ਗੁਰਬਾਣੀ ਪ੍ਰਸਾਰਣ ਦਾ ਰਾਹ ਸਭ ਲਈ ਖੁੱਲ੍ਹਾ, ਪ੍ਰਸਾਰਣ ਕੱਲ੍ਹ ਅੰਮ੍ਰਿਤ ਵੇਲੇ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ —ਕਰਨੈਲ ਸਿੰਘ ਪੀਰ ਮੁਹੰਮਦ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 5 ਅਗਸਤ, 2026: ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਅੱਜ ਦਿੱਤੇ ਗਏ ਇਸ ਸਪੱਸ਼ਟੀਕਰਨ ਦਾ ਅਸੀਂ ਸਵਾਗਤ ਕਰਦੇ ਹਾਂ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯੂਟਿਊਬ ਅਤੇ ਫੇਸਬੁੱਕ ਮੰਚਾਂ ਉੱਤੇ ਉਪਲਬਧ ਹੈ ਅਤੇ ਜਿਹੜਾ ਵੀ ਚੈਨਲ ਗੁਰਮਰਿਆਦਾ ਦੀ ਪਾਲਣਾ ਕਰਦਾ ਹੈ, ਉਹ ਉੱਥੋਂ ਇਸ ਲਈ ਪ੍ਰਸਾਰਣ ਲਿੰਕ ਲੈ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਬੀਤੇ ਦਿਨ ਪ੍ਰੈਸ ਰਾਹੀਂ ਅਸੀਂ ਇਹੋ ਮੁੱਖ ਮੰਗ ਕੀਤੀ ਸੀ। ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਐਡਵੋਕੇਟ ਕਲੇਰ ਦੇ ਇਸ ਬਿਆਨ ਨੇ ਉਸ ਵਿਵਾਦ ਨੂੰ ਖ਼ਤਮ ਕਰ ਦਿੱਤਾ ਹੈ, ਜਿਸ ਨੂੰ ਲੰਬੇ ਸਮੇਂ ਤੋਂ ਬੇਲੋੜੀ ਉਲਝਣ ਵਿੱਚ ਰੱਖਿਆ ਗਿਆ ਸੀ। ਅੱਜ ਤਿੰਨ ਗੱਲਾਂ ਪੂਰੀ ਤਰ੍ਹਾਂ ਸਪੱਸ਼ਟ ਹੋ ਗਈਆਂ ਹਨ। ਜਿਨ੍ਹਾਂ ਚੋਂ ਪਹਿਲੀ ਗੱਲ, ਗੁਰਬਾਣੀ ਦੇ ਪ੍ਰਸਾਰਣ ਉੱਤੇ ਕਿਸੇ ਇੱਕ ਚੈਨਲ ਦਾ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੈ। ਦੂਜੀ ਗੱਲ, ਕਿਸੇ ਇੱਕ ਧਿਰ ਨੂੰ ਵਿਚੋਲੀਆ ਜਾਂ ਪਹਿਰੇਦਾਰ ਵਜੋਂ ਕੰਮ ਕਰਨ ਦਾ ਕੋਈ ਅਧਿਕਾਰ ਪ੍ਰਾਪਤ ਨਹੀਂ ਹੈ। ਤੀਜੀ ਗੱਲ, ਮਰਿਆਦਾ ਹੀ ਇੱਕੋ-ਇੱਕ ਸ਼ਰਤ ਹੈ ਅਤੇ ਕੋਈ ਵੀ ਜ਼ਿੰਮੇਵਾਰ ਪ੍ਰਸਾਰਕ ਇਸ ਸੰਬੰਧ ਵਿੱਚ ਕਿਸੇ ਤਰ੍ਹਾਂ ਦੀ ਛੋਟ ਦੀ ਮੰਗ ਨਹੀਂ ਕਰੇਗਾ। ਸ੍ਰੀ ਦਰਬਾਰ ਸਾਹਿਬ ਤੋਂ ਹੋਣ ਵਾਲਾ ਗੁਰਬਾਣੀ ਪ੍ਰਸਾਰਣ ਸਮੁੱਚੀ ਸੰਗਤ ਦੀ ਸਾਂਝੀ ਧਰੋਹਰ ਹੈ। ਇਹ ਕਦੇ ਵੀ ਕਿਸੇ ਇੱਕ ਚੈਨਲ ਦੀ ਵਪਾਰਕ ਜਾਇਦਾਦ ਨਹੀਂ ਸੀ ਅਤੇ ਨਾ ਹੀ ਹੋ ਸਕਦੀ ਹੈ। ਕਿਸੇ ਨੂੰ ਵੀ ਗੁਰੂ ਸਾਹਿਬ ਦੇ ਸ਼ਬਦ ਅਤੇ ਗੁਰੂ ਦੇ ਸਿੱਖਾਂ ਦੇ ਵਿਚਕਾਰ ਕੰਧ ਖੜ੍ਹੀ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ। ਇਸ ਲਈ ਅਸੀਂ ਲਿਵਿੰਗ ਇੰਡੀਆ, ਸਪੋਕਸਮੈਨ ਟੀਵੀ, ਜ਼ੀ ਪੰਜਾਬੀ ਅਤੇ ਜੀ.ਟੀ.ਸੀ ਪੰਜਾਬੀ ਸਮੇਤ ਸਾਰੇ ਚੈਨਲਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕੱਲ੍ਹ ਸਵੇਰ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਤ ਲਿੰਕ ਤੋਂ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਕਰਨ। ਅਕਾਲੀ ਦਲ ਬਾਦਲ ਦੇ ਬੁਲਾਰੇ ਦੀ ਅਧਿਕਾਰਤ ਘੋਸ਼ਣਾ ਤੋਂ ਬਾਅਦ ਹੁਣ ਹੋਰ ਉਡੀਕ ਕਰਨ ਦਾ ਕੋਈ ਕਾਰਨ ਨਹੀਂ ਬਚਿਆ ਹੈ। ਪੀਰਮੁਹੰਮਦ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਇੱਕ ਸੰਖੇਪ ਲਿਖਤੀ ਹਦਾਇਤ ਜਾਰੀ ਕਰੇ, ਜਿਸ ਵਿੱਚ ਇਸ ਪ੍ਰਬੰਧ ਦੀ ਪੁਸ਼ਟੀ ਕੀਤੀ ਜਾਵੇ ਅਤੇ ਮਰਿਆਦਾ ਨਾਲ ਸਬੰਧਿਤ ਨਿਯਮ ਸਪੱਸ਼ਟ ਤੌਰ ਉੱਤੇ ਦਰਜ ਕੀਤੇ ਜਾਣ। ਇਸ ਨਾਲ ਸਾਰੇ ਪ੍ਰਸਾਰਕ ਇੱਕੋ ਜਿਹੇ ਮਾਪਦੰਡਾਂ ਅਨੁਸਾਰ ਕੰਮ ਕਰ ਸਕਣਗੇ ਅਤੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਵਾਦ ਦੀ ਸੰਭਾਵਨਾ ਖ਼ਤਮ ਹੋ ਜਾਵੇਗੀ। ਗੁਰਬਾਣੀ ਦਾ ਪ੍ਰਸਾਰਣ ਜਿੰਨਾ ਵਿਸ਼ਾਲ ਹੋਵੇਗਾ, ਓਨਾ ਹੀ ਗੁਰੂ ਸਾਹਿਬ ਦਾ ਸੰਦੇਸ਼ ਦੁਨੀਆ ਦੇ ਹਰ ਕੋਨੇ ਤੱਕ ਪਹੁੰਚੇਗਾ। ਇਹ ਬਿਆਨ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
- Download Babushahi App
-
-