ਜੇਲ੍ਹ ਭਰੋ ਅੰਦੋਲਨ: ਕੇਂਦਰੀ ਕਾਰਪੋਰੇਟ ਪੱਖੀ ਨੀਤੀਆਂ ਖ਼ਿਲਾਫ਼ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਗ੍ਰਿਫ਼ਤਾਰੀਆਂ ਦੇਣਗੇ ਸੀਪੀਐੱਮ ਵਰਕਰ ਤੇ ਆਗੂ: ਕਾ. ਸੁਖਵਿੰਦਰ ਸੇਖੋਂ
-ਸੀਪੀਐੱਮ ਸੂਬਾ ਸਕੱਤਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸੂਬਾ ਸਰਕਾਰ ਨੂੰ ਵੀ ਫੇਲ੍ਹ ਦੱਸਿਆ
-12ਸਤੰਬਰ ਨੂੰ ਬਰਨਾਲਾ 'ਚ ਹੋਵੇਗਾ ਯੇਚੁਰੀ ਨਮਿੱਤ ਸੂਬਾ ਪੱਧਰੀ ਬਰਸੀ ਸਮਾਗਮ
ਅਸ਼ੋਕ ਵਰਮਾ
ਬਰਨਾਲਾ, 5 ਅਗਸਤ 2026: 'ਮੋਦੀ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਖ਼ਿਲਾਫ਼ ਸੀ.ਪੀ.ਆਈ (ਐੱਮ) ਵੱਲੋਂ ਦੇਸ਼ ਪੱਧਰ 'ਤੇ 'ਕਾਰਪੋਰੇਟ ਭਜਾਓ, ਦੇਸ਼ ਬਚਾਓ’ ਦਾ ਨਾਅਰਾ ਬੁਲੰਦ ਕਰਦਿਆਂ 10ਅਗਸਤ ਨੂੰ ਪਾਰਟੀ ਕਾਰਕੁਨਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਗਿਰਫ਼ਤਾਰੀਆਂ ਦਿੱਤੀਆਂ ਜਾਣਗੀਆਂ।' ਇਹ ਪ੍ਰਗਟਾਵਾ ਸੀ.ਪੀ.ਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਇੱਥੇ ਕਾਮਰੇਡ ਹਰਦਿੱਤ ਸਿੰਘ ਭੱਠਲ ਭਵਨ ਵਿਖੇ ਪਾਰਟੀ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮਜ਼ਦੂਰਾਂ ਵਲੋਂ ਸ਼ਹੀਦੀਆਂ ਦੇ ਕੇ ਬਣਵਾਏ ਕਾਨੂੰਨਾਂ ਨੂੰ ਮੋਦੀ ਸਰਕਾਰ ਤੋੜ ਮਰੋੜ ਕੇ ਵੱਖ-ਵੱਖ ਕੋਡਾਂ ਵਿਚ ਵੰਡ ਕੇ ਮਜ਼ਦੂਰ ਜਮਾਤ ਦਾ ਗਲਾ ਘੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ। ਕਿਹਾ ਕਿ ਕੇਂਦਰੀ ਸਰਕਾਰ ਵਿਦੇਸ਼ੀ ਸਾਮਰਾਜੀ, ਕਾਰਪੋਰੇਟ ਅਦਾਰਿਆਂ, ਪੂੰਜੀਪਤੀਆਂ ਦੇ ਪੱਖ ਦੀਆਂ ਆਰਥਿਕ ਅਤੇ ਸਨਅਤੀ ਨੀਤੀਆਂ ਲਾਗੂ ਕਰ ਕੇ ਉਨ੍ਹਾਂ ਦੇ ਮੁਨਾਫ਼ੇ ਯਕੀਨੀ ਬਣਾਉਣ ਹਿਤ ਤਾਂ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਸਰਕਾਰੀ ਖਜ਼ਾਨੇ ਲੁਟਾ ਰਹੀ ਹੈ ਪਰ ਮਜ਼ਦੂਰਾਂ ਅਤੇ ਹੋਰ ਗਰੀਬ ਲੋਕਾਂ ਨੂੰ ਪਹਿਲਾਂ ਮਿਲਦੀਆਂ ਨਿਗੂਣੀਆਂ ਸਹੂਲਤਾਂ ਵੀ ਇਕ-ਇਕ ਕਰ ਕੇ ਖੋਹ ਰਹੀ ਹੈ ਹਨ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖ਼ਿਲਾਫ਼ 10 ਅਗਸਤ ਨੂੰ ਵੱਡੇ ਪੱਧਰ ’ਤੇ ਸੀ.ਪੀ.ਆਈ (ਐੱਮ) ਵਲੋਂ ਪੰਜਾਬ ਵਿਚ ਡਿਪਟੀ ਕਮਿਸ਼ਨਰਾਂ ਦਫ਼ਤਰਾਂ ਅੱਗੇ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਪੰਜਾਬ ਸਰਕਾਰ ’ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਵੀ ਆਪਣੇ ਨਸ਼ਾ ਮੁਕਤ ਪੰਜਾਬ ਦੇ ਚੁਣਾਵੀ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹੀ ਹੈ। ਰੋਜ਼ਾਨਾ ਨੌਜਵਾਨਾਂ ਦੀਆਂ ਨਸ਼ੇ ਕਾਰਨ ਮੌਤਾਂ ਦੀਆਂ ਖ਼ਬਰਾਂ ਜਾਰੀ ਹਨ। ਇਸੇ ਤਰ੍ਹਾਂ ਲਾਅ ਐਂਡ ਆਰਡਰ ਦੀ ਮਾੜੀ ਸਥਿਤੀ
ਦੇ ਚਲਦਿਆਂ ਦਿਨੋਂ ਦਿਨ ਲੁੱਟਾਂ ਖੋਹਾਂ ਤੇ ਕਤਲ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ।
ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ ਨੇ ਦੱਸਿਆ ਕਿ 12 ਸਤੰਬਰ ਨੂੰ ਸੀ.ਪੀ.ਆਈ (ਐੱਮ) ਦੇ ਮਰਹੂਮ ਕੌਮੀ ਜਨਰਲ ਸਕੱਤਰ ਕਾਮਰੇਡ ਸੀਤਾ ਰਾਜ ਯੇਚੁਰੀ ਦੀ ਯਾਦ ਨੂੰ ਸਮਰਪਿਤ ਸੂਬਾ ਪੱਧਰੀ ਬਰਸੀ ਸਮਾਗਮ ਬਰਨਾਲਾ ਵਿਖੇ ਹੋਵੇਗਾ।ਜਿਸ ਵਿਚ ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਡਾਕਟਰ ਅਸ਼ੋਕ ਧਾਵਲੇ, ਸਾਬਕਾ ਰੇਲਵੇ ਮੰਤਰੀ ਪਵਨ ਬਾਂਸਲ, ਮ ਬਰਨਾਲਾ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਵੀ ਰਾਜਸੀ ਪਾਰਟੀਆਂ ਦੇ ਆਗੂ ਸ਼ਮੂਲੀਅਤ ਕਰਨਗੇ।
ਇਸ ਮੌਕੇ ਰਜਿੰਦਰ ਸਿੰਘ ਕਾਹਨੇਕੇ, ਅਬਦਲ ਸਿਤਾਰ, ਛੋਟਾ ਸਿੰਘ ਧਨੌਲਾ, ਅਮਰ ਸਿੰਘ ਹਮੀਦੀ, ਨਛੱਤਰ ਸਿੰਘ ਕਰਮਗੜ, ਗੁਰਜੰਟ ਸਿੰਘ, ਗੁਰਜੀਤ ਸਿੰਘ ਧਨੌਲਾ, ਮਕੰਦ ਸਿੰਘ, ਤੇਜ ਰਾਮ, ਸਰੂਪ ਰਾਮ ਬਰਨਾਲਾ ਤੇ ਹਰਨੇਕ ਸਿੰਘ ਸੰਘੇੜਾ ਆਦਿ ਵੀ ਹਾਜ਼ਰ ਸਨ।
- Download Babushahi App
-
-