CMO ਭ੍ਰਿਸ਼ਟਾਚਾਰ ਮਾਮਲਾ! ਅਸਲ੍ਹਾ ਲਾਇਸੈਂਸ ਬਣਾਉਣ ਲਈ ਸਿਫ਼ਾਰਸ਼ ਕਰਨਾ ਕੋਈ ਗੁਨਾਹ ਨਹੀਂ, CM ਮਾਨ ਨੂੰ ਬਦਨਾਮ ਕਰਨ ਦੀ ਰਚੀ ਜਾ ਰਹੀ ਸਾਜ਼ਿਸ਼: ਚੁਸਵਿੰਦਰ ਚਹਿਲ
Babushshi Network
ਚੰਡੀਗੜ੍ਹ, 18 ਅਕਤੂਬਰ 2026: ਮੁੱਖ ਮੰਤਰੀ ਦਫ਼ਤਰ (CMO) ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਅਤੇ ਸਿਫ਼ਾਰਸ਼ਾਂ ਦੇ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਸਖ਼ਤ ਕਾਰਵਾਈ ਜਾਰੀ ਹੈ। ਇਸ ਮਾਮਲੇ ਦੇ ਮੁੱਖ ਘੇਰੇ ਵਿੱਚ ਆਏ ਰਾਜਵੀਰ ਘੁੰਮਣ ਦੇ ਕਰੀਬੀਆਂ ਅਤੇ ਸਹਿਯੋਗੀਆਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀਬੀਆਈ ਦਫ਼ਤਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਚੁਸਵਿੰਦਰ ਸਿੰਘ ਚਹਿਲ ਨੇ ਦਾਅਵਾ ਕੀਤਾ ਕਿ ਇਹ ਸਭ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਨਾਮ ਕਰਨ ਦੀ ਇੱਕ ਡੂੰਘੀ ਸਾਜ਼ਿਸ਼ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ OSD ਘੁੰਮਣ ਤੋਂ ਸੀਬੀਆਈ ਵੱਲੋਂ ਕਰੀਬ ਛੇ ਘੰਟੇ ਲੰਮੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਹਾਲਾਂਕਿ, ਅੱਜ ਜਦੋਂ ਚਹਿਲ ਨੂੰ ਦਫ਼ਤਰ ਬੁਲਾਇਆ ਗਿਆ ਤਾਂ ਕੁਝ ਦੇਰ ਬਾਅਦ ਹੀ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਚਹਿਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਉੱਤੇ ਸਿਰਫ਼ ਇੰਨਾ ਹੀ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਿਸੇ ਆਮ ਵਿਅਕਤੀ ਦੇ ਅਸਲ੍ਹਾ ਲਾਇਸੈਂਸ ਬਣਾਉਣ ਲਈ ਸਿਫ਼ਾਰਸ਼ ਕੀਤੀ ਸੀ।
ਉਨ੍ਹਾਂ ਨੇ ਕਿਹਾ, "ਸਿਫ਼ਾਰਸ਼ ਕਰਨਾ ਉਦੋਂ ਗੁਨਾਹ ਬਣਦਾ ਹੈ ਜੇਕਰ ਤੁਸੀਂ ਇਸ ਬਦਲੇ ਕੋਈ ਰਿਸ਼ਵਤ ਮੰਗੀ ਹੋਵੇ ਜਾਂ ਕੋਈ ਮਾਲੀ ਲਾਭ ਲਿਆ ਹੋਵੇ। ਮੈਂ ਜਿਸ ਵਿਅਕਤੀ ਦੀ ਸਿਫ਼ਾਰਸ਼ ਕੀਤੀ ਹੈ, ਉਹ ਕੋਈ ਗੈਂਗਸਟਰ ਜਾਂ ਅੱਤਵਾਦੀ ਨਹੀਂ, ਸਗੋਂ ਇੱਕ ਸਾਧਾਰਨ ਪਰਿਵਾਰ ਦਾ ਆਮ ਨਾਗਰਿਕ ਹੈ। ਭਾਜਪਾ ਸਰਕਾਰ ਜਾਣਬੁੱਝ ਕੇ ਇੱਕ ਇਮਾਨਦਾਰ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਦੇ ਅਕਸ ਨੂੰ ਦਾਗੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।"
ਇਸ ਪੂਰੇ ਮਾਮਲੇ ਵਿੱਚ ਸੀਬੀਆਈ ਵੱਲੋਂ ਐੱਫ.ਆਈ.ਆਰ. ਦਰਜ ਕੀਤੀ ਗਈ ਹੈ, ਜਿਸ ਵਿੱਚ ਰਾਜਵੀਰ ਘੁੰਮਣ ਸਮੇਤ ਕੁੱਲ ਛੇ ਜਣਿਆਂ ਦੇ ਨਾਮ ਸ਼ਾਮਲ ਹਨ। ਹਾਲਾਂਕਿ ਰਾਜਵੀਰ ਘੁੰਮਣ ਇਸ ਮਾਮਲੇ ਵਿੱਚ ਪਹਿਲਾਂ ਹੀ ਸੁਪਰੀਮ ਕੋਰਟ ਦਾ ਰੁਖ਼ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਉੱਤੇ ਫ਼ਿਲਹਾਲ ਰੋਕ ਲੱਗੀ ਹੋਈ ਹੈ, ਪਰ ਜਾਂਚ ਏਜੰਸੀ ਵੱਲੋਂ ਉਨ੍ਹਾਂ ਦੇ ਕਰੀਬੀਆਂ ਨੂੰ ਲਗਾਤਾਰ ਸੰਮਨ ਭੇਜ ਕੇ ਤਫ਼ਤੀਸ਼ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
- Download Babushahi App
-
-