ਝੋਟਾ ਕਤਲ ਕਾਂਡ: ਕੇਵਲ ਢਿੱਲੋਂ ਨੇ ਬੰਨ੍ਹੀ ਕਾਲੀ ਪੱਗ, ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
"ਇਹ ਪਰਵਿੰਦਰ ਸਿੰਘ ਝੋਟਾ ਦਾ ਨਹੀਂ, ਪੰਜਾਬ ਦੀ ਕਾਨੂੰਨ ਵਿਵਸਥਾ ਦਾ ਕਤਲ ਹੈ"- ਕੇਵਲ ਢਿੱਲੋਂ ਦਾ ਆਪ ਸਰਕਾਰ 'ਤੇ ਤਿੱਖਾ ਹਮਲਾ
Babushahi Network
ਮਾਨਸਾ / ਚੰਡੀਗੜ੍ਹ, 18 ਅਕਤੂਬਰ 2026- ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਤੋਂ ਬਾਅਦ ਪੂਰੇ ਸੂਬੇ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਇਸ ਦੁਖਦਾਈ ਘਟਨਾ ਦੇ ਵਿਰੋਧ ਵਿੱਚ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੇ ਇੱਕ ਵੱਖਰਾ ਅਤੇ ਪ੍ਰਭਾਵਸ਼ਾਲੀ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਕੇਵਲ ਸਿੰਘ ਢਿੱਲੋਂ ਨੇ ਆਪਣੇ ਸਿਰ 'ਤੇ ਕਾਲੀ ਪੱਗ ਸਜਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਇਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਦਿਨ-ਰਾਤ ਲੜਾਈ ਲੜ ਰਿਹਾ ਸੀ। ਅਜਿਹੇ ਅਣਖੀ ਅਤੇ ਸਮਾਜ ਸੇਵੀ ਨੌਜਵਾਨ ਦਾ ਸ਼ਰੇਆਮ ਕਤਲ ਕੀਤਾ ਜਾਣਾ ਬੇਹੱਦ ਚਿੰਤਾਜਨਕ ਹੈ। ਢਿੱਲੋਂ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ, "ਇਹ ਸਿਰਫ਼ ਪਰਵਿੰਦਰ ਸਿੰਘ ਝੋਟੇ ਦਾ ਕਤਲ ਨਹੀਂ ਹੈ, ਸਗੋਂ ਇਹ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਦਾ ਕਤਲ ਹੈ।" ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ ਅਤੇ ਆਮ ਨੌਜਵਾਨਾਂ ਦੀ ਸੁਰੱਖਿਆ ਰਾਮ ਭਰੋਸੇ ਹੈ।
ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਲਗਾਤਾਰ ਪੀੜਤ ਪਰਿਵਾਰ ਦੇ ਸੰਪਰਕ ਵਿੱਚ ਹਨ ਅਤੇ ਬੀਤੇ ਦਿਨ ਮਾਨਸਾ ਵਿਖੇ ਚੱਲ ਰਹੇ ਇਨਸਾਫ਼ ਮੋਰਚੇ ਵਿੱਚ ਇੱਕ ਰਾਜਨੇਤਾ ਵਜੋਂ ਨਹੀਂ, ਸਗੋਂ ਪਰਿਵਾਰ ਦੇ ਇੱਕ ਮੈਂਬਰ ਵਜੋਂ ਸ਼ਾਮਿਲ ਹੋਏ ਸਨ। ਉੱਥੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਇਸ ਅੰਨ੍ਹੀ ਅਤੇ ਬੋਲੀ ਸਰਕਾਰ ਨੂੰ ਜਗਾਉਣ ਲਈ ਸਾਨੂੰ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਉਣਾ ਪਵੇਗਾ।
ਉਨ੍ਹਾਂ ਅਪੀਲ ਕੀਤੀ ਸੀ ਕਿ ਜਦੋਂ ਤੱਕ ਪਰਵਿੰਦਰ ਝੋਟੇ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਨਹੀਂ ਮਿਲਦੀ, ਉਦੋਂ ਤੱਕ ਸਾਰੇ ਪੰਜਾਬੀ ਵਿਰੋਧ ਵਜੋਂ ਕਾਲੀਆਂ ਪੱਗਾਂ, ਕਾਲੀਆਂ ਚੁੰਨੀਆਂ ਅਤੇ ਕਾਲੇ ਝੰਡਿਆਂ ਨਾਲ ਆਪਣਾ ਰੋਸ ਪ੍ਰਗਟ ਕਰਨ। ਝੋਟੇ ਦੇ ਪਿਤਾ ਸ. ਭੀਮ ਸਿੰਘ ਜੀ ਅਤੇ ਮੋਰਚੇ ਵਿੱਚ ਬੈਠੀ ਸੰਗਤ ਨੇ ਇਸ ਬੇਨਤੀ ਨੂੰ ਪ੍ਰਵਾਨ ਕੀਤਾ, ਜਿਸ ਤੋਂ ਬਾਅਦ ਕੇਵਲ ਢਿੱਲੋਂ ਨੇ ਖ਼ੁਦ ਸਭ ਤੋਂ ਪਹਿਲਾਂ ਕਾਲੀ ਪੱਗ ਸਜਾ ਕੇ ਇਸ ਸੰਘਰਸ਼ ਦੀ ਅਗਵਾਈ ਕੀਤੀ।
ਕੇਵਲ ਢਿੱਲੋਂ ਨੇ ਸਪੱਸ਼ਟ ਕੀਤਾ ਕਿ ਇਹ ਕਾਲੀ ਪੱਗ ਮਹਿਜ਼ ਇੱਕ ਕੱਪੜਾ ਨਹੀਂ ਹੈ, ਸਗੋਂ ਇਹ ਪੰਜਾਬ ਦੀ ਨਿਕੰਮੀ ਅਤੇ ਨਾਕਾਮ ਸਰਕਾਰ ਦੇ ਖ਼ਿਲਾਫ਼ ਇੱਕ ਮਜ਼ਬੂਤ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਮੁਕੰਮਲ ਇਨਸਾਫ਼ ਨਹੀਂ ਮਿਲ ਜਾਂਦਾ, ਇਹ ਕਾਲੀ ਪੱਗ ਇਸੇ ਤਰ੍ਹਾਂ ਸਜਾਈ ਜਾਵੇਗੀ। ਉਨ੍ਹਾਂ ਪੰਜਾਬ ਦੇ ਸਾਰੇ ਭੈਣ-ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਪੀੜਤ ਪਰਿਵਾਰ ਦੀ ਆਵਾਜ਼ ਬਣਨ ਅਤੇ ਇਸ ਸੰਘਰਸ਼ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ।
ਕੇਵਲ ਸਿੰਘ ਢਿੱਲੋਂ ਨੇ ਆਖਰ ਵਿੱਚ ਵਿਸ਼ਵਾਸ ਦਿਵਾਇਆ ਕਿ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਨਾਲ ਝੋਟੇ ਦੇ ਪਰਿਵਾਰ ਦੇ ਨਾਲ ਚਟਾਨ ਵਾਂਗ ਡਟੀ ਹੋਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਰ ਪੱਧਰ 'ਤੇ ਪਰਿਵਾਰ ਲਈ ਇਨਸਾਫ਼ ਦੀ ਆਵਾਜ਼ ਬੁਲੰਦ ਕਰੇਗੀ ਅਤੇ ਜਦੋਂ ਤੱਕ ਦੋਸ਼ੀਆਂ ਨੂੰ ਸੀਖਾਂ ਪਿੱਛੇ ਨਹੀਂ ਧੱਕਿਆ ਜਾਂਦਾ, ਇਹ ਸ਼ਾਂਤਮਈ ਪ੍ਰਦਰਸ਼ਨ ਅਤੇ ਸੰਘਰਸ਼ ਨਿਰੰਤਰ ਜਾਰੀ ਰਹੇਗਾ।
- Download Babushahi App
-
-