ਅਮਰੀਕਾ ਤੋਂ ਵੱਡੀ ਖ਼ਬਰ: ਪੀਜ਼ਾ ਡਿਲੀਵਰੀ ਕਰਨ ਗਏ ਜੱਬੋਵਾਲ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
ਭੁਲੱਥ ਹਲਕੇ ਦੇ ਪਿੰਡ ਜੱਬੋਵਾਲ ਦੇ 25 ਸਾਲਾ ਨੌਜਵਾਨ ਗੁਰਦੀਪ ਸਿੰਘ ਦੀ ਨਿਊਯਾਰਕ ’ਚ ਮੌਤ ਦੀ ਖ਼ਬਰ ਨਾਲ ਪਿੰਡ ’ਚ ਛਾਇਆ ਮਾਤਮ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ/ਬੇਗੋਵਾਲ/ਭੁਲੱਥ: 22 ਅਗਸਤ 2026 ਭੁਲੱਥ ਹਲਕੇ ਦੇ ਬੇਗੋਵਾਲ ਅਧੀਨ ਪੈਂਦੇ ਪਿੰਡ ਜੱਬੋਵਾਲ ਦੇ 25 ਸਾਲਾ ਨੌਜਵਾਨ ਗੁਰਦੀਪ ਸਿੰਘ ਦੀ ਅਮਰੀਕਾ ਦੇ ਨਿਊਯਾਰਕ ’ਚ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਜੱਬੋਵਾਲ ਸਮੇਤ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ।
ਮ੍ਰਿਤਕ ਦੇ ਪਿਤਾ ਪਿਆਰਾ ਲਾਲ ਵਾਸੀ ਜੱਬੋਵਾਲ ਨੇ ਦੱਸਿਆ ਕਿ ਕਰੀਬ 9 ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਪੁੱਤਰ ਗੁਰਦੀਪ ਸਿੰਘ ਨੂੰ ਚੰਗੇ ਭਵਿੱਖ ਦੀ ਆਸ ਨਾਲ ਅਮਰੀਕਾ ਭੇਜਿਆ ਸੀ। 25 ਸਾਲਾ ਗੁਰਦੀਪ ਅਮਰੀਕਾ ’ਚ ਰਹਿ ਰਿਹਾ ਸੀ ਅਤੇ ਉਥੇ ਪੱਕਾ ਹੋਣ ਲਈ ਉਸਦਾ ਕੇਸ ਵੀ ਚੱਲ ਰਿਹਾ ਸੀ।
ਪਰਿਵਾਰ ਮੁਤਾਬਕ ਗੁਰਦੀਪ ਸਿੰਘ ਪਹਿਲਾਂ ਇੱਕ ਸਟੋਰ ’ਚ ਕੰਮ ਕਰਦਾ ਸੀ, ਜਦਕਿ ਪਿਛਲੇ ਕੁਝ ਸਮੇਂ ਤੋਂ ਉਹ ਰਾਤ ਸਮੇਂ ਪਿਜ਼ਾ ਡਿਲੀਵਰੀ ਦਾ ਕੰਮ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ 22 ਅਗਸਤ ਨੂੰ ਅਮਰੀਕਾ ਦੇ ਸਮੇਂ ਮੁਤਾਬਕ ਰਾਤ ਵੇਲੇ, ਜਦੋਂ ਗੁਰਦੀਪ ਪਿਜ਼ਾ ਡਿਲੀਵਰ ਕਰਨ ਗਿਆ ਤਾਂ ਉਥੇ ਕੁਝ ਵਿਅਕਤੀਆਂ ਵੱਲੋਂ ਪਿਜ਼ਾ ਲੈਣ ਮਗਰੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
ਪਰਿਵਾਰ ਵੱਲੋਂ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਜਦੋਂ ਗੁਰਦੀਪ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਕਥਿਤ ਤੌਰ ’ਤੇ ਇੱਕ ਵਿਅਕਤੀ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਗੁਰਦੀਪ ਦੀ ਛਾਤੀ ’ਚ ਗੋਲੀਆਂ ਲੱਗਣ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰ ਨੂੰ ਇਹ ਜਾਣਕਾਰੀ ਅਮਰੀਕਾ ਰਹਿੰਦੇ ਉਨ੍ਹਾਂ ਦੇ ਭਤੀਜੇ ਰਾਹੀਂ ਮਿਲੀ ਹੈ।
ਪਿਆਰਾ ਲਾਲ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਉਥੋਂ ਦੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਰਾਤ ਹੋਣ ਕਾਰਨ ਪਰਿਵਾਰਕ ਮੈਂਬਰਾਂ ਦੇ ਮੌਕੇ ’ਤੇ ਪਹੁੰਚਣ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਸਵੇਰ ਹੋਣ ’ਤੇ ਹੋਰ ਜਾਣਕਾਰੀ ਸਾਹਮਣੇ ਆ ਸਕਦੀ ਹੈ।
ਦੁਖੀ ਪਿਤਾ ਨੇ ਭਾਰਤ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਅਮਰੀਕਾ ਤੋਂ ਭਾਰਤ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ। ਗੁਰਦੀਪ ਸਿੰਘ ਦੀ ਅਮਰੀਕਾ ’ਚ ਹੋਈ ਮੌਤ ਦੀ ਖ਼ਬਰ ਨਾਲ ਪਿੰਡ ਜੱਬੋਵਾਲ ’ਚ ਮਾਹੌਲ ਗਮਗੀਨ ਹੈ। ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪਿੰਡ ਵਾਸੀ ਇਸ ਦੁਖਦਾਈ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।
- Download Babushahi App
-
-