ਪ੍ਰਸ਼ਾਸਨ ਨੂੰ ਵੱਡੇ ਹਾਦਸੇ ਦੀ ਉਡੀਕ! ਰੇਲਿੰਗ ਨੂੰ ਰਾਜਨੀਤਿਕ ਮੁੱਦਾ ਨਾ ਬਣਾਇਆ ਜਾਵੇ- ਕਾਮਰੇਡ ਕੰਵਲਜੀਤ ਖੰਨਾ
ਮਾਮਲਾ ਪੁਲ ਦੀ ਸੁਰੱਖਿਆ ਰੇਲਿੰਗ ਦਾ, 4 ਮਹੀਨੇ ਬਾਅਦ ਵੀ ਨਹੀਂ ਲੱਗੀ
ਦੀਪਕ ਜੈਨ
ਜਗਰਾਉਂ, 24 ਅਗਸਤ 2026- ਸ਼ਹਿਰ ਦੇ ਝਾਂਸੀ ਰਾਣੀ ਚੌਂਕ ਨੇੜੇ ਸਥਿਤ ਰੇਲਵੇ ਪੁਲ ਦੀ ਸੁਰੱਖਿਆ ਰੇਲਿੰਗ ਦਾ ਮਾਮਲਾ ਹੁਣ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਸੜਕ ਨਿਰਮਾਣ ਦੇ ਕੰਮ ਦੌਰਾਨ ਕਰੀਬ ਚਾਰ ਮਹੀਨੇ ਪਹਿਲਾਂ ਪੁੱਟੀ ਗਈ ਰੇਲਿੰਗ ਅਜੇ ਤੱਕ ਦੁਬਾਰਾ ਨਹੀਂ ਲੱਗੀ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਕਾਮਰੇਡ ਕੰਵਲਜੀਤ ਖੰਨਾ ਨੇ ਦੋਸ਼ ਲਗਾਇਆ ਕਿ ਰੇਲਿੰਗ ਲਗਾਉਣ ਲਈ ਲੋੜੀਂਦਾ ਸਮਾਨ ਆ ਜਾਣ ਦੇ ਬਾਵਜੂਦ ਇਸ ਨੂੰ ਅਜੇ ਤੱਕ ਨਹੀਂ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਪੁਲ 'ਤੇ ਰੋਜ਼ਾਨਾ ਹਾਦਸੇ ਵਾਪਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਅਤੇ ਕਈ ਵਾਹਨ ਚਾਲਕ ਗਲਤ ਦਿਸ਼ਾ ਤੋਂ ਮੁੜਦੇ ਹਨ, ਜਿਸ ਕਾਰਨ ਹਾਦਸੇ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ ਦੀ ਸੁਰੱਖਿਆ ਨਾਲ ਜੁੜੇ ਇਸ ਮਾਮਲੇ ਨੂੰ ਰਾਜਨੀਤਿਕ ਰੰਗ ਨਹੀਂ ਦਿੱਤਾ ਜਾਣਾ ਚਾਹੀਦਾ। “ਪੁਲ ਦੀ ਰੇਲਿੰਗ ਲੋਕਾਂ ਦੀ ਸੁਰੱਖਿਆ ਲਈ ਹੈ, ਇਸ ਨੂੰ ਰਾਜਨੀਤਿਕ ਮੁੱਦਾ ਬਣਾਉਣਾ ਬਿਲਕੁਲ ਗਲਤ ਹੈ। ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ, ਕੰਵਲਜੀਤ ਖੰਨਾ ਨੇ ਕਿਹਾ ਪੀ.ਡਬਲਯੂ.ਡੀ. ਵਿਭਾਗ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕਿਸੇ ਰਾਜਨੀਤਿਕ ਦਬਾਅ ਕਾਰਨ ਰੇਲਿੰਗ ਲਗਾਉਣ ਵਿੱਚ ਦੇਰੀ ਹੋ ਰਹੀ ਹੈ ਤਾਂ ਇਹ ਬਹੁਤ ਹੀ ਚਿੰਤਾਜਨਕ ਗੱਲ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਸਥਿਤੀ ਸਪੱਸ਼ਟ ਕਰੇ ਅਤੇ ਰੇਲਿੰਗ ਲਗਾਉਣ ਦਾ ਕੰਮ ਬਿਨਾਂ ਕਿਸੇ ਹੋਰ ਦੇਰੀ ਦੇ ਪੂਰਾ ਕੀਤਾ ਜਾਵੇ।
ਖੰਨਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਦੋ ਦਿਨਾਂ ਦੇ ਅੰਦਰ ਰੇਲਿੰਗ ਨਾ ਲਗਾਈ ਗਈ ਤਾਂ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸਥਿਤੀ ਵਿੱਚ ਜ਼ਿੰਮੇਵਾਰੀ ਤੈਅ ਕਰਨ ਦਾ ਮਾਮਲਾ ਗੰਭੀਰ ਹੋਵੇਗਾ ਅਤੇ ਇਸ ਲਈ ਪ੍ਰਸ਼ਾਸਨ ਨੂੰ ਹੁਣੇ ਤੋਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਲਾਕਾ ਨਿਵਾਸੀਆਂ ਦਾ ਵੀ ਕਹਿਣਾ ਹੈ ਕਿ ਪੁਲ 'ਤੇ ਸੁਰੱਖਿਆ ਰੇਲਿੰਗ ਜਲਦ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਹੀ ਸਥਿਤੀ ਨੂੰ ਕਾਬੂ ਕੀਤਾ ਜਾ ਸਕੇ। ਹੁਣ ਸਭ ਦੀਆਂ ਨਜ਼ਰਾਂ ਪ੍ਰਸ਼ਾਸਨ ਅਤੇ ਸੰਬੰਧਤ ਵਿਭਾਗ ਦੀ ਕਾਰਵਾਈ 'ਤੇ ਟਿਕੀਆਂ ਹੋਈਆਂ ਹਨ ਕਿ ਆਖ਼ਰ ਲੋਕਾਂ ਦੀ ਸੁਰੱਖਿਆ ਲਈ ਇਹ ਰੇਲਿੰਗ ਕਦੋਂ ਲਗਾਈ ਜਾਂਦੀ ਹੈ। ਕੰਵਲਜੀਤ ਖੰਨਾ ਨੇ ਕਿਹਾ ਕਿ ਜੇਕਰ ਸਮੇਂ ਸਿਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸਥਾਨਕ ਲੋਕਾਂ ਨੂੰ ਮਜਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪੈ ਸਕਦਾ ਹੈ।
- Download Babushahi App
-
-