ਰੇਲਵੇ ਪਟੜੀਆਂ 'ਤੇ CCTV ਲਾਉਣ ਵਾਲੇ 4 ਨਾਬਾਲਗਾਂ ਸਮੇਤ 9 ਗ੍ਰਿਫ਼ਤਾਰ, ਪੈਟਰੋਲ ਬੰਬ ਅਤੇ ਹਥਿਆਰ ਬਰਾਮਦ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 4 ਅਗਸਤ 2026:
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੁਆਰਾ ਚਲਾਏ ਜਾ ਰਹੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 4 ਨਾਬਾਲਗਾਂ ਸਮੇਤ 9 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 3 ਗੈਰ-ਕਾਨੂੰਨੀ ਪਿਸਤੌਲ, 9 ਜ਼ਿੰਦਾ ਕਾਰਤੂਸ ਅਤੇ ਬੰਬਾਂ ਵਜੋਂ ਵਰਤਣ ਲਈ ਤਿਆਰ ਕੀਤੀਆਂ 4 ਪੈਟਰੋਲ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ਾਂ ਵਿੱਚ ਬੈਠੇ ISI ਹੈਂਡਲਰਾਂ ਦੇ ਸਿੱਧੇ ਸੰਪਰਕ ਵਿੱਚ ਸਨ। ਇਨ੍ਹਾਂ ਨੌਜਵਾਨਾਂ ਨੂੰ ਸੁਰੱਖਿਆ ਏਜੰਸੀਆਂ ਦੀ ਜਾਸੂਸੀ ਕਰਨ, ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਪ੍ਰਾਪਤ ਕਰਨ ਅਤੇ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਲਾਅ ਐਂਡ ਆਰਡਰ ਨੂੰ ਭੰਗ ਕਰਨ ਵਰਗੇ ਅੱਤਵਾਦੀ ਟਾਸਕ ਸੌਂਪੇ ਜਾ ਰਹੇ ਸਨ।
ਰੇਲਵੇ ਟਰੈਕ 'ਤੇ ਲਗਾਏ ਸੀਸੀਟੀਵੀ ਕੈਮਰੇ
ਜਾਂਚ ਵਿੱਚ ਇਹ ਖੁਲਾਸਾ ਵੀ ਹੋਇਆ ਹੈ ਕਿ ਮੁਲਜ਼ਮਾਂ ਨੇ ਨਿਗਰਾਨੀ ਲਈ ਰੇਲਵੇ ਪਟੜੀਆਂ ਦੇ ਨੇੜੇ ਸੀਸੀਟੀਵੀ ਕੈਮਰੇ ਲਗਾਏ ਹੋਏ ਸਨ। ਇਨ੍ਹਾਂ ਕੈਮਰਿਆਂ ਰਾਹੀਂ ਰਿਕਾਰਡ ਕੀਤੀ ਫੁਟੇਜ ਵਿਦੇਸ਼ੀ ਹੈਂਡਲਰਾਂ ਨੂੰ ਭੇਜੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਲਗਭਗ ਇੱਕ ਮਹੀਨਾ ਪਹਿਲਾਂ ਅੰਮ੍ਰਿਤਸਰ-ਦਿੱਲੀ ਰੇਲਵੇ ਲਾਈਨ 'ਤੇ OHE ਖੰਭੇ ਉੱਤੇ ਸੋਲਰ ਪੈਨਲ ਨਾਲ ਚੱਲਣ ਵਾਲਾ ਸੀਸੀਟੀਵੀ ਕੈਮਰਾ ਮਿਲਿਆ ਸੀ। ਉਸ ਕੈਮਰੇ ਦੇ ਸਿਮ ਕਾਰਡ ਦੇ ਆਧਾਰ 'ਤੇ ਪੁਲਿਸ ਨੇ ਗੁਰਦੇਵ ਨਾਮਕ ਵਿਅਕਤੀ ਨੂੰ ਅਰੈਸਟ ਕੀਤਾ ਸੀ, ਜਿਸ ਤੋਂ ਬਾਅਦ ਇਸ ਪੂਰੇ ਨੈੱਟਵਰਕ ਦੀਆਂ ਪਰਤਾਂ ਖੁੱਲ੍ਹੀਆਂ।
ਅੰਮ੍ਰਿਤਸਰ ਦੇ ਮੋਹਕਮਪੁਰਾ, ਏਅਰਪੋਰਟ ਅਤੇ ਸੀ-ਡਿਵੀਜ਼ਨ ਥਾਣਿਆਂ ਵਿੱਚ ਵੱਖ-ਵੱਖ ਐਫ.ਆਈ.ਆਰ. (FIR) ਦਰਜ ਕਰਕੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਇਸ ਨੈੱਟਵਰਕ ਦੇ ਫੰਡਿੰਗ ਸੋਰਸ, ਬੈਕਵਰਡ ਤੇ ਫਾਰਵਰਡ ਲਿੰਕੇਜਿਸ ਅਤੇ ਹੋਰ ਮੈਂਬਰਾਂ ਦੀ ਪਛਾਣ ਕੀਤੀ ਜਾ ਰਹੀ ਹੈ, ਅਤੇ ਜਲਦ ਹੀ ਪੂਰੇ ਗੈਂਗ ਦਾ ਪਰਦਾਫਾਸ਼ ਕੀਤਾ ਜਾਵੇਗਾ।
- Download Babushahi App
-
-