ਖੰਨਾ: ਥਾਣੇ ਦੇ ਬਾਥਰੂਮ 'ਚ ਕਾਰੋਬਾਰੀ ਨੇ ਖੁਦ ਨੂੰ ਅੱਗ ਲਗਾ ਕੇ ਕੀਤੀ ਖੁਦਕੁਸ਼ੀ; ਠੱਗ ਬਾਬੇ ਸਮੇਤ 4 ਮੁਲਜ਼ਮ ਗ੍ਰਿਫ਼ਤਾਰ
Ravinder Singh/ ਬਾਬੂਸ਼ਾਹੀ ਬਿਊਰੋ
ਖੰਨਾ:4 ਅਗਸਤ, 2026
ਲੁਧਿਆਣਾ ਦੇ ਇੱਕ ਦਵਾਈ ਕਾਰੋਬਾਰੀ ਵੱਲੋਂ ਖੰਨਾ ਦੇ ਸਿਟੀ-1 ਥਾਣੇ ਦੇ ਬਾਥਰੂਮ ਵਿੱਚ ਪੈਟਰੋਲ ਛਿੜਕ ਕੇ ਖੁਦਕੁਸ਼ੀ ਕਰਨ ਦਾ ਬੇਹੱਦ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਆਰਥਿਕ ਤੰਗੀ ਤੋਂ ਪਰੇਸ਼ਾਨ ਇਹ ਕਾਰੋਬਾਰੀ ਇੱਕ ਪਾਖੰਡੀ ਬਾਬੇ ਦੀ ਠੱਗੀ ਦਾ ਸ਼ਿਕਾਰ ਹੋਇਆ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਪਾਖੰਡੀ ਬਾਬੇ ਸਮੇਤ ਉਸਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਆਰਥਿਕ ਤੰਗੀ ਅਤੇ ਪਾਖੰਡੀ ਬਾਬੇ ਦੀ ਠੱਗੀ
ਮ੍ਰਿਤਕ ਦੀ ਪਛਾਣ ਗੋਬਿੰਦ ਸਿੰਘ ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਗਿੱਲ ਰੋਡ ਸਥਿਤ ਈਸ਼ਰ ਸਿੰਘ ਨਗਰ ਦਾ ਰਹਿਣ ਵਾਲਾ ਸੀ ਅਤੇ ਦਵਾਈਆਂ ਦੀ ਦੁਕਾਨ ਚਲਾਉਂਦਾ ਸੀ। ਪਿਛਲੇ ਲੰਬੇ ਸਮੇਂ ਤੋਂ ਕਾਰੋਬਾਰ ਵਿੱਚ ਘਾਟਾ ਪੈਣ ਕਾਰਨ ਉਹ ਕਾਫੀ ਪਰੇਸ਼ਾਨ ਸੀ। ਇਸੇ ਦੌਰਾਨ ਕਿਸੇ ਦੀ ਸਲਾਹ 'ਤੇ ਉਹ ਖੰਨਾ ਦੇ ਲਾਲਹੇੜੀ ਵਿਖੇ ਰਹਿੰਦੇ ਬਾਬਾ ਚਰਨਦਾਸ ਕੋਲ ਗਿਆ। ਪਾਖੰਡੀ ਬਾਬੇ ਨੇ ਗਰੀਬੀ ਦੂਰ ਕਰਨ ਅਤੇ ਹਾਲਾਤ ਸੁਧਾਰਨ ਦਾ ਝਾਂਸਾ ਦੇ ਕੇ ਗੋਬਿੰਦ ਸਿੰਘ ਤੋਂ 73,000 ਰੁਪਏ ਠੱਗ ਲਏ।
ਜਦੋਂ ਬਾਬੇ ਦੇ ਉਪਾਵਾਂ ਨਾਲ ਕਾਰੋਬਾਰੀ ਦੇ ਹਾਲਾਤ ਨਾ ਸੁਧਰੇ, ਤਾਂ ਉਸਨੇ ਆਪਣੇ ਪੈਸੇ ਵਾਪਸ ਮੰਗੇ। ਦਬਾਅ ਪਾਉਣ 'ਤੇ ਬਾਬੇ ਨੇ 20,000 ਰੁਪਏ ਤਾਂ ਵਾਪਸ ਕਰ ਦਿੱਤੇ, ਪਰ ਬਾਕੀ 53,000 ਰੁਪਏ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਦੋਂ ਗੋਬਿੰਦ ਸਿੰਘ ਨੇ ਬਕਾਇਆ ਰਕਮ ਲਈ ਵਾਰ-ਵਾਰ ਚੱਕਰ ਲਗਾਏ, ਤਾਂ ਬਾਬਾ ਚਰਨਦਾਸ ਅਤੇ ਉਸਦੇ ਤਿੰਨ ਸਾਥੀਆਂ ਨੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਧਮਕੀਆਂ ਤੋਂ ਤੰਗ ਆ ਕੇ ਗੋਬਿੰਦ ਸਿੰਘ ਨੇ ਖੰਨਾ ਦੇ ਸਿਟੀ-1 ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ। ਆਪਣੀ ਸ਼ਿਕਾਇਤ ਵਿੱਚ ਉਸਨੇ ਸਪੱਸ਼ਟ ਲਿਖਿਆ ਸੀ ਕਿ ਜੇਕਰ ਉਸ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਇਸ ਲਈ ਬਾਬਾ ਚਰਨਦਾਸ ਅਤੇ ਉਸਦੇ ਸਾਥੀ ਜ਼ਿੰਮੇਵਾਰ ਹੋਣਗੇ। ਸੋਮਵਾਰ ਨੂੰ ਪੁਲਿਸ ਨੇ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ। ਗੋਬਿੰਦ ਸਿੰਘ ਥਾਣੇ ਪਹੁੰਚ ਗਿਆ ਸੀ, ਜਦਕਿ ਦੂਜੀ ਧਿਰ ਅਜੇ ਨਹੀਂ ਆਈ ਸੀ। ਇਸੇ ਦੌਰਾਨ ਗੋਬਿੰਦ ਥਾਣੇ ਦੇ ਬਾਥਰੂਮ ਗਿਆ ਅਤੇ ਦਰਵਾਜ਼ਾ ਅੰਦਰੋਂ ਬੰਦ ਕਰਕੇ ਖੁਦ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਲਈ, ਜਿਸ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ।
ਥਾਣੇ ਅੰਦਰ ਵਾਪਰੀ ਇਸ ਘਟਨਾ ਨਾਲ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਸੀਨੀਅਰ ਅਧਿਕਾਰੀ ਅਤੇ ਮੈਜਿਸਟ੍ਰੇਟ ਵਜੋਂ ਤਹਿਸੀਲਦਾਰ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਖੰਨਾ ਦੇ ਡੀ.ਐੱਸ.ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰਕੇ ਪਾਖੰਡੀ ਬਾਬਾ ਚਰਨਦਾਸ ਅਤੇ ਉਸਦੇ ਤਿੰਨ ਸਾਥੀਆਂ — ਮੱਖਣ ਸਿੰਘ, ਜੁਗਰਾਜ ਸਿੰਘ ਉਰਫ਼ ਜਿੰਮੀ ਅਤੇ ਇੰਦਰਪ੍ਰੀਤ ਸਿੰਘ ਉਰਫ਼ ਈਸ਼ੂ — ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-