ਸੀਨੀਅਰ ਪੱਤਰਕਾਰ ਕੁਲਦੀਪ ਸੂਦ ਦੇ ਦੇਹਾਂਤ ਕਾਰਨ ਪਰਿਵਾਰ ਨੂੰ ਡੂੰਘਾ ਸਦਮਾ
ਅਸ਼ੋਕ ਵਰਮਾ
ਬਰਨਾਲਾ, 31 ਅਗਸਤ 2026 :ਹੰਡਿਆਇਆ ਤੋਂ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਕੁਲਦੀਪ ਸੂਦ (76) ਦਾ ਸੰਖੇਪ ਬਿਮਾਰੀ ਉਪਰੰਤ ਦੌਰਾਨੇ ਇਲਾਜ ਦਿਹਾਂਤ ਹੋ ਗਿਆ ਜਿਸ ਕਾਰਨ ਪਰਿਵਾਰ ਨੂੰ ਡੂੰਘਾ ਸਦਮਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਲੰਘੀ 28 ਅਗਸਤ ਦੀ ਰਾਤ ਅਚਾਨਕ ਤਬੀਅਤ ਖਰਾਬ ਹੋਣ 'ਤੇ ਉਨ੍ਹਾਂ ਦੇ ਡਾਕਟਰ ਸਪੁੱਤਰ ਡਾ.ਰਾਜਵੰਸ਼ ਸੂਦ ਵੱਲੋਂ ਮੁਢਲਾ ਚੈੱਕ ਅਪ ਤੇ ਮੈਡੀਕਲ ਸਹਾਇਤਾ ਉਪਰੰਤ ਹਾਲਤ ਨਾਜ਼ੁਕ ਦੇਖਦਿਆਂ ਉਨ੍ਹਾਂ ਨੂੰ ਡੀਐੱਮਸੀ ਲੁਧਿਆਣਾ ਵਿਖੇ ਭਰਤੀ ਕਰਵਾਇਆ ਗਿਆ। ਜਿੱਥੇ ਦੌਰਾਨੇ ਇਲਾਜ ਅੱਜ ਬਾਅਦ ਦੁਪਹਿਰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ ਲਲਿਤਾ ਸੂਦ, ਪੁੱਤਰ ਡਾ.ਰਾਜਵੰਸ਼ ਸੂਦ ਤੇ ਦੋ ਬੇਟੀਆਂ (ਬੱਚੇ ਸਾਰੇ ਸ਼ਾਦੀਸ਼ੁਦਾ) ਛੱਡ ਗਏ।
ਦੱਸਣਯੋਗ ਹੈ ਕਿ ਕੁਲਦੀਪ ਸੂਦ ਪੰਜਾਬੀ ਟ੍ਰਿਬਿਊਨ, ਦੈਨਿਕ ਟ੍ਰਿਬਿਊਨ ਤੋਂ ਇਲਾਵਾ ਕੌਮੀ ਦੇਣ, ਬਰਾਈਟ ਪੰਜਾਬ ਐਕਸਪ੍ਰੈਸ, ਯੁਗ ਮਾਰਗ ਅਤੇ ਦਾ ਸਵੇਰਾ ਟਾਈਮਜ਼ ਮੀਡੀਆ ਅਦਾਰਿਆਂ ਨਾਲ ਜੁੜੇ ਰਹੇ। ਇਸ ਤੋਂ ਇਲਾਵਾ ਮੈਰਿਜ ਪੈਲੇਸ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਅਤੇ ਪੱਤਰਕਾਰ ਜਥੇਬੰਦੀਆਂ ਦੇ ਮੋਹਰੀ ਆਗੂਆਂ ’ਚ ਸ਼ੁਮਾਰ ਸਨ। ਅਚਾਨਕ ਦੇਹਾਂਤ ਦੀ ਸੂਚਨਾ ਮਿਲਦੇ ਹੀ ਇਲਾਕੇ ਦੀਆਂ ਰਾਜਸੀ, ਸਮਾਜਿਕ, ਵਪਾਰੀ, ਪੱਤਰਕਾਰ ਤੇ ਸਾਹਿਤਕ ਸਖ਼ਸ਼ੀਅਤਾਂ ਨੇ ਸਦਮਾਗ੍ਰਸਤ ਸੂਦ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
- Download Babushahi App
-
-