ਪੰਜਾਬ ਸਕੱਤਰੇਤ ਵਿਖੇ ਮੁਲਾਜ਼ਮਾਂ ਦਾ ਇਤਿਹਾਸਕ ਐਕਸ਼ਨ, ਵਿਧਾਨ ਸਭਾ ਵੱਲ ਕੀਤਾ ਕੂਚ
Babushahi Network
ਚੰਡੀਗੜ੍ਹ, 05 ਅਗਸਤ 2026: ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਅੱਜ ਮੇਨ ਸਕੱਤਰੇਤ, ਚੰਡੀਗੜ੍ਹ ਵਿਖੇ ਸਕੱਤਰੇਤ ਦੇ ਸਮੂਹ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਕਰਨ ਲਈ ਵਿਸ਼ਾਲ ਐਕਸ਼ਨ ਕੀਤਾ ਗਿਆ। ਇਸ ਐਕਸ਼ਨ ਵਿੱਚ ਪੰਜਾਬ ਸਿਵਲ ਸਕੱਤਰੇਤ, ਦੇ ਮੁਲਾਜ਼ਮਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਆਪਣੀ ਏਕਤਾ ਦਾ ਸ਼ਾਨਦਾਰ ਪ੍ਰਗਟਾਵਾ ਕੀਤਾ। ਮੇਨ ਸਕੱਤਰੇਤ ਵਿਖੇ ਮੁਲਾਜ਼ਮਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਅਤੇ ਸਮੁੱਚੇ ਮਾਹੌਲ ਵਿੱਚ ਭਰਪੂਰ ਜੋਸ਼ ਅਤੇ ਉਤਸ਼ਾਹ ਸੀ।
ਐਕਸ਼ਨ ਦੌਰਾਨ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਵਿਧਾਨ ਸਭਾ ਵੱਲ ਕੂਚ ਕੀਤਾ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਵਿੱਚ ਆਪਣੀਆਂ ਮੰਗਾਂ ਪ੍ਰਤੀ ਭਾਰੀ ਉਤਸ਼ਾਹ ਅਤੇ ਦ੍ਰਿੜ੍ਹ ਇਰਾਦਾ ਦੇਖਣ ਨੂੰ ਮਿਲਿਆ। ਇਸ ਦੌਰਾਨ ਵਿਧਾਨ ਸਭਾ ਦਾ ਅੱਜ ਲੰਬਾ ਚੱਲਣ ਵਾਲਾ ਸੈਸ਼ਨ ਵੀ ਵਿਧਾਨ ਸਭਾ ਵਲੋਂ ਸਥਗਿਤ ਕੀਤਾ ਗਿਆ। ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਪ੍ਰਵਾਨ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕਾਂਗਰਸ ਦੇ ਲੀਡਰ ਆਫ਼ ਆਪੋਜ਼ੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੁਲਾਜ਼ਮਾਂ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ।
ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਲਈ ਉਹ ਵਿਧਾਨ ਸਭਾ ਅਤੇ ਹਰ ਉਚਿਤ ਮੰਚ ਤੇ ਪੂਰੀ ਤਾਕਤ ਨਾਲ ਆਵਾਜ਼ ਉਠਾਉਣਗੇ ਅਤੇ ਮੁਲਾਜ਼ਮਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਸਹਿਯੋਗ ਦੇਣਗੇ। ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਡਬਲ ਬੈਂਚ ਵੱਲੋਂ ਡੀ.ਏ. ਸਬੰਧੀ ਮੁਲਾਜ਼ਮਾਂ ਦੇ ਹੱਕ ਵਿੱਚ ਦਿੱਤੇ ਫ਼ੈਸਲੇ ਲਈ ਧੰਨਵਾਦ ਪ੍ਰਗਟ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਡੀ.ਏ. ਕੇਸ ਲੜਨ ਵਾਲੇ ਵਕੀਲਾਂ ਅਤੇ ਪਟੀਸ਼ਨਰਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।
ਮੁਲਾਜ਼ਮ ਆਗੂ, ਸੁਸ਼ੀਲ ਕੁਮਾਰ ਫੌਜੀ, ਸਾਹਿਲ ਸ਼ਰਮਾ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 17.07.2020 ਅਤੇ 15.01.2015 ਦਾ ਪੱਤਰ ਰੱਦ ਕਰਨ, ਪੁਰਾਣੀ ਪੈਨਸ਼ਨ ਬਹਾਲੀ, ਡੀ.ਏ., ਕੱਚੇ ਮੁਲਾਜ਼ਮਾਂ ਦੀ ਰੈਗੂਲਰਾਈਜ਼ੇਸ਼ਨ ਅਤੇ ਹੋਰ ਮੁਲਾਜ਼ਮ ਪੱਖੀ ਵਾਅਦਿਆਂ ਤੋਂ ਮੂੰਹ ਮੋੜ ਲਿਆ ਹੈ, ਜਿਸ ਕਾਰਨ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵਿਸ਼ਾਲ ਰੂਪ ਦਿੱਤਾ ਜਾਵੇਗਾ, ਜਿਸ ਦੀ ਸਮੁੱਚੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਰੈਲੀ ਵਿੱਚ ਪੰਜਾਬ ਸਿਵਲ ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਦੇ ਅਹੁਦੇਦਾਰ ਸ੍ਰੀ ਮਨਜੀਤ ਸਿੰਘ ਰੰਧਾਵਾ, ਪਰਮਦੀਪ ਸਿੰਘ ਭਬਾਤ, ਮਿਥੁਨ ਚਾਵਲਾ, ਬਲਰਾਜ ਸਿੰਘ ਦਾਉਂ, ਅਲਕਾ ਚੌਪੜਾ, ਕੁਲਵੰਤ ਸਿੰਘ, ਸਿਕੰਦਰ ਸਿੰਘ, ਜਸਵੀਰ ਕੌਰ, ਬਜਰੰਗ ਯਾਦਵ, ਸਮੇਤ ਚੰਡੀਗੜ੍ਹ ਡਾਇਰੈਕਟੋਰੇਟ ਦਫ਼ਤਰਾਂ ਵਿੱਚੋਂ ਹਰਨੇਕ ਸਿੰਘ, ਪ੍ਰਧਾਨ ਟਰਾਂਸਪੋਰਟ ਵਿਭਾਗ ਅਤੇ ਮਨਪ੍ਰੀਤ ਸਿੰਘ, ਪ੍ਰਧਾਨ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਆਦਿ ਅਹੁਦੇਦਾਰਾਂ ਨੇ ਵੀ ਆਪਣੇ ਵਡਮੁੱਲੇ ਵਿਚਾਰ ਦਿੰਦੇ ਹੋਏ ਹਾਜ਼ਰੀ ਲਗਵਾਈ।
- Download Babushahi App
-
-