Babushahi Special-ਗਲੀਆਂ ਦੇ ਵਿੱਚ ਮਾਤਮ,ਰੌਣਕ ਹੋਗੀ ਖਬਰਾਂ ’ਚ-ਸ਼ਹਿਰ ਮੇਰੇ ’ਚ ਗਰਮ ਹਵਾਵਾਂ ਚੱਲੀਆਂ ਨੇ
ਅਸ਼ੋਕ ਵਰਮਾ
ਬਠਿੰਡਾ, 17 ਅਕਤੂਬਰ 2026 : ਮਾਨਸਾ ਵਿੱਚ ਜਿੱਧਰ ਨਿਗ੍ਹਾ ਮਾਰੋ, ਹਰ ਪਾਸੇ ਸੰਨਾਟਾ ਛਾਇਆ ਹੋਇਆ ਹੈ। ਕਿਧਰੇ ਭਾਵੁਕਤਾ ਦਾ ਵਹਿਣ ਹੈ, ਕਿਧਰੇ ਸੰਵੇਦਨਾ ਤੇ ਕਿਧਰੇ ਸਹਿਮ ਭਾਰੂ ਹੈ। ਨਸ਼ਿਆਂ ਖਿਲਾਫ ਲੜਾਈ ਲੜਨ ਵਾਲਾ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਇਹ ਸਥਿਤੀ ਬਣੀ ਹੈ। ਇੰਜ ਜਾਪਦਾ ਹੈ ਕਿ ਮਾਨਸਾ ਦੇ ਹਾਸੇ ਕਿਧਰੇ ਗੁਆਚ ਗਏ ਹੋਣ। ਮਾਪਿਆਂ ਦੇ ਇਕਲੌਤੇ ਪੁੱਤ ਦਾ ਇੰਨੀ ਬੇਰਹਿਮੀ ਨਾਲ ਕਤਲ ਕਿਸੇ ਕੋਲੋਂ ਵੀ ਝੱਲਿਆ ਨਹੀਂ ਜਾ ਰਿਹਾ ਹੈ। ਝੋਟਾ ਇੱਕ ਦਲੇਰ ਨੌਜਵਾਨ ਸੀ ਜਿਸ ਨੇ ਆਖਰੀ ਸਾਹ ਵੀ ਆਪਣੇ ਨਸ਼ਾ ਖਤਮ ਕਰਨ ਦੇ ਅਹਿਦ ’ਤੇ ਪਹਿਰਾ ਦਿੰਦਿਆਂ ਲਿਆ। ਪਰਵਿੰਦਰ ਸਿੰਘ ਝੋਟਾ ਦੀ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਨੇ ਲੰਘੀ 13 ਅਕਤੂਬਰ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਜਦੋਂਕਿ ਇਸ ਮੌਕੇ ਹੋਈ ਗੋਲੀਬਾਰੀ ਦੀ ਮਾਰ ਹੇਠ ਆਕੇ ਝੋਟੇ ਦੇ ਚਾਰ ਸਾਥੀ ਜ਼ਖ਼ਮੀ ਹੋ ਗਏ ਸਨ।
ਹਾਲਾਂਕਿ ਇਸ ਕਤਲ ਮਾਮਲੇ ’ਚ ਮਾਨਸਾ ਪੁਲਿਸ ਨੇ ਮੁਲਜਮ ਅਸ਼ਵਨੀ ਕਮਾਰ ਅਤੇ ਉਸ ਦੀ ਪਤਨੀ ਨੀਲਮ ਰਾਣੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਲਗਾਤਾਰ ਤਿੰਨ ਦਿਨ ਬੰਦ ਰਹਿਣ ਤੋਂ ਬਾਅਦ ਮਾਨਸਾ ਦੇ ਬਜ਼ਾਰ ਵੀ ਖੁੱਲ੍ਹ ਗਏ ਹਨ ਪਰ ਮਾਹੌਲ ਇਸ ਕਦਰ ਉਦਾਸ ਹੈ ਕਿ ਦੁਕਾਨਾਂ ਖੁੱਲ੍ਹਣ ਦੇ ਬਾਵਜੂਦ ਸ਼ਹਿਰ ’ਚ ਪੂਰੀ ਤਰਾਂ ਬੇਰੌਣਕੀ ਛਾਈ ਹੋਈ ਹੈ। ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਸ਼ਹਿਰ ਵਾਸੀਆਂ ਵਿੱਚ ਐਨਾ ਵੱਡਾ ਰੋਸ ਅਤੇ ਮਹੌਲ ਗਮਗੀਨ ਹੈ। ਮਾਨਸਾ ’ਚ ਜਿਸ ਤਰਫ ਨਿਗਾ ਮਾਰੋ ਮੰਗਲਵਾਰ ਦੀ ਉਸ ‘ਅਸ਼ੁਭ ਸਵੇਰ’ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਜਦੋਂ ਦਿਨ ਦਿਹਾੜੇ ਲੋਕਾਂ ਦੀਆਂ ਅੱਖਾਂ ਸਾਹਮਣੇ ਪਰਵਿੰਦਰ ਝੋਟੇ ਨੂੰ ਗੋਲੀ ਮਾਰੀ ਗਈ ਸੀ। ਮਾਨਸਾ ਦੇ ਸਥਾਨਕ ਭਾਈਚਾਰਿਆਂ ਵਿੱਚ ਕਤਲ ਦੀ ਇਸ ਘਟਨਾ ਮਗਰੋਂ ਦਹਿਸ਼ਤ ਤੇ ਸਹਿਮ ਦਾ ਵਾਤਾਵਰਨ ਬਣਿਆ ਹੋਇਆ ਹੈ ਜਿਨ੍ਹਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਸਰਕਾਰ ਦੀ ਜਿੰਮੇਵਾਰੀ ਹੈ।
ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਅਗਰਵਾਲ ਭਾਈਚਾਰੇ ਨੇ ਵੀ ਇਨਸਾਨੀਅਤ ਨਾਤੇ ਦੁਸ਼ਹਿਰੇ ਦੇ ਜਸ਼ਨ ਨਾਂ ਮਨਾਉਣ ਦਾ ਫੈਸਲਾ ਕੀਤਾ ਹੈ। ‘ ਨਿਊ ਦੁਸ਼ਹਿਰਾ ਕਮੇਟੀ ’ ਵੱਲੋਂ ਸਮਾਗਮ ਰੱਦ ਕਰਨ ਦੇ ਫੈਸਲੇ ਤੋਂ ਬਾਅਦ ਇਸ ਸਾਲ ਮਾਨਸਾ ਵਿੱਚ ਦੁਸ਼ਹਿਰਾ ਨਹੀਂ ਮਨਾਇਆ ਜਾਵੇਗਾ। ਉਂਜ ਝੋਟਾ ਦੇ ਪਿਤਾ ਭੀਮ ਸਿੰਘ ਨੇ ਮਾਨਸਾ ਵਾਸੀਆਂ ਨੂੰ ਤਿਉਹਾਰ ਮਨਾਉਣ ਲਈ ਕਿਹਾ ਸੀ ਪਰ ਸ਼ਹਿਰ ਦੇ ਪਤਵੰਤਿਆਂ ਨੇ ਉਨ੍ਹਾਂ ਦੀ ਅਪੀਲ ਨਿਮਰਤਾ ਸਾਹਿਤ ਠੁਕਰਾ ਦਿੱਤੀ ਹੈ। ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਦੇ ਪ੍ਰਧਾਨ ਪ੍ਰਵੀਨ ਕੁਮਾਰ ਗੋਇਲ ਅਤੇ ਜਰਨਲ ਸਕੱਤਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਝੋਟਾ ਦੇ ਕਤਲ ਨੂੰ ਲੈਕੇ ਮਾਨਸਾ ਵਿੱਚ 20 ਅਕਤੂਬਰ ਦਾ ਦੁਸ਼ਹਿਰਾ ਉਤਸਵ ਅਤੇ ਰਾਮਲੀਲਾ ਸਬੰਧੀ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਇਸ ਪੱਤਰਕਾਰ ਵੱਲੋਂ ਲਏ ਜਾਇਜੇ ਅਨੁਸਾਰ ਕਤਲ ਕਾਰਨ ਸ਼ਹਿਰ ਦੇ ਲੋਕਾਂ ’ਚ ਤਿਉਹਾਰਾਂ ਨੂੰ ਲੈਕੇ ਕੋਈ ਉਤਸ਼ਾਹ ਨਹੀਂ ਹੈ ਜੋ ਇੰਨ੍ਹੀਂ ਦਿਨੀ ਚਰਮ ਸੀਮਾ ’ਤੇ ਹੁੰਦਾ ਹੈ।
ਦੂਜੇ ਪਾਸੇ ਸਿਰਫ ਪੰਜਾਬ ਵਿੱਚ ਹੀ ਨਹੀਂ, ਸਗੋਂ ਕਈ ਮੁਲਕਾਂ ਵਿੱਚ ਪਰਵਿੰਦਰ ਝੋਟਾ ਦੀ ਲਹਿਰ ਦੇ ਪ੍ਰਸ਼ੰਸ਼ਕਾਂ ਨੇ ਉਸ ਦੀ ਯਾਦ ਵਿੱਚ ਮੋਮਬੱਤੀ ਮਾਰਚ ਕੱਢੇ ਹਨ। ਕਤਲ ਦੀ ਇਸ ਵਾਰਦਾਤ ਨੂੰ ਲੈ ਕੇ ਝੋਟੇ ਦੀ ਮੌਤ ਦਾ ਇਨਸਾਫ ਲੈਣ ਲਈ ਚੱਲ ਰਹੇ ਡੀਸੀ ਦੀ ਰਿਹਾਇਸ਼ ਕੋਲ ਚੱਲ ਰਹੇ ਧਰਨੇ ’ਚ ਦਿਨ ਚੜ੍ਹਦਿਆਂ ਹੀ ਲੋਕ ਆਪ ਮੁਹਾਰੇ ਪੁੱਜ ਰਹੇ ਹਨ। ਪਰਵਿੰਦਰ ਝੋਟਾ ਦੀ ਮੌਤ ’ਤੇ ਸਭ ਵਰਗਾਂ ਨੇ ਨਿੱਜੀ ਵਿਤਕਰਿਆਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ’ਤੇ ਸੋਗ ਮਨਾਇਆ ਹੈ। ਇਹੋ ਕਾਰਨ ਹੈ ਕਿ ਕਤਲ ਦੀ ਵਾਰਦਾਤ ਵਾਲੇ ਦਿਨ ਮਾਨਸਾ ਸ਼ਹਿਰ ਦੇ ਸਾਰੇ ਬਜ਼ਾਰ ਆਪ ਮੁਹਾਰੇ ਬੰਦ ਰਹੇ ਸਨ ਅਤੇ ਸ਼ਹਿਰ ਵਾਸੀ ਹੁਣ ਵੀ ਆਰ ਪਾਰ ਦੀ ਲੜਾਈ ਲਈ ਤਿਆਰ ਹਨ। ਐਕਸ਼ਨ ਕਮੇਟੀ ਮੈਂਬਰ ਬਲਜੀਤ ਸ਼ਰਮਾ ਦਾ ਕਹਿਣਾ ਸੀ ਕਿ ਝੋਟੇ ਦੇ ਪਿਤਾ ਦਾ ਪ੍ਰਣ ਹੈ ਕਿ ਬਿਨਾਂ ਠੋਸ ਸਿੱਟੇ ਤੋਂ ਅੰਦੋਲਨ ਖਤਮ ਨਹੀਂ ਕੀਤਾ ਜਾਏਗਾ।
‘ਆਪ’ ਸਰਕਾਰ ਲਈ ਪਰਖ ਦਾ ਸਮਾਂ
ਪਰਵਿੰਦਰ ਸਿੰਘ ਝੋਟਾ ਦਾ ਕਤਲ ‘ਆਪ’ ਸਰਕਾਰ ਲਈ ਇਹ ਪਰਖ ਦਾ ਸਮਾਂ ਹੈ। ਮਾਪਿਆਂ ਦਾ ਗੁਆਚਿਆ ਪੁੱਤ ਨਹੀਂ ਮੁੜਨਾ, ਪਰ ਉਸ ਦੇ ਕਾਤਲ ਅਤੇ ਉਸ ਦੀ ਕਥਿਤ ਪੁਸ਼ਤਪਨਾਹੀਂ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾ ਦਿਵਾਕੇ ਪੀੜਤ ਪ੍ਰੀਵਾਰ ਨੂੰ ਇਨਸਾਫ ਦਿਵਾਉਣਾ ਸਰਕਾਰ ਦੀ ਜਿੰਮੇਵਾਰੀ ਹੈ। ਝੋਟਾ ਦੀ ਮੌਤ ’ਤੇ ਹਰ ਸ਼ਖਸ ਦੀ ਅੱੱਖ ਨਮ ਹੈ। ਉਸ ਦੇ ਪ੍ਰਸੰਸਕਾਂ ਦੇ ਨਾਲ ਨਾਲ ਉਸ ਦੇ ਆਲੋਚਕਾਂ ਨੂੰ ਵੀ ਇਸ ਬੇਵਕਤੀ ਮੌਤ ਨੇ ਦੁੱੱਖ ਪਹੁੰਚਾਇਆ ਹੈ। ਕਤਲ ਵਾਲੀ ਥਾਂ ਤੇ ਪਰਵਿੰਦਰ ਝੋਟੇ ਦੀ ਸੋਚ ਨੂੰ ਸਮਰਪਿਤ ਉਸ ਦੀ ਫੋਟੋ ਵਾਲਾ ਬੈਨਰ ਲਾ ਦਿੱਤਾ ਗਿਆ ਹੈ।
ਦਲੇਰ ਅਤੇ ਫੱਕਰ ਸੀ ਝੋਟਾ
ਸਾਬਕਾ ਫ਼ੌਜੀ ਭੀਮ ਸਿੱਘ ਦਾ ਇਕਲੌਤਾ ਪੁੱਤ ਐਂਟੀ ਡਰੱਗ ਟਾਸਕ ਫੋਰਸ ਦੇ ਮੈਂਬਰ ਪਰਵਿੰਦਰ ਸਿੰਘ ਝੋਟਾ ਰਹਿਣੀ ਬਹਿਣੀ ਦਾ ਦੇਸੀ , ਸੁਭਾਅ ਦਾ ਫੱਕਰ ਅਤੇ ਦਲੇਰ ਨੌਜਵਾਨ ਸੀ। ਆਖ਼ਰੀ ਸਾਹ ਲੈਣ ਤੋਂ ਪਹਿਲਾਂ ਤੱਕ ਝੋਟਾ ਮੌਤ ਨਾਲ ਖੁੱਲ੍ਹਕੇ ਗੱਲਾਂ ਕਰਦਾ ਰਿਹਾ। ਉਸ ਨੇ ਨਸ਼ਾ ਤਸਕਰੀ ਖ਼ਿਲਾਫ਼ ਬੀੜਾ ਚੁੱਕਿਆ ਸੀ ਜਿਸ ਦੇ ਢੰਗ ਤਰੀਕੇ ’ਤੇ ਕਿੰਤੂ ਵੀ ਹੋਏ ਸਨ ਪ੍ਰੰਤੂ ਮਿਸ਼ਨ ਬਾਰੇ ਕਿਸੇ ਨੇ ਉਂਗਲ ਨਹੀਂ ਚੁੱਕੀ ਸੀ। ਝੋਟੇ ਦੇ ਇਨਸਾਫ ਲਈ ਮਾਨਸਾ ਦੀ ਤਿਕੋਣੀ ’ਚ ਵੱਡਾ ਪੰਡਾਲ ਸਜਿਆ ਹੋਇਆ ਹੈ।
- Download Babushahi App
-
-