ਪਰਮਿੰਦਰ ਸਿੰਘ ਝੋਟਾ ਕਤਲ ਮਾਮਲਾ: ਮਾਨਸਾ ਮੋਰਚੇ 'ਚ ਕੇਵਲ ਸਿੰਘ ਢਿੱਲੋਂ ਦਾ 'ਆਪ' ਸਰਕਾਰ 'ਤੇ ਹਮਲਾ, ਕਾਲੀਆਂ ਪੱਗਾਂ ਨਾਲ ਵਿਰੋਧ ਦਾ ਸੱਦਾ
*"ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਉਮੀਦ ਨਹੀਂ, ਸੀਬੀਆਈ ਜਾਂਚ ਦੁਹਰਾਈ; ਕੇਵਲ ਢਿੱਲੋਂ ਨੇ ਝੋਟੇ ਦੇ ਪਰਿਵਾਰ ਨਾਲ ਸਾਂਝਾ ਕੀਤਾ ਦੁੱਖ**
*ਝੋਟੇ ਦੇ ਇਨਸਾਫ਼ ਲਈ ਭਾਜਪਾ ਪਰਿਵਾਰ ਨਾਲ ਖੜ੍ਹੀ*
*'ਆਪ' ਸਰਕਾਰ ਨਸ਼ਾ ਬੰਦ ਕਰਨ 'ਚ ਫੇਲ, ਨਸ਼ੇ ਵਿਰੁੱਧ ਉਠਣ ਵਾਲੀ ਆਵਾਜ਼ ਕੀਤੀ ਜਾ ਰਹੀ ਬੰਦ : ਢਿੱਲੋਂ*
ਮਾਨਸਾ/ਚੰਡੀਗੜ੍ਹ, 17 ਅਕਤੂਬਰ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਮਾਨਸਾ ਵਿਖੇ ਪਰਮਿੰਦਰ ਸਿੰਘ ਝੋਟੇ ਦੇ ਇਨਸਾਫ਼ ਮੋਰਚੇ ਵਿੱਚ ਪਹੁੰਚੇ। ਇਸ ਮੌਕੇ ਉਹਨਾਂ ਪਰਮਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਅਤੇ ਉਸਦੀ ਮਾਤਾ ਨਾਲ ਦੁੱਖ ਕੀਤਾ ਸਾਂਝਾ।
ਇਸ ਮੌਕੇ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਾ ਪਰਮਿੰਦਰ ਸਿੰਘ ਝੋਟਾ ਸਾਡਾ ਯੋਧਾ ਸੀ, ਜਿਸਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸ਼ਹਾਦਤ ਦਿੱਤੀ ਹੈ। ਉਹ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੱਡੀ ਲੜਾਈ ਲੜ ਰਿਹਾ ਸੀ, ਉਸਦੀ ਇਸ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਨਸ਼ਿਆਂ ਲਈ ਬਰਬਾਦ ਕਰ ਦਿੱਤਾ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਿੰਨ ਮਹੀਨੇ ਵਿੱਚ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਸੀ, ਅੱਜ ਇਸ ਸਰਕਾਰ ਦੇ ਰਾਜ ਵਿੱਚ ਘਰ ਘਰ ਨਸ਼ਾ ਵਿਕਣ ਲੱਗ ਗਿਆ ਹੈ। ਨਸ਼ਾ ਬੰਦ ਕਰਨ ਦੀ ਥਾਂ ਨਸ਼ੇ ਵਿਰੁੱਧ ਆਵਾਜ਼ ਉਠਣ ਵਾਲੀ ਆਵਾਜ਼ ਨੂੰ ਬੰਦ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਹ ਸਿਰਫ ਪਰਮਿੰਦਰ ਸਿੰਘ ਦਾ ਮਾਮਲਾ ਹੀ ਨਹੀਂ, ਇਸਤੋਂ ਪਹਿਲਾਂ ਨਸ਼ੇ ਵਿਰੁੱਧ ਆਵਾਜ਼ ਚੁੱਕਣ 'ਤੇ ਤੂਰ ਵੰਜਾਰਾ ਦੇ ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਗਿਆ। ਪੰਜਾਬ ਦੀ 'ਆਪ' ਸਰਕਾਰ ਦੇ ਰਾਜ ਵਿੱਚ ਗਾਇਕ ਸਿੱਧੂ ਮੂਸੇ ਵਾਲਾ, ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਸਮੇਤ ਬਹੁਤ ਸਾਰੇ ਨੌਜਵਾਨਾਂ ਦੇ ਕਤਲ ਹੋ ਗਏ, ਪਰ ਅੱਜ ਤੱਕ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ।
ਉਹਨਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿਚ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ, ਜਿਸ ਲਈ ਉਹਨਾਂ ਨੇ ਪਹਿਲੇ ਹੀ ਦਿਨ ਪੰਜਾਬ ਦੇ ਰਾਜਪਾਲ ਨੂੰ ਚਿੱਠੀ ਲਿਖ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।
ਉਹਨਾਂ ਕਿਹਾ ਕਿ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ, ਜਿਸ ਤਹਿਤ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਪੰਜਾਬ ਸਰਕਾਰ ਨੂੰ ਪਰਮਿੰਦਰ ਸਿੰਘ ਝੋਟਾ ਸਮੇਤ ਤਿੰਨ ਮਾਮਲਿਆਂ ਦਾ ਜਵਾਬ ਮੰਗਿਆ ਅਤੇ ਇਸਦਾ ਪੰਜਾਬ ਸਰਕਾਰ ਕੋਲ ਕੋਈ ਜਵਾਬ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਜਨਤਾ ਪਾਰਟੀ ਹਰ ਪੱਧਰ 'ਤੇ ਪਰਿਵਾਰ ਦਾ ਸਾਥ ਦੇਣਗੇ।
ਇਸ ਮੌਕੇ ਸੰਬੋਧਨ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਪਰਮਿੰਦਰ ਸਿੰਘ ਝੋਟਾ ਦਾ ਇਨਸਾਫ਼ ਮਿਲਣ ਤੱਕ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਰੋਸ ਵਜੋਂ ਕਾਲੀਆਂ ਪੱਗਾਂ, ਕਾਲੀਆਂ ਚੁੰਨੀਆਂ ਨਾਲ ਅਤੇ ਕਾਲ਼ੀਆਂ ਝੰਡੀਆਂ ਨਾਲ ਵਿਰੋਧ ਕਰਨ ਦਾ ਸੱਦਾ ਦਿੱਤਾ, ਜਿਸਨੂੰ ਪਰਮਿੰਦਰ ਸਿੰਘ ਦੇ ਪਿਤਾ ਅਤੇ ਸੰਘਰਸ਼ ਵਿਚ ਬੈਠੀ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਵੀਕਾਰ ਕੀਤਾ।
- Download Babushahi App
-
-