ ਅਤੇ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ। ਇਸ ਹਮਲੇ ਵਿੱਚ ਜ਼ਖ਼ਮੀਆਂ ਦਾ ਇਲਾਜ ਉੱਚ ਪੱਧਰੀ ਸਿਹਤ ਸੰਸਥਾ ਤੋਂ ਸਰਕਾਰੀ ਖਰਚੇ 'ਤੇ ਕਰਵਾਇਆ ਜਾਵੇ ਅਤੇ ਹਰ ਜ਼ਖ਼ਮੀ ਨੂੰ 20-20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
ਮੋਰਚੇ ਨੇ ਸਵਾਲ ਕੀਤਾ ਹੈ ਕਿ ਸਰਕਾਰ ਸ਼ਹੀਦ ਦੇ ਪਰਿਵਾਰ ਅਤੇ ਨਸ਼ਿਆਂ ਤੋਂ ਪੀੜਤ ਪੰਜਾਬ ਦੇ ਨਾਲ ਖੜ੍ਹੀ ਹੈ ਜਾਂ ਨਸ਼ਾ ਸੌਦਾਗਰਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨਾਲ? ਅੰਤ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਨੇ ਜਲਦ ਇਹ ਮੰਗਾਂ ਨਾ ਮੰਨੀਆਂ ਅਤੇ ਆਪਣਾ ਪੱਖ ਸਪੱਸ਼ਟ ਨਾ ਕੀਤਾ, ਤਾਂ ਪੰਜਾਬ ਦੇ ਲੋਕ ਇਸ ਚੁੱਪੀ ਨੂੰ ਇਤਿਹਾਸ ਵਿੱਚ ਗੁਨਾਹ ਵਜੋਂ ਦਰਜ ਕਰਨਗੇ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
- Download Babushahi App
-
-