ਖੰਨਾ 'ਚ ਸਟੀਲ ਮਿੱਲ ਦੀ ਭੱਠੀ 'ਚ ਧਮਾਕਾ: 6 ਮਜ਼ਦੂਰ ਝੁਲਸੇ, 3 ਨੂੰ ਡੀ.ਐੱਮ.ਸੀ. ਲੁਧਿਆਣਾ ਕੀਤਾ ਰੈਫ਼ਰ
Ravinder singh/ ਬਾਬੂਸ਼ਾਹੀ ਬਿਊਰੋ
ਖੰਨਾ 23 ਅਗਸਤ, 2026: ਇੱਥੋਂ ਦੇ ਭਾਦਲਾ ਰੋਡ 'ਤੇ ਸਥਿਤ ਪਿੰਡ ਅਲੌੜ 'ਚ ਐੱਚ. ਐੱਲ. ਚੋਪੜਾ ਸਟੀਲ ਰੋਲਿੰਗ ਮਿੱਲ ਦੀ ਭੱਠੀ 'ਚ ਅਚਾਨਕ ਉਬਾਲ ਆਉਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਲੋਹਾ ਪਿਘਲਾਉਣ ਦੌਰਾਨ ਵਾਪਰੇ ਇਸ ਹਾਦਸੇ 'ਚ 6 ਮਜ਼ਦੂਰ ਗੰਭੀਰ ਰੂਪ 'ਚ ਝੁਲਸ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਖੰਨਾ ਦੇ ਨਰਸਿੰਗ ਹੋਮ 'ਚ ਭਰਤੀ ਕਰਵਾਇਆ ਗਿਆ।
ਮਿੱਲ ਮਾਲਕ ਗੌਰਵ ਚੋਪੜਾ ਅਨੁਸਾਰ ਹੀਟਿੰਗ ਪ੍ਰਕਿਰਿਆ ਦੌਰਾਨ ਭੱਠੀ 'ਚ ਪਿਘਲੇ ਹੋਏ ਮਾਲ ਨਾਲ ਕੋਈ ਪਾਈਪ ਜਾਂ ਸ਼ੌਕਰ ਵਰਗਾ ਛੋਟਾ ਟੁਕੜਾ ਚਲਾ ਗਿਆ, ਜਿਸ ਨਾਲ ਗੈਸ ਬਣਨ ਕਾਰਨ ਅਚਾਨਕ ਉਬਾਲ ਆ ਗਿਆ ਅਤੇ ਖੌਲ੍ਹਦਾ ਹੋਇਆ ਗਰਮ ਲੋਹਾ ਉੱਥੇ ਕੰਮ ਕਰ ਰਹੇ ਮਜ਼ਦੂਰਾਂ 'ਤੇ ਜਾ ਡਿੱਗਿਆ।
ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੇ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਕੁੱਲ 6 ਮਜ਼ਦੂਰ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 3 ਮਜ਼ਦੂਰਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਤੋਂ ਬਾਅਦ ਡੀ.ਐੱਮ.ਸੀ. ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ, ਜਦਕਿ ਬਾਕੀਆਂ ਦਾ ਇਲਾਜ ਖੰਨਾ ਵਿਖੇ ਚੱਲ ਰਿਹਾ ਹੈ। ਪੁਲਿਸ ਅਨੁਸਾਰ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- Download Babushahi App
-
-