"ਝੋਟੇ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ, ਦੋਸ਼ੀ ਅਧਿਕਾਰੀ ਬਖ਼ਸ਼ੇ ਨਹੀਂ ਜਾਣਗੇ"- ਚੁਸਪਿੰਦਰ ਚਹਿਲ
Babushahi Network
ਚੰਡੀਗੜ੍ਹ/ਮਾਨਸਾ, 18 ਅਕਤੂਬਰ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. (OSD) ਰਾਜਬੀਰ ਸਿੰਘ ਘੁੰਮਣ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਚੁਸਪਿੰਦਰ ਸਿੰਘ ਚਹਿਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਚੁਸਪਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਉਹ ਪਿਛਲੇ ਇੱਕ ਹਫ਼ਤੇ ਤੋਂ ਇੱਥੇ ਹੀ ਮੌਜੂਦ ਹਨ ਅਤੇ CBI ਦੀ ਇਨਵੈਸਟੀਗੇਸ਼ਨ (ਜਾਂਚ) ਨੂੰ ਲਗਾਤਾਰ ਜੁਆਇਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਏਜੰਸੀ ਵੱਲੋਂ ਉਨ੍ਹਾਂ ਨੂੰ ਮੁੜ ਬੁਲਾਇਆ ਜਾਵੇਗਾ, ਉਹ ਬਿਨਾਂ ਕਿਸੇ ਦੇਰੀ ਦੇ ਜਾਂਚ ਵਿੱਚ ਸ਼ਾਮਲ ਹੋਣਗੇ।
ਚੁਸਪਿੰਦਰ ਸਿੰਘ ਚਹਿਲ ਨੇ ਪਰਵਿੰਦਰ ਝੋਟਾ ਨੂੰ ਭਰਾ ਦੱਸਦਿਆਂ ਕਿਹਾ ਕਿ ਉਸ ਨੇ ਸਿਰਫ਼ ਮਾਨਸਾ ਜ਼ਿਲ੍ਹੇ ਲਈ ਹੀ ਨਹੀਂ, ਸਗੋਂ ਪੂਰੇ ਪੰਜਾਬ ਲਈ ਵੱਡੀ ਕੁਰਬਾਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ AAP ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਨੂੰ ਲੈ ਕੇ ਬੇਹੱਦ ਗੰਭੀਰ ਹਨ। ਸਰਕਾਰ ਵੱਲੋਂ ਇਸ ਮਾਮਲੇ ਵਿੱਚ ਪਹਿਲਾਂ ਹੀ ਸਖ਼ਤ ਕਾਰਵਾਈ ਕੀਤੀ ਜਾ ਚੁੱਕੀ ਹੈ, ਜਿਸ ਤਹਿਤ ਘਟਨਾ 'ਚ ਸ਼ਾਮਲ ਕੁਝ ਦੋਸ਼ੀ ਅਧਿਕਾਰੀਆਂ ਨੂੰ ਮੁਅੱਤਲ (Suspend) ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਖ਼ਿਲਾਫ਼ ਵਿਭਾਗੀ ਇਨਕੁਆਇਰੀ ਚੱਲ ਰਹੀ ਹੈ।
ਚਹਿਲ ਨੇ ਕਿਹਾ ਕਿ ਉਹ ਮਾਨਸਾ ਦੇ ਬੱਚੇ ਹੋਣ ਦੇ ਨਾਤੇ, ਸਰਕਾਰ ਦੇ ਮੁੱਖ ਅਹੁਦੇਦਾਰ ਹੋਣ ਨਾਤੇ ਅਤੇ ਚੇਅਰਮੈਨ ਨਾਲ ਮਿਲ ਕੇ ਆਪਣੇ ਪਰਿਵਾਰ ਵੱਲੋਂ ਪੀੜਤ ਪਰਿਵਾਰ ਦੇ ਨਾਲ ਹਰ ਮੁਸ਼ਕਿਲ ਘੜੀ ਵਿੱਚ ਚਟਾਨ ਵਾਂਗ ਡਟ ਕੇ ਖੜ੍ਹੇ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੀੜਤ ਪਰਿਵਾਰ ਦੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਕਿਸੇ ਵੀ ਚੀਜ਼ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਹਰ ਲੜਾਈ ਅੱਗੇ ਹੋ ਕੇ ਲੜੀ ਜਾਵੇਗੀ।
ਗੱਲਬਾਤ ਦੌਰਾਨ ਜਦੋਂ ਮੀਡੀਆ ਨੇ ਸਵਾਲ ਕੀਤਾ ਕਿ ਜਿਸ ਵਿਅਕਤੀ 'ਤੇ ਪਹਿਲਾਂ ਹੀ FIR ਦਰਜ ਸੀ ਅਤੇ NDPS ਐਕਟ ਦੀਆਂ ਦੋ ਧਾਰਾਵਾਂ ਲੱਗੀਆਂ ਹੋਈਆਂ ਸਨ, ਉਸ ਦਾ ਅਸਲਾ ਲਾਇਸੈਂਸ ਕਿਸ ਤਰ੍ਹਾਂ ਬਣ ਗਿਆ? ਜਦਕਿ ਪਰਵਿੰਦਰ ਝੋਟਾ ਵੀ ਇਸੇ ਗੜਬੜੀ ਅਤੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰ ਰਿਹਾ ਸੀ। ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਚੁਸਪਿੰਦਰ ਚਹਿਲ ਨੇ ਸਪੱਸ਼ਟ ਕੀਤਾ ਕਿ ਇਹ ਇੱਕ ਬਹੁਤ ਹੀ ਗਲਤ ਗੱਲ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਪਰਾਧਿਕ ਪਿਛੋਕੜ ਹੋਣ ਦੇ ਬਾਵਜੂਦ ਜਿਸ ਵੀ ਅਧਿਕਾਰੀ ਜਾਂ ਲੀਡਰ ਨੇ ਲਾਇਸੈਂਸ ਬਣਾਉਣ ਵਿੱਚ ਸਿਫ਼ਾਰਿਸ਼ ਕੀਤੀ ਹੈ ਜਾਂ ਗਲਤ ਤਰੀਕੇ ਨਾਲ ਲਾਇਸੈਂਸ ਜਾਰੀ ਕੀਤਾ ਹੈ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਚਾਹੇ ਕੋਈ ਕਿੱਡਾ ਵੀ ਵੱਡਾ ਅਫ਼ਸਰ ਹੋਵੇ ਜਾਂ ਕੋਈ ਰਾਜਨੀਤਿਕ ਆਗੂ, ਹਰ ਦੋਸ਼ੀ ਸਜ਼ਾ ਦਾ ਭਾਗੀਦਾਰ ਹੋਵੇਗਾ।
- Download Babushahi App
-
-