ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਵਲੋਂ ਟਰੇਡਰਜ਼ ਕਮਿਸ਼ਨ ਨਾਲ ਸਬੰਧਤ ਮੁਸ਼ਕਿਲਾਂ ਦਾ ਰੀਵੀਊ ਕਰਨ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ
ਵੱਖ ਵੱਖ ਵਿਭਾਗਾਂ ਵਲੋਂ ਟਰੇਡਰਜ਼ ਕਮਿਸ਼ਨ ਨਾਲ ਸਬੰਧਤ ਸਮੱਸਿਆਵਾਂ ਦਾ ਕੀਤਾ ਜਾ ਰਿਹਾ ਨਿਪਟਾਰਾ
ਰੋਹਿਤ ਗੁਪਤਾ
ਗੁਰਦਾਸਪੁਰ, 6 ਜੁਲਾਈ
ਆਦਿਤਿਆ ਉੱਪਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਟਰੇਡਰਜ਼ ਕਮਿਸ਼ਨ ਨਾਲ ਸਬੰਧਤ ਮੁਸ਼ਕਿਲਾਂ ਦੇ ਹੱਲ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਨਿਸ਼ਚਿਤ ਸਮੇਂ ਅੰਦਰ ਮੁਸ਼ਕਿਲਾਂ ਹੱਲ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਮੌਕੇ ਚਰਨਜੀਤ ਸਿੰਘ ਪਾਰੋਵਾਲ, ਜ਼ਿਲ੍ਹਾ ਇੰਚਾਰਜ ਟਰੇਡਰਜ਼ ਕਮਿਸ਼ਨ ਗੁਰਦਾਸਪੁਰ, ਜੁਗਰਾਜ ਸਿੰਘ ਐਸ ਪੀ (ਐੱਚ) ਗੁਰਦਾਸਪੁਰ, ਰਮਨਦੀਪ ਸਿੰਘ ਐਸ ਪੀ ਬਟਾਲਾ, ਡੀ.ਡੀ.ਪੀ.ਓ ਹਰਪ੍ਰੀਤ ਸਿੰਘ ਸਮੇਤ ਹਲਕਿਆਂ ਦੇ ਚੇਅਰਮੈਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਸਮੂਹ ਅਧਿਕਾਰੀਆਂ ਨੂੰ ਟਰੇਡਰਜ਼ ਕਮਿਸ਼ਨ ਨਾਲ ਸਬੰਧਤ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਹਦਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਰੈਗੂਲਰ ਮੀਟਿੰਗ ਕਰਨ ਦਾ ਮੁੱਖ ਇਹੀ ਮੰਤਵ ਹੈ ਕਿ ਮੁਸ਼ਕਿਲਾਂ ਨੂੰ ਸਮੇਂ ਸਿਰ ਹੱਲ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਹਲਕਾ ਵਾਈਜ਼ ਪੋਰਟਲ 'ਤੇ ਪ੍ਰਾਪਤ ਸਮੱਸਿਆਵਾਂ ਸਬੰਧੀ ਵੱਖ ਵੱਖ ਵਿਭਾਗਾਂ ਵਲੋਂ ਕੀਤੇ ਗਏ ਕੰਮਾਂ ਅਤੇ ਜਿਨ੍ਹਾਂ ਮੁਸ਼ਕਿਲਾਂ ਦਾ ਨਿਪਟਾਰਾ ਅਜੇ ਤੱਕ ਨਹੀ ਕੀਤਾ ਗਿਆ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਲਈ ਗਈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਰਹਿੰਦੀਆਂ ਮੁਸ਼ਕਿਲਾਂ ਦਾ ਜਲਦ ਹੱਲ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ।
ਮੀਟਿੰਗ ਦੌਰਾਨ ਅਧਿਕਾਰੀਆਂ ਦੱਸਿਆ ਕਿ ਟਰੇਡਰਸ ਕਮਿਸ਼ਨ ਨਾਲ ਸਬੰਧਤ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਅਤੇ ਪੇਡਿੰਗ ਮੁਸ਼ਕਿਲਾਂ ਨੂੰ ਵੀ ਜਲਦ ਹੱਲ ਕਰ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਜਿਲ੍ਹਾ ਟਰੇਡਰਜ਼ ਕਮਿਸ਼ਨ ਵਲੋਂ ਵੱਖ ਵੱਖ ਮੁਸ਼ਕਿਲਾਂ ਦੱਸੀਆਂ ਗਈਆਂ ਜਿਵੇਂ ਬਿਜਲੀ ਦੀਆਂ ਤਾਰਾਂ ਉੱਚੀਆਂ ਕਰਨ ਸਬੰਧੀ, ਸਟਰੀਟ ਲਾਈਟਾਂ ਲਗਾਉਣ ਸਬੰਧੀ, ਫਾਸਟ ਫੂਡ ਰੇਹੜੀਆਂ ਦੀ ਚੈਕਿੰਗ ਕਰਨ ਸਬੰਧੀ, ਸੀਵਰੇਜ਼ ਦੀ ਸਮੱਸਿਆ, ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ, ਟਰੈਫਿਕ ਦੀ ਸਮੱਸਿਆ, ਟਰੈਫਿਕ ਲਾਈਟਾਂ ਲਗਾਉਣ, ਸਫਾਈ ਸਬੰਧੀ, ਬਾਜਾਰਾਂ ਵਿਚੋਂ ਨਾਜਾਇਜ਼ ਕਬਜੇ ਹਟਾਉਣ, ਬਾਜਾਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਸਬੰਧੀ, ਨਾਲਿਆਂ ਦੀ ਸਫਾਈ ਕਰਵਾਉਣ ਆਦਿ ਸਬੰਧੀ ਮੁਸ਼ਕਿਲਾਂ ਦੱਸੀਆਂ ਗਈਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਿਕਾਇਤ ਦੇ ਹੱਲ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਗੁਰਦਾਸਪੁਰ ਦੇ ਜ਼ਿਲ੍ਹਾ ਇੰਚਾਰਜ ਚਰਨਜੀਤ ਸਿੰਘ ਪਾਰੋਵਾਲ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਆਪਣੇ ਹਲਕੇ ਦੇ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਨਾਲ ਰਾਬਤਾ ਕਰਨ ਕਰਕੇ ਸਮੱਸਿਆਵਾਂ ਦਾ ਹੋਰ ਤੇਜ਼ੀ ਨਾਲ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ।
ਉਨ੍ਹਾਂ ਅੱਗੇ ਦੱਸਿਆ ਕਿ ਵਪਾਰੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਸਰਕਾਰ ਦੇ ਪੋਰਟਲ ’ਤੇ ਸ਼ਿਕਾਇਤਾਂ ਦਰਜ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਹੱਲ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ, ਜਿਸ ਸਬੰਧੀ ਇਹ ਮੀਟਿੰਗ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕੀਤੀ ਜਾਂਦੀ ਹੈ ਅਤੇ ਵੱਖ ਵੱਖ ਵਿਭਾਗਾਂ ਵਲੋਂ ਸਮੱਸਿਆਵਾਂ ਹੱਲ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਕਿਰਪਾਲ ਸਿੰਘ ਚੇਅਰਮੈਨ ਵਪਾਰ ਕਮਿਸ਼ਨ ਹਲਕਾ ਬਟਾਲਾ, ਵਿਪਨ ਸੋਨੀ ਚੇਅਰਮੈਨ ਹਲਕਾ ਡੇਰਾ ਬਾਬਾ ਨਾਨਕ, ਚੇਅਰਮੈਨ ਰਾਜੀਵ ਸੈਣੀ ਹਲਕਾ ਦੀਨਾਨਗਰ, ਚੇਅਰਮੈਨ ਰਜਿੰਦਰ ਨੰਦਾ ਹਲਕਾ ਗੁਰਦਾਸਪੁਰ, ਚੇਅਰਮੈਨ ਰੁਪਿੰਦਰ ਸਿੰਘ ਰੋਮੀ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ, ਚੇਅਰਮੈਨ ਅਸ਼ਵਨੀ ਦੁੱਗਲ ਹਲਕਾ ਕਾਦੀਆਂ, ਚੇਅਰਮੈਨ ਗੁਰਪ੍ਰੀਤ ਸਿੰਘ ਹਲਕਾ ਫਤਹਿਗੜ੍ਹ ਚੂੜੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
- Download Babushahi App
-
-