ਬੱਲ੍ਹੋ 'ਚ ਤੀਆਂ ਦੀਆਂ ਰੌਣਕਾਂ: ਔਰਤਾਂ ਨੇ ਗਿੱਧੇ, ਪੀਂਘਾਂ ਅਤੇ ਰਵਾਇਤੀ ਖੇਡਾਂ ਨਾਲ ਬੰਨ੍ਹਿਆ ਰੰਗ
ਬੱਲ੍ਹੋ 'ਚ ਸਾਵਣ ਦੇ ਮੇਲਾ ਦੀ ਐਸ.ਪੀ. ਹਿਨਾ ਗੁਪਤਾ ਨੇ ਵਧਾਈ ਸ਼ਾਨ
ਅਸ਼ੋਕ ਵਰਮਾ
ਰਾਮਪੁਰਾ ਫੂਲ 9 ਅਗਸਤ 2026: ਪੰਜਾਬੀ ਵਿਰਸੇ, ਭਾਈਚਾਰਕ ਸਾਂਝ ਅਤੇ ਧੀਆਂ-ਭੈਣਾਂ ਦੇ ਸਤਿਕਾਰ ਨੂੰ ਸਮਰਪਿਤ ‘ਤੀਆਂ ਦਾ ਤਿਉਹਾਰ’ ਗ੍ਰਾਮ ਪੰਚਾਇਤ ਬੱਲ੍ਹੋ ਵੱਲੋਂ ਤਰਨਜੋਤ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਦੇ ਵਿਹੜੇ ਵਿੱਚ ਬੜੀ ਧੂਮਧਾਮ ਅਤੇ ਰਵਾਇਤੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਸੱਭਿਆਚਾਰਕ ਸਮਾਗਮ ਦੀ ਪ੍ਰਧਾਨਗੀ ਸਰਪੰਚ ਅਮਰਜੀਤ ਕੌਰ ਨੇ ਕੀਤੀ, ਜਦਕਿ ਮੈਡਮ ਹਿਨਾ ਗੁਪਤਾ (ਐੱਸ.ਪੀ. ਬਠਿੰਡਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਾਏ। ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ, ਮੁਟਿਆਰਾਂ ਅਤੇ ਬੱਚੀਆਂ ਨੇ ਸ਼ਮੂਲੀਅਤ ਕਰਕੇ ਪੰਜਾਬੀ ਸੱਭਿਆਚਾਰ ਦੀ ਡੂੰਘੀ ਛਾਪ ਛੱਡੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਮੈਡਮ ਹਿਨਾ ਗੁਪਤਾ ਨੇ ਸਭ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਉਨ੍ਹਾਂ ਪੰਚਾਇਤ ਅਤੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤੀਆਂ ਸਾਡੇ ਅਮੀਰ ਵਿਰਸੇ ਦਾ ਮਹੱਤਵਪੂਰਨ ਅੰਗ ਹਨ। ਉਨ੍ਹਾਂ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਉੱਚ ਸਿੱਖਿਆ ਪ੍ਰਾਪਤ ਕਰਨ, ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਆਤਮ-ਨਿਰਭਰ ਬਣ ਕੇ ਆਪਣੇ ਪੈਰਾਂ 'ਤੇ ਖੜ੍ਹੀਆਂ ਹੋਣ, ਕਿਉਂਕਿ ਅੱਜ ਦੀਆਂ ਧੀਆਂ ਨੇ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ।
ਸਭਿਆਚਾਰਕ ਰੰਗਤ ਅਤੇ ਰਵਾਇਤੀ ਖੇਡਾਂ ਤੀਆ ਦੇ ਪਵਿੱਤਰ ਦਿਹਾੜੇ ਨੂੰ ਯਾਦਗਾਰੀ ਬਣਾਉਣ ਲਈ ਸਕੂਲ ਦਾ ਵਿਹੜਾ ਰੰਗ ਬਿਰੰਗੇ ਪੰਜਾਬੀ ਪਹਿਰਾਵੇ ਨਾਲ ਸਜਿਆ ਹੋਇਆ ਸੀ ਕੁੜੀਆ ਨੇ ਪੀਂਘਾਂ ਝੂਟ ਕੇ ਤੇ ਬੋਲੀਆਂ ਪਾ ਕੇ ਗਿੱਧੇ ਦਾ ਰੰਗ ਬੰਨਿਆ ਇਸ ਮੌਕੇ ਸਰੀਰਕ ਤੰਦਰੁਸਤੀ ਅਤੇ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ । ਨਿੰਬੂ ਰੇਸ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਘੜਾ ਰੇਸ ਮਿੰਦਰ ਕੌਰ ਨੇ ਸੇਵੀਆਂ ਵੱਟਣ ਮੁਖਤਿਆਰ ਕੌਰ ਅਤੇ ਰੱਸਾ-ਕੱਸੀ ਗੁਰਪ੍ਰੀਤ ਕੌਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਸੱਭਿਆਚਾਰਕ ਵੰਨਗੀਆਂ ਦੌਰਾਨ ਪੰਜਾਬੀ ਗਾਇਕ ਗੁਰਪਿੰਦਰ ਸਿੰਘ ਸਿੱਧੂ ਨੇ ਆਪਣੇ ਸੁਰੀਲੇ ਗੀਤਾਂ ਨਾਲ ਸਮਾਂ ਬੰਨ੍ਹਿਆ ਅਤੇ ਸੁਖਵੀਰ ਕੌਰ ਨੇ ਲੋਕ ਗੀਤਾਂ ਦੀ ਬਹਿਤਰੀਨ ਪੇਸ਼ਕਾਰੀ ਕੀਤੀ। ਸਟੇਜ ਸੰਚਾਲਨ ਦੀ ਭੂਮਿਕਾ ਅਧਿਆਪਕਾ ਗੁਰਜੀਤ ਕੌਰ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ।
ਸਮਾਗਮ ਦੇ ਅੰਤ ਵਿੱਚ ਗ੍ਰਾਮ ਪੰਚਾਇਤ ਅਤੇ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਮੈਡਮ ਹਿਨਾ ਗੁਪਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਖੇਡਾਂ ਵਿੱਚ ਜੇਤੂ ਰਹੀਆਂ ਔਰਤਾਂ ਅਤੇ ਹੋਰ ਮਾਣਯੋਗ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਮੋਕੇ ਚਾਉਕੇ ਚੌਕੀ ਇੰਚਾਰਜ ਗੁਰਸੇਵਕ ਸਿੰਘ ,ਸੁਸਾਇਟੀ ਦੇ ਪ੍ਹਧਾਨ ਅਵਤਾਰ ਸਿੰਘ ਟੋਫੀ , ਪੰਚ ਰਾਜਵੀਰ ਕੌਰ , ਹਰਵਿੰਦਰ ਕੌਰ, ਰਣਜੀਤ ਕੌਰ , ਪਰਮਜੀਤ ਕੌਰ , ਹਾਕਮ ਸਿੰਘ , ਹਰਬੰਸ ਸਿੰਘ , ਜਗਸੀਰ ਸਿੰਘ ਸੁਸਾਇਟੀ ਦੇ ਮੀਤ ਪ੍ਹਧਾਨ ਪਰਮਜੀਤ ਗੁੱਗੂ , ਕੋਚ ਰਾਜਭਿੰਦਰ ਸਿੰਘ , ਬਲਵੀਰ ਕੌਰ ਅਤੇ ਰਾਜਵਿੰਦਰ ਕੌਰ ਹਾਜ਼ਰ ਸਨ ।
- Download Babushahi App
-
-