ਪਰਵਿੰਦਰ ਝੋਟਾ ਕਤਲ : ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨਾਂ 'ਚ ਭਰਵੀਂ ਸ਼ਮੂਲੀਅਤ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ,18 ਅਕਤੂਬਰ 2026 : ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੱਲ੍ਹ 19 ਅਕਤੂਬਰ ਨੂੰ ਆਪ ਵਿਧਾਇਕਾਂ ਦੇ ਘਰਾਂ ਅੱਗੇ ਕੀਤੇ ਜਾ ਰਹੇ ਪ੍ਰਦਰਸ਼ਨਾਂ 'ਚ ਕਿਸਾਨਾਂ, ਖੇਤ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਅਧਿਆਪਕਾਂ, ਸਨਅਤੀ ਕਾਮਿਆਂ , ਠੇਕਾ ਮੁਲਾਜ਼ਮਾਂ ਸਮੇਤ ਔਰਤਾਂ ਵੱਲੋਂ ਵਿਸ਼ਾਲ ਸ਼ਮੂਲੀਅਤ ਕੀਤੀ ਜਾਵੇਗੀ।
ਬਿਆਨ ਜਾਰੀ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ , ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ , ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਜੋਬਨ ਪ੍ਰੀਤ ਸਿੰਘ , ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਪ੍ਰਧਾਨ ਛਿੰਦਰਪਾਲ ਸਿੰਘ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ,ਪੀ ਐਸ ਯੂ (ਸ਼ਹੀਦ ਰੰਧਾਵਾ) ਦੇ ਆਗੂ ਗੁਰਵਿੰਦਰ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਬਰਾਹ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਜਗਰੂਪ ਸਿੰਘ, ਬਲਿਹਾਰ ਸਿੰਘ ਤੇ ਗੁਰਵਿੰਦਰ ਸਿੰਘ ਪੰਨੂ ਨੇ ਆਖਿਆ ਕਿ ਉਹਨਾਂ ਦੀਆਂ ਜਥੇਬੰਦੀਆਂ ਵੱਲੋਂ ਕੱਲ੍ਹ ਦੇ ਪ੍ਰਦਰਸ਼ਨਾਂ 'ਚ ਜ਼ੋਰਦਾਰ ਸ਼ਮੂਲੀਅਤ ਕੀਤੀ ਜਾਵੇਗੀ।
ਉਹਨਾਂ ਦੋਸ਼ ਲਾਇਆ ਕਿ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਦੇਣ ਤੇ ਨਸ਼ਿਆਂ ਦੀ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੀ ਥਾਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ 'ਚ ਐਨਾ ਵੀ ਨਸ਼ਾ ਹੋਣ ਵਰਗੇ ਬਿਆਨ ਦਾਗ ਕੇ ਪੀੜਤ ਪਰਿਵਾਰ ਤੇ ਸੰਘਰਸ਼ਸ਼ੀਲ ਲੋਕਾਂ ਦੇ ਜ਼ਖਮਾਂ 'ਤੇ ਨਮਕ ਛਿੜਕ ਰਿਹਾ ਹੈ। ਉਹਨਾਂ ਆਖਿਆ ਕਿ ਜੇਕਰ ਪੰਜਾਬ 'ਚ ਐਨਾ ਨਸ਼ਾ ਨਹੀਂ ਤਾਂ ਆਪ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਛੇੜਣ ਦੇ ਦਮਗਜੇ ਕਿਓਂ ਮਾਰੇ ਜਾ ਰਹੇ ਹਨ।
ਉਹਨਾਂ ਆਖਿਆ ਕਿ ਆਪ ਸਰਕਾਰ ਨਸ਼ਿਆਂ ਦੀ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੀ ਥਾਂ ਨਸ਼ੇ ਵਿਰੁੱਧ ਅਵਾਜ਼ ਉਠਾਉਣ ਵਾਲਿਆਂ 'ਤੇ ਜ਼ੁਲਮ ਢਾਹੁਣ ਰਾਹੀਂ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਉਹਨਾਂ ਆਖਿਆ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ 'ਚ ਸਿੱਧੇ ਤੌਰ 'ਤੇ ਸ਼ਾਮਿਲ ਅਸ਼ਵਨੀ ਸਮੇਤ ਦੋ ਤਿੰਨ ਬੰਦਿਆਂ ਨੂੰ ਲੋਕ ਦਬਾਅ ਤਹਿਤ ਭਾਵੇਂ ਪੁਲਿਸ ਨੇ ਗਿਰਫ਼ਤਾਰ ਜ਼ਰੂਰ ਕਰ ਲਿਆ ਪਰ ਉਹਨਾਂ ਨੂੰ ਸਿਆਸੀ ਸ਼ਹਿ ਦੇਣ ਵਾਲੇ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਦੇ ਗੱਠਜੋੜ ਨੂੰ ਅਜੇ ਤੱਕ ਹੱਥ ਨਹੀਂ ਪਾਇਆ ਗਿਆ।
ਉਹਨਾਂ ਆਖਿਆ ਕਿ ਨਸ਼ਿਆਂ ਤੋਂ ਮੁਕਤੀ ਲਈ ਸਿੰਥੈਟਿਕ ਨਸ਼ਿਆਂ ਦੀਆਂ ਫੈਕਟਰੀਆਂ ਤੁਰੰਤ ਜ਼ਬਤ ਕੀਤੀਆਂ ਜਾਣ, ਨਸ਼ਿਆਂ ਤੋਂ ਪੀੜਤ ਨੌਜਵਾਨਾਂ ਦਾ ਢੁਕਵਾਂ ਇਲਾਜ, ਖ਼ੁਰਾਕ ਤੇ ਰੁਜ਼ਗਾਰ ਮੁੱਹਈਆ ਕਰਵਾਇਆ ਜਾਵੇ, ਨਸ਼ਾ ਸਮਗਲਰਾਂ, ਸਿਆਸਤਦਾਨਾਂ , ਅਫ਼ਸਰਸ਼ਾਹੀ ਤੇ ਗੈਗਸਟਰਾਂ ਦਾ ਗੱਠਜੋੜ ਤੋੜਿਆ ਜਾਵੇ ਤੇ ਇਹਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਸ਼ਰਾਬ ਦੀ ਵਿਕਰੀ ਰਾਹੀਂ ਖਜ਼ਾਨਾ ਭਰਨ ਦੀ ਨੀਤੀ ਰੱਦ ਕੀਤੀ ਜਾਵੇ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪਰਿਵਾਰਾਂ ਸਮੇਤ ਕੱਲ੍ਹ ਦੇ ਪ੍ਰਦਰਸ਼ਨਾਂ 'ਚ ਸ਼ਾਮਲ ਹੋਣ।
- Download Babushahi App
-
-