CBI ਦੇ ਸਵਾਲਾਂ ਦਾ ਜਵਾਬ ਦੇ ਕੇ ਬਾਹਰ ਨਿਕਲੇ ਰਾਜਵੀਰ ਘੁੰਮਣ... ਦੱਸਿਆ ਕਿਹੜੇ 40 ਪੁੱਛੇ ਗਏ ਸਵਾਲ
Ravi Jakhu
ਚੰਡੀਗੜ੍ਹ, 16 ਅਕਤੂਬਰ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. (OSD) ਰਾਜਵੀਰ ਸਿੰਘ ਘੁੰਮਣ ਅੱਜ ਕੇਂਦਰੀ ਜਾਂਚ ਬਿਊਰੋ (CBI) ਅੱਗੇ ਪੇਸ਼ ਹੋਏ। ਸੀਬੀਆਈ ਦਫ਼ਤਰ ਵਿਖੇ ਉਨ੍ਹਾਂ ਤੋਂ ਮਾਮਲੇ ਨਾਲ ਸੰਬੰਧਤ ਵੱਖ-ਵੱਖ ਪੱਖਾਂ 'ਤੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਵੀਰ ਸਿੰਘ ਘੁੰਮਣ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਜਾਂਚ ਏਜੰਸੀ ਵੱਲੋਂ ਤਕਰੀਬਨ 40 ਦੇ ਕਰੀਬ ਸਵਾਲ ਪੁੱਛੇ ਗਏ ਸਨ, ਜਿਨ੍ਹਾਂ ਦੇ ਉਨ੍ਹਾਂ ਨੇ ਬਹੁਤ ਹੀ ਤਸੱਲੀਬਖ਼ਸ਼ ਅਤੇ ਸਪੱਸ਼ਟ ਜਵਾਬ ਦਿੱਤੇ ਹਨ।
ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਰਾਜਵੀਰ ਘੁੰਮਣ ਨੇ ਦੱਸਿਆ ਕਿ ਇਹ ਪੂਰੀ ਜਾਂਚ ਮੁੱਖ ਤੌਰ 'ਤੇ ਈ.ਡੀ. (ED) ਦੀਆਂ ਪੁਰਾਣੀਆਂ ਚਿੱਠੀਆਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਘੁੰਮਦੇ ਮਾਮਲਿਆਂ ਤੱਕ ਸੀਮਤ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਜਾਂਚ ਅਧਿਕਾਰੀਆਂ ਨੂੰ ਆਪਣੇ ਵਕੀਲ ਨੂੰ ਨਾਲ ਲਿਜਾਣ ਬਾਰੇ ਕਿਹਾ ਤਾਂ ਏਜੰਸੀ ਦੇ ਆਪਣੇ ਨਿਯਮਾਂ ਤਹਿਤ ਵਕੀਲ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਪਰ ਉਨ੍ਹਾਂ ਨੇ ਇਸ ਵਿੱਚ ਕੋਈ ਅੜਿੱਕਾ ਨਹੀਂ ਡਾਹਿਆ ਅਤੇ ਪੂਰੇ ਸਹਿਯੋਗ ਦੀ ਭਾਵਨਾ ਨਾਲ ਇਕੱਲਿਆਂ ਹੀ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਮਾਹੌਲ ਬਹੁਤ ਸਾਧਾਰਨ ਅਤੇ ਸੁਖਾਵਾਂ ਸੀ ਅਤੇ ਕਿਸੇ ਵੀ ਕਿਸਮ ਦੀ ਘਬਰਾਹਟ ਵਾਲੀ ਕੋਈ ਗੱਲ ਨਹੀਂ ਹੈ।
ਸੋਮਵਾਰ ਨੂੰ ਮੁੜ ਪੁੱਛਗਿੱਛ ਲਈ ਕੀਤਾ ਗਿਆ ਤਲਬ
ਰਾਜਵੀਰ ਘੁੰਮਣ ਨੇ ਜਾਣਕਾਰੀ ਦਿੱਤੀ ਕਿ ਸੀਬੀਆਈ ਵੱਲੋਂ ਉਨ੍ਹਾਂ ਨੂੰ ਆਉਂਦੇ ਸੋਮਵਾਰ (19 ਅਕਤੂਬਰ) ਨੂੰ ਦੁਪਹਿਰ 2 ਵਜੇ ਫਿਰ ਤੋਂ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਉਨ੍ਹਾਂ ਦ੍ਰਿੜਤਾ ਨਾਲ ਕਿਹਾ ਕਿ ਉਹ ਕਾਨੂੰਨ ਅਤੇ ਜਾਂਚ ਏਜੰਸੀ ਦਾ ਪੂਰਾ ਸਤਿਕਾਰ ਕਰਦੇ ਹਨ ਅਤੇ ਜਿੰਨੀ ਵਾਰ ਵੀ ਉਨ੍ਹਾਂ ਨੂੰ ਬੁਲਾਇਆ ਜਾਵੇਗਾ, ਉਹ ਬਿਨਾਂ ਕਿਸੇ ਝਿਜਕ ਦੇ ਹਾਜ਼ਰ ਹੋਣਗੇ। ਉਨ੍ਹਾਂ ਆਖਿਆ, "ਪਰਮਾਤਮਾ 'ਤੇ ਪੂਰਾ ਭਰੋਸਾ ਹੈ, ਜਦੋਂ ਕੁਝ ਗਲਤ ਕੀਤਾ ਹੀ ਨਹੀਂ ਤਾਂ ਡਰ ਕਿਸ ਗੱਲ ਦਾ ਹੈ? ਅਸੀਂ ਜਲਦੀ ਹੀ ਇਸ ਜਾਂਚ ਵਿੱਚੋਂ ਕਲੀਨ ਚਿੱਟ ਲੈ ਕੇ ਬਾਹਰ ਆਵਾਂਗੇ।"
ਸਿਆਸੀ ਬਿਆਨਬਾਜ਼ੀ ਕਰਦਿਆਂ ਓ.ਐੱਸ.ਡੀ. ਰਾਜਵੀਰ ਘੁੰਮਣ ਨੇ ਦੋਸ਼ ਲਾਇਆ ਕਿ ਇਹ ਸਾਰੀ ਕਾਰਵਾਈ ਪੂਰੀ ਤਰ੍ਹਾਂ ਨਾਲ ਸਿਆਸੀ ਪ੍ਰੋਪੋਗੰਡਾ ਅਤੇ ਡਰਾਮੇਬਾਜ਼ੀ ਤੋਂ ਸਿਵਾਏ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਪੱਖੀ ਕੰਮਾਂ ਕਾਰਨ ਪੰਜਾਬ ਸਰਕਾਰ ਦੀ ਲੋਕਪ੍ਰਿਯਤਾ ਲਗਾਤਾਰ ਸਿਖ਼ਰਾਂ 'ਤੇ ਹੈ। ਵਿਰੋਧੀ ਧਿਰਾਂ ਇਸੇ ਗੱਲ ਤੋਂ ਘਬਰਾ ਕੇ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਨਾਮ ਕਰਨ ਲਈ ਅਜਿਹੇ ਹੱਥਕੰਡੇ ਅਪਣਾ ਰਹੀਆਂ ਹਨ।
ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿੱਚ ਸੱਚਾਈ ਲੋਕਾਂ ਸਾਹਮਣੇ ਬਿਲਕੁਲ ਸਪੱਸ਼ਟ ਹੋ ਜਾਵੇਗੀ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਅੰਤ ਵਿੱਚ ਉਨ੍ਹਾਂ ਆਪਣੇ ਸਾਥੀਆਂ ਅਤੇ ਸਮਰਥਕਾਂ ਨੂੰ ਵੀ ਹੌਸਲਾ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।
- Download Babushahi App
-
-