ਨਸ਼ਾ ਤਸਕਰੀ ਵਿਰੁੱਧ ਧਰਨਾ ਲਾਉਣ ਵਾਲੇ ਕਮਲਜੀਤ ਸਾਜਨ ’ਤੇ ਹੋਏ ਹਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਮੰਗੀ
ਨਸ਼ਾ ਤਸਕਰਾਂ ਖ਼ਿਲਾਫ਼ ਵੱਡਾ ਲੋਕ ਅੰਦੋਲਨ ਖੜ੍ਹਾ ਕਰਨ ਦਾ ਐਲਾਨ, 18 ਮੈਂਬਰੀ ਕਮੇਟੀ ਦਾ ਗਠਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 31 ਅਗਸਤ,2026
ਪਿੰਡ ਔੜ ਦੇ ਨਸ਼ਾ ਤਸਕਰਾਂ ਖਿਲਾਫ ਧਰਨੇ ਤੇ ਬੈਠੇ ਕਮਲਜੀਤ ਸਾਜਨ ਉੱਪਰ ਕਥਿਤ ਨਸ਼ਾ ਤਸਕਰਾਂ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ਦੇ ਵਿਰੋਧ ਅਤੇ ਪਿੰਡ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਅੱਜ ਸੀਪੀਆਈ(ਐੱਮਐੱਲ) ਨਿਊ ਡੈਮੋਕਰੈਸੀ ਦੀ ਅਗਵਾਈ ਹੇਠ ਪਿੰਡ ਔੜ ਵਿਖੇ ਇੱਕ ਵੱਡੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਇਲਾਕੇ ਦੇ ਲੋਕਾਂ,ਹੋਰ ਪਤਵੰਤੇ ਸੱਜਣਾਂ ਤੋਂ ਇਲਾਵਾ ਪਾਰਟੀ ਆਗੂਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ(ਐੱਮਐੱਲ) ਨਿਊ ਡੈਮੋਕਰੇਸੀ ਦੇ ਆਗੂ ਕੁਲਵਿੰਦਰ ਸਿੰਘ ਵੜੈਚ ਅਤੇ ਦਲਜੀਤ ਸਿੰਘ ਐਡਵੋਕੇਟ, ਸੀ ਪੀ ਆਈ ਐਮ ਦੇ ਜਿਲਾ ਸਕੱਤਰ ਚਰਨਜੀਤ ਸਿੰਘ ਦੌਲਤ ਪੁਰ, ਆਰ ਐਮ ਪੀ ਆਈ ਦੇ ਜਿਲਾ ਸਕੱਤਰ ਕੁਲਦੀਪ ਸਿੰਘ ਦੌੜਕਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ 19 ਅਗਸਤ ਰਾਤ ਨੂੰ ਧਰਨੇ ਤੇ ਬੈਠੇ ਕਮਲਜੀਤ ਸਾਜਨ ਉੱਪਰ ਹਮਲਾ ਕਰਕੇ ਉਸ ਦੀਆਂ ਲੱਤਾਂ ਅਤੇ ਬਾਹਾਂ ਤੋੜ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਗੰਭੀਰ ਘਟਨਾ ਦੇ ਬਾਵਜੂਦ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਅਜੇ ਤੱਕ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ ਵਿੱਚ ਰੋਸ ਹੈ।
ਬੁਲਾਰਿਆਂ ਨੇ ਕਿਹਾ ਕਿ ਨਸ਼ਿਆਂ ਦਾ ਫੈਲਾਅ ਸਿਰਫ਼ ਨੌਜਵਾਨਾਂ ਦੀ ਜ਼ਿੰਦਗੀ ਨੂੰ ਤਬਾਹ ਨਹੀਂ ਕਰ ਰਿਹਾ, ਸਗੋਂ ਇਸ ਨਾਲ ਪਿੰਡਾਂ ਦੇ ਸਮਾਜਿਕ ਮਾਹੌਲ ’ਤੇ ਵੀ ਗੰਭੀਰ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਮਲਜੀਤ ਸਾਜਨ ’ਤੇ ਹਮਲੇ ਦੇ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਿੰਡ ਔੜ ਵਿੱਚ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਉਹਨਾਂ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਸਿਰਫ਼ ਸਰਕਾਰੀ ਦਾਅਵਿਆਂ ਨਾਲ ਨਹੀਂ, ਸਗੋਂ ਲੋਕਾਂ ਦੀ ਜਥੇਬੰਦਕ ਤਾਕਤ ਨਾਲ ਪ੍ਰਭਾਵਸ਼ਾਲੀ ਲੜਾਈ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਵਿਰੁੱਧ ਇਲਾਕਾ ਪੱਧਰ ’ਤੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਔੜ ਅਤੇ ਆਸ-ਪਾਸ ਦੇ ਇਲਾਕੇ ਵਿੱਚ ਨਸ਼ਿਆਂ ਦੇ ਖ਼ਿਲਾਫ਼ ਇੱਕ ਵੱਡਾ ਲੋਕ ਅੰਦੋਲਨ ਖੜ੍ਹਾ ਕੀਤਾ ਜਾਵੇਗਾ।
ਮੀਟਿੰਗ ਵਿੱਚ 18 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੀ ਅਗਵਾਈ ਵਿੱਚ ਨਸ਼ਾ ਤਸਕਰੀ ਵਿਰੁੱਧ ਅਤੇ ਕਮਲਜੀਤ ਸਾਜਨ ਦੇ ਹਮਲਾਵਰਾਂ ਵਿਰੁੱਧ ਕਾਰਵਾਈ ਕਰਾਉਣ ਲਈ ਸੰਘਰਸ਼ ਲੜਿਆ ਜਾਵੇਗਾ।ਕਮਲਜੀਤ ਸਾਜਨ ਦੇ ਮਾਮਲੇ ਵਿਚ 3 ਸਤੰਬਰ ਨੂੰ ਐਸ ਐਸ ਪੀ ਸ਼ਹੀਦ ਭਗਤ ਸਿੰਘ ਨਗਰ ਨੂੰ ਇਕ ਵਫਦ ਮਿਲੇਗਾ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕਰੇਗਾ। ਦਲਜੀਤ ਸਿੰਘ ਐਡਵੋਕੇਟ,ਮੋਹਨ ਸਿੰਘ,ਚਰਨਜੀਤ ਸਿੰਘ,ਸੁਰਿੰਦਰ ਸਿੰਘ,ਅਵਤਾਰ ਸਿੰਘ,ਭੁਪਿੰਦਰ ਸਿੰਘ ਵੜੈਚ,ਕਸ਼ਮੀਰਾ ਸਿੰਘ ਬੇਗੋਵਾਲ,ਸੁਖਦੇਵ ਸਿੰਘ ਗਰਚਾ,ਸੁਰਿੰਦਰ ਸਿੰਘ ਮਹਿਰਮਪੁਰ,ਨਿਰਮਲ ਸਿੰਘ,ਕਮਲਜੀਤ ਸਾਜਨ,ਪਰਸ਼ੋਤਮ ਸ਼ੋਤੀ,ਮਨੋਹਰ ਲਾਲ ਮੱਲਾ ਬੇਦੀਆਂ,ਅਮਰਜੀਤ ਸਿੰਘ ਗੜੁਪੜ,ਬੂਟਾ ਸਿੰਘ ਮਹਿਮੂਦਪੁਰ,ਕ੍ਰਿਸ਼ਨ ਕੁਮਾਰ ਬੇਗੋਵਾਲ, ਸ਼ਵਿੰਦਰ ਸਿੰਘ ਔੜ,ਕਮਲਜੀਤ ਸਰਪੰਚ ਔੜ ਅਤੇ ਹਰਪਾਲ ਸਿੰਘ ਜਗਤਪੁਰ ਇਸ ਕਮੇਟੀ ਦੇ ਮੈਂਬਰ ਬਣੇ।
ਇਸ ਮੌਕੇ, ਹਰਪਾਲ ਸਿੰਘ ਜਗਤਪੁਰ,ਸ਼ਕੁੰਤਲਾ ਸਰੋਏ, ਹਰੀ ਰਾਮ ਰਸੂਲਪੁਰੀ ਨੇ ਵੀ ਵਿਚਾਰ ਪ੍ਰਗਟ ਕੀਤੇ।
- Download Babushahi App
-
-