ਕਰਜ਼ਾ ਮੁਆਫ਼ੀ ਅਤੇ WTO ਸਮਝੌਤਾ ਰੱਦ ਕਰਨ ਸਮੇਤ 13 ਮੰਗਾਂ ਨੂੰ ਲੈ ਕੇ BKU (ਉਗਰਾਹਾਂ) ਵੱਲੋਂ ਡੀਸੀ ਦਫ਼ਤਰਾਂ ਅੱਗੇ ਅਨਿਸ਼ਚਿਤਕਾਲੀ ਪੱਕੇ ਮੋਰਚੇ ਸ਼ੁਰੂ
Kamaljeet Singh
Barnala- 30 ਅਗਸਤ, 2026: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਤੋਂ ਪੰਜਾਬ ਭਰ ਦੇ ਜ਼ਿਲ੍ਹਾ ਕੁਲੈਕਟਰ (ਡੀਸੀ) ਦਫ਼ਤਰਾਂ ਅੱਗੇ ਕਿਸਾਨਾਂ ਵੱਲੋਂ ਅਨਿਸ਼ਚਿਤਕਾਲੀ ਪੱਕੇ ਮੋਰਚੇ ਲਗਾ ਦਿੱਤੇ ਗਏ ਹਨ। ਇਸੇ ਤਹਿਤ ਬਰਨਾਲਾ ਦੇ ਡੀਸੀ ਦਫ਼ਤਰ ਦੇ ਮੁੱਖ ਗੇਟ ਅੱਗੇ ਵੀ ਕਿਸਾਨਾਂ ਵੱਲੋਂ ਮੋਰਚਾ ਗੱਡ ਕੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਧਰਨਾ ਕਿਸੇ ਇੱਕ-ਦੋ ਦਿਨ ਦਾ ਨਹੀਂ, ਸਗੋਂ ਮੰਗਾਂ ਮੰਨੇ ਜਾਣ ਤੱਕ ਨਿਰੰਤਰ ਜਾਰੀ ਰਹੇਗਾ।
ਮੋਰਚੇ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ (ਉਗਰਾਹਾਂ) ਦੇ ਆਗੂ ਚਮਕੌਰ ਸਿੰਘ ਨੈਣੇਵਾਲ ਨੇ ਦੱਸਿਆ ਕਿ ਇਹ ਸੰਘਰਸ਼ ਅਮਰੀਕਾ ਟ੍ਰੇਡ ਸਮਝੌਤੇ, WTO ਸਮਝੌਤਾ ਰੱਦ ਕਰਨ ਅਤੇ ਪਾਣੀ ਦੇ ਮੁੱਦਿਆਂ ਸਮੇਤ 13 ਵੱਖ-ਵੱਖ ਮੰਗਾਂ ਨੂੰ ਲੈ ਕੇ ਵਿੱਢਿਆ ਗਿਆ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਇਹ ਸਮਝੌਤੇ ਕਿਸਾਨਾਂ, ਛੋਟੇ ਦੁਕਾਨਦਾਰਾਂ ਅਤੇ ਮੁਲਾਜ਼ਮਾਂ ਲਈ ਮਾਰੂ ਸਾਬਤ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਡਰੋਨ ਮੈਪਿੰਗ (ਲੈਂਡ ਪੂਲਿੰਗ ਪਾਲਿਸੀ) ਨੂੰ ਤੁਰੰਤ ਰੱਦ ਕੀਤਾ ਜਾਵੇ, ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦਿੱਤੀ ਜਾਵੇ ਅਤੇ ਵਿਸ਼ਵ ਬੈਂਕ ਦੀਆਂ ਨੀਤੀਆਂ ਤਹਿਤ ਪਾਣੀ ਦੇ ਹੋ ਰਹੇ ਵਪਾਰੀਕਰਨ ਨੂੰ ਰੋਕਿਆ ਜਾਵੇ।
ਕਿਸਾਨ ਆਗੂਆਂ ਨੇ ਦੱਸਿਆ ਕਿ ਲੰਬੇ ਸੰਘਰਸ਼ ਲਈ ਪਿੰਡਾਂ ਤੋਂ ਰਾਸ਼ਨ, ਟੈਂਟ, ਲੰਗਰ ਅਤੇ ਹੋਰ ਜ਼ਰੂਰੀ ਸਾਮਾਨ ਟਰਾਲੀਆਂ ਵਿੱਚ ਲੱਦ ਕੇ ਕਿਸਾਨ ਧਰਨੇ ਵਾਲੀਆਂ ਥਾਵਾਂ 'ਤੇ ਪਹੁੰਚ ਚੁੱਕੇ ਹਨ। ਕਿਸਾਨਾਂ ਦਾ ਰਾਤ ਦਾ ਠਹਿਰਾਅ ਵੀ ਧਰਨੇ ਵਾਲੀ ਥਾਂ 'ਤੇ ਹੀ ਹੋਵੇਗਾ ਅਤੇ ਜਦੋਂ ਤੱਕ 13 ਮੰਗਾਂ ਦਾ ਹੱਲ ਨਹੀਂ ਹੁੰਦਾ, ਇਹ ਪੱਕੇ ਮੋਰਚੇ ਲਗਾਤਾਰ ਜਾਰੀ ਰਹਿਣਗੇ।
- Download Babushahi App
-
-