ਵੱਡੀ ਖ਼ਬਰ: ਨਾਕੇ ’ਤੇ ਪੁਲਿਸ ਟੀਮ ਨੂੰ ਟੱਕਰ ਮਾਰਨ ਦੀ ਕਥਿਤ ਕੋਸ਼ਿਸ਼, ਇੱਕ ਨੌਜਵਾਨ ਕਾਬੂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 22 ਅਗਸਤ 2026- ਸੁਲਤਾਨਪੁਰ ਲੋਧੀ ਥਾਣਾ ਖੇਤਰ ਵਿੱਚ ਨਾਕਾਬੰਦੀ ਦੌਰਾਨ ਪੁਲਿਸ ਟੀਮ ’ਤੇ ਕਾਰ ਚੜ੍ਹਾਉਣ ਦੀ ਕਥਿਤ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪਿੱਛਾ ਕਰਕੇ ਪਿੰਡ ਸਿੱਧਪੁਰ ਨੇੜਿਓਂ ਚਿੱਟੇ ਰੰਗ ਦੀ ਸਵਿਫਟ ਕਾਰ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ, ਜਦਕਿ ਕਾਰ ਵਿੱਚ ਸਵਾਰ ਉਸਦੇ ਤਿੰਨ ਸਾਥੀ ਫਰਾਰ ਹੋ ਗਏ।
ਥਾਣਾ ਸੁਲਤਾਨਪੁਰ ਲੋਧੀ ਦੇ ਐੱਸ.ਐੱਚ.ਓ. ਦਵਿੰਦਰ ਪਾਲ ਮੁਤਾਬਕ ਵੀਰਵਾਰ ਸ਼ਾਮ ਕਰੀਬ 7 ਵਜੇ ਪਿੰਡ ਤੋਤੀ ਦੇ ਬੱਸ ਅੱਡੇ ਨੇੜੇ ਪੁਲਿਸ ਵੱਲੋਂ ਸ਼ੱਕੀ ਵਾਹਨਾਂ ਦੀ ਚੈਕਿੰਗ ਲਈ ਨਾਕਾ ਲਗਾਇਆ ਗਿਆ ਸੀ। ਇਸ ਦੌਰਾਨ ਡਡਵਿੰਡੀ ਵੱਲੋਂ ਆ ਰਹੀ ਚਿੱਟੇ ਰੰਗ ਦੀ ਸਵਿਫਟ ਕਾਰ PB-10-DH-3022 ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਪੁਲਿਸ ਦਾ ਦਾਅਵਾ ਹੈ ਕਿ ਕਾਰ ਚਾਲਕ ਨੇ ਰੁਕਣ ਦੀ ਬਜਾਏ ਗੱਡੀ ਦੀ ਰਫ਼ਤਾਰ ਤੇਜ਼ ਕਰ ਦਿੱਤੀ ਅਤੇ ਪੁਲਿਸ ਟੀਮ ਨੂੰ ਕਥਿਤ ਤੌਰ ’ਤੇ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ।
ਐੱਸ.ਐੱਚ.ਓ. ਦਵਿੰਦਰ ਪਾਲ ਨੇ ਛਾਲ ਮਾਰ ਕੇ ਆਪਣਾ ਬਚਾਅ ਕੀਤਾ, ਜਦਕਿ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਕਾਰ ਚਾਲਕ ਗੱਡੀ ਨੂੰ ਡਡਵਿੰਡੀ ਵੱਲ ਭਜਾ ਕੇ ਲੈ ਗਿਆ। ਪੁਲਿਸ ਨੇ ਤੁਰੰਤ ਕਾਰ ਦਾ ਪਿੱਛਾ ਕੀਤਾ ਅਤੇ ਹੋਰ ਨਾਕਾਬੰਦੀਆਂ ਤੇ ਪੈਟਰੋਲਿੰਗ ਪਾਰਟੀਆਂ ਨੂੰ ਸੂਚਿਤ ਕੀਤਾ। ਆਖ਼ਰਕਾਰ ਪਿੰਡ ਸਿੱਧਪੁਰ ਨੇੜੇ ਪੁਲਿਸ ਟੀਮ ਨੇ ਕਾਰ ਨੂੰ ਘੇਰ ਕੇ ਰੋਕ ਲਿਆ ਅਤੇ ਵਿਸ਼ਾਲ ਪੁੱਤਰ ਬਲਵਿੰਦਰ, ਵਾਸੀ ਸੁੰਦਰ ਨਗਰ ਕਪੂਰਥਲਾ ਨੂੰ ਕਾਬੂ ਕਰ ਲਿਆ।
ਪੁਲਿਸ ਮੁਤਾਬਕ ਕਾਰ ਵਿੱਚ ਸਵਾਰ ਤਿੰਨ ਹੋਰ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਭਾਲ ਜਾਰੀ ਹੈ। ਕਾਬੂ ਕੀਤੇ ਨੌਜਵਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਹੋਰ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਫਰਾਰ ਤਿੰਨ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
- Download Babushahi App
-
-