ਚੰਗੇ ਤੇ ਅਨੁਭਵੀ ਅਧਿਕਾਰੀਆਂ ਦੀ ਸੇਵਾਮੁਕਤੀ ਵਿਭਾਗ ਅੰਦਰ ਹਮੇਸ਼ਾਂ ਉਹਨਾਂ ਦੀ ਗੈਰ-ਹਾਜ਼ਰੀ ਦਾ ਅਹਿਸਾਸ ਕਰਾਉਂਦੀ ਹੈ- ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ
ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਪੀ (ਪੀ.ਬੀ.ਆਈ) ਪਵਨਜੀਤ ਦੀ ਸੇਵਾਮੁਕਤੀ ’ਤੇ ਯਾਦਗਾਰ ਵਿਦਾਇਗੀ ਸਮਾਗਮ, ਸਮੂਹ ਪੁਲਿਸ ਸਟਾਫ ਵੱਲੋਂ ਦਿੱਤੀ ਗਈ ਭਾਵੁਕ ਵਿਦਾਈ
ਰਵਿੰਦਰ ਢਿੱਲੋਂ
ਖੰਨਾ, 31 ਅਗਸਤ 2026- ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਪੀ (ਪੀ.ਬੀ.ਆਈ) ਪਵਨਜੀਤ ਦੀ ਸੇਵਾਮੁਕਤੀ ਮੌਕੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਯਾਦਗਾਰ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਭਾਵੁਕ ਸਮਾਗਮ ਵਿੱਚ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਅਤੇ ਸਟਾਫ ਨੇ ਹਾਜ਼ਰੀ ਭਰੀ ਅਤੇ ਸੇਵਾਮੁਕਤੀ ਮੌਕੇ ਅਧਿਕਾਰੀ ਨੂੰ ਸਨਮਾਨਤ ਕਰਦੇ ਹੋਏ ਉਨ੍ਹਾਂ ਦੀ ਸੇਵਾਵਾਂ ਨੂੰ ਯਾਦ ਕੀਤਾ। ਸਮਾਗਮ ਦੌਰਾਨ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਖ਼ਾਸ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਐਸ.ਪੀ ਪਵਨਜੀਤ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਐਸ.ਪੀ ਪਵਨਜੀਤ ਨੇ ਆਪਣੀ ਲੰਬੀ ਅਤੇ ਗੌਰਵਮਈ ਸੇਵਾ ਦੌਰਾਨ ਇਮਾਨਦਾਰੀ ਅਤੇ ਸਮਰਪਣ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਐਸ.ਪੀ ਪਵਨਜੀਤ ਹਮੇਸ਼ਾ ਆਪਣੇ ਫਰਜ਼ਾਂ ਪ੍ਰਤੀ ਨਿਸ਼ਠਾਵਾਨ ਰਹੇ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੀ ਕਾਰਜਸ਼ੈਲੀ ਨੌਜਵਾਨ ਅਧਿਕਾਰੀਆਂ ਲਈ ਪ੍ਰੇਰਣਾ ਦਾ ਸਰੋਤ ਰਹੇਗੀ। ਐਸ.ਐਸ.ਪੀ ਨੇ ਕਿਹਾ ਕਿ ਐਸ.ਪੀ ਪਵਨਜੀਤ ਦੀ ਸੇਵਾਮੁਕਤੀ ਪੁਲਿਸ ਵਿਭਾਗ ਲਈ ਇੱਕ ਵੱਡਾ ਘਾਟਾ ਵੀ ਹੈ, ਕਿਉਂਕਿ ਇਹੋ ਜਿਹੋ ਅਧਿਕਾਰੀਆਂ ਦੀ ਸੇਵਾਮੁਕਤੀ ਵਿਭਾਗ ਅੰਦਰ ਹਮੇਸ਼ਾਂ ਕਮੀ ਦਾ ਅਹਿਸਾਸ ਕਰਾਉਂਦੀ ਹੈ। ਪਰ ਉਨ੍ਹਾਂ ਵੱਲੋਂ ਕੀਤੀ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸਮਾਗਮ ਦੌਰਾਨ ਐਸ.ਪੀ (ਡੀ) ਰਾਕੇਸ਼ ਕੁਮਾਰ ਯਾਦਵ, ਡੀ.ਐਸ.ਪੀ (ਆਈ) ਮੋਹਿਤ ਸਿੰਗਲਾ, ਡੀ.ਐਸ.ਪੀ (ਐਚ) ਗੱਬਰ ਸਿੰਘ, ਡੀ.ਐਸ.ਪੀ (ਟ੍ਰੈਫਿਕ) ਕਰਮਵੀਰ ਤੂਰ, ਡੀ.ਐਸ.ਪੀ (ਨਾਰਕੋਟਿਕਸ) ਕਰਮਜੀਤ ਸਿੰਘ ਗਰੇਵਾਲ, ਡੀ.ਐਸ.ਪੀ (ਹੋਮੋਸਾਈਡ) ਪਵਨ ਕੁਮਾਰ, ਡੀ.ਐਸ.ਪੀ ਖੰਨਾ ਵਿਨੋਦ ਕੁਮਾਰ, ਡੀ.ਐਸ.ਪੀ ਸਮਰਾਲਾ ਪ੍ਰਿਤਪਾਲ ਸਿੰਘ ਅਤੇ ਡੀ.ਐਸ.ਪੀ ਪਾਇਲ ਹਰਮਨਪ੍ਰੀਤ ਸਿੰਘ ਚੀਮਾ, ਇੰਚਾਰਜ ਸਪੈਸ਼ਲ ਬ੍ਰਾਂਚ ਜਰਨੈਲ ਸਿੰਘ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਸਭ ਅਧਿਕਾਰੀਆਂ ਨੇ ਐਸ.ਪੀ ਪਵਨਜੀਤ ਦੇ ਕਾਰਜਕਾਲ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਵਿਦਾਇਗੀ ਸਮਾਗਮ ਦੌਰਾਨ ਐਸ.ਪੀ ਪਵਨਜੀਤ ਨੇ ਭਾਵੁਕ ਹੋ ਕੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵਿਭਾਗ ਵਿੱਚ ਬਿਤਾਇਆ ਹਰ ਪਲ ਉਨ੍ਹਾਂ ਲਈ ਯਾਦਗਾਰ ਰਿਹਾ ਹੈ। ਉਨ੍ਹਾਂ ਨੇ ਆਪਣੇ ਸਹਿਯੋਗੀ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਟੀਮ ਵਰਕ ਦੇ ਬਿਨਾਂ ਕੋਈ ਵੀ ਸਫਲਤਾ ਸੰਭਵ ਨਹੀਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਨੂੰ ਪੁਲਿਸ ਵਰਗੇ ਅਨੁਸ਼ਾਸਿਤ ਅਤੇ ਜ਼ਿੰਮੇਵਾਰ ਵਿਭਾਗ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ।
ਸਮੂਹ ਸਟਾਫ ਵੱਲੋਂ ਐਸ.ਪੀ ਪਵਨਜੀਤ ਨੂੰ ਯਾਦਗਾਰੀ ਚਿੰਨ੍ਹ ਅਤੇ ਹੋਰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀ ਲੰਬੀ ਸੇਵਾ ਨੂੰ ਸਲਾਮ ਕੀਤਾ ਗਿਆ। ਸਮਾਗਮ ਦੌਰਾਨ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ, ਜਿਸ ਕਾਰਨ ਮਾਹੌਲ ਭਾਵੁਕ ਹੋ ਗਿਆ। ਕਈ ਕਰਮਚਾਰੀਆਂ ਦੀਆਂ ਅੱਖਾਂ ਵਿੱਚ ਜੁਦਾਈ ਦੇ ਹੰਝੂ ਵੀ ਨਜ਼ਰ ਆਏ, ਜੋ ਐਸ.ਪੀ ਪਵਨਜੀਤ ਨਾਲ ਉਨ੍ਹਾਂ ਦੇ ਗਹਿਰੇ ਸਬੰਧਾਂ ਨੂੰ ਦਰਸਾਉਂਦੇ ਸਨ।
ਅੰਤ ਵਿੱਚ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਐਸ.ਪੀ ਪਵਨਜੀਤ ਵੱਲੋਂ ਕੀਤੀ ਗਈ ਨਿਸ਼ਕਾਮ ਸੇਵਾ ਸਦਾ ਯਾਦ ਰੱਖੀ ਜਾਵੇਗੀ ਅਤੇ ਉਨ੍ਹਾਂ ਦੀ ਕਾਰਜਸ਼ੈਲੀ ਭਵਿੱਖ ਵਿੱਚ ਪੁਲਿਸ ਵਿਭਾਗ ਲਈ ਮਾਰਗਦਰਸ਼ਕ ਬਣੀ ਰਹੇਗੀ। ਇਹ ਵਿਦਾਇਗੀ ਸਮਾਗਮ ਸਿਰਫ਼ ਇੱਕ ਅਧਿਕਾਰੀ ਦੀ ਸੇਵਾਮੁਕਤੀ ਨਹੀਂ, ਸਗੋਂ ਇਮਾਨਦਾਰੀ ਅਤੇ ਸਮਰਪਣ ਨੂੰ ਦਿੱਤਾ ਗਿਆ ਸਨਮਾਨ ਸੀ।
- Download Babushahi App
-
-