ਜਲੰਧਰ ਸਿਵਲ ਹਸਪਤਾਲ ਦੇ ਗਾਇਨੀਕੋਲੋਜੀ ਵਾਰਡ 'ਚ ਲੱਗੀ ਅੱਗ
AC ਸ਼ਾਰਟ ਸਰਕਟ ਕਾਰਨ ਫੈਲਿਆ ਧੂੰਆਂ, ਫਸੀਆਂ 20 ਗਰਭਵਤੀ ਔਰਤਾਂ ਨੂੰ ਸੁਰੱਖਿਅਤ ਬਾਹਰ ਕੱਢਿਆ
ਬਾਬੂਸ਼ਾਹੀ ਬਿਊਰੋ
ਜਲੰਧਰ, 4 ਅਗਸਤ 2026 -
ਮੰਗਲਵਾਰ ਸਵੇਰੇ ਲਗਭਗ 6 ਵਜੇ ਜਲੰਧਰ ਦੇ ਸਿਵਲ ਹਸਪਤਾਲ ਦੇ ਗਾਇਨੀਕੋਲੋਜੀ ਵਾਰਡ (Gynaecology Ward) ਵਿੱਚ ਅਚਾਨਕ ਭਿਆਨਕ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਘਟਨਾ ਸਮੇਂ ਵਾਰਡ ਦੇ ਅੰਦਰ 20 ਗਰਭਵਤੀ ਔਰਤਾਂ ਦਾਖਲ ਸਨ। ਅੱਗ ਲੱਗਣ ਕਾਰਨ ਪੂਰੇ ਵਾਰਡ ਵਿੱਚ ਕਾਲਾ ਧੂੰਆਂ ਭਰ ਗਿਆ, ਜਿਸ ਨਾਲ ਮਰੀਜ਼ਾਂ ਦਾ ਦਮ ਘੁੱਟਣ ਲੱਗਾ ਅਤੇ ਪਰਿਵਾਰਕ ਮੈਂਬਰਾਂ ਵਿੱਚ ਚੀਕ-ਚਿਹਾਰਾ ਪੈ ਗਿਆ।
ਪ੍ਰਤੱਖਦਰਸ਼ੀਆਂ ਅਤੇ ਪਰਿਵਾਰਕ ਮੈਂਬਰਾਂ ਅਨੁਸਾਰ ਗਰਮੀ ਕਾਰਨ ਓਵਰਹੀਟ ਹੋਣ ਕਰਕੇ ਏਅਰ ਕੰਡੀਸ਼ਨਰ (AC) ਦੀਆਂ ਤਾਰਾਂ ਪਿਘਲ ਗਈਆਂ, ਜਿਸ ਨਾਲ ਸ਼ਾਰਟ ਸਰਕਟ ਹੋ ਗਿਆ। ਦੇਖਦੇ ਹੀ ਦੇਖਦੇ ਅੱਗ ਨੇ ਨੇੜੇ ਪਏ ਬਿਸਤਰਿਆਂ, ਗੱਦਿਆਂ ਅਤੇ ਬਿਜਲੀ ਦੇ ਹੋਰ ਉਪਕਰਣਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਏਸੀ ਦੀਆਂ ਤਾਰਾਂ ਸੜਨ ਦਾ ਅਸਰ ਨਾਲ ਲੱਗਦੇ ਕਮਰੇ ਤੱਕ ਵੀ ਪਹੁੰਚ ਗਿਆ, ਜਿਸ ਨਾਲ ਉੱਥੋਂ ਦੀ ਵਾਇਰਿੰਗ ਵੀ ਸੜ ਕੇ ਸੁਆਹ ਹੋ ਗਈ।
ਮੌਕੇ 'ਤੇ ਮੌਜੂਦ ਜੂਨੀਅਰ ਰੈਜ਼ੀਡੈਂਟ ਡਾਕਟਰ ਦੀ ਸਮੇਂ ਸਿਰ ਮੁਸਤੈਦੀ ਕਾਰਨ ਹਾਦਸੇ ਦਾ ਤੁਰੰਤ ਪਤਾ ਲੱਗ ਗਿਆ। ਉਨ੍ਹਾਂ ਨੇ ਤੁਰੰਤ ਮੈਡੀਕਲ ਸੁਪਰਡੈਂਟ (MS) ਡਾ. ਨਮਿਤਾ ਘਈ ਅਤੇ ਗਾਇਨੀਕੋਲੋਜੀ ਇੰਚਾਰਜ ਡਾ. ਬਰਿੰਦਰ ਨੂੰ ਇਨਫਾਰਮ ਕੀਤਾ। 5 ਮਿੰਟਾਂ ਦੇ ਅੰਦਰ ਸੀਨੀਅਰ ਮੈਡੀਕਲ ਅਫ਼ਸਰ (SMO) ਡਾ. ਪ੍ਰਿਆ ਕੌਸ਼ਲ ਅਤੇ ਡਾਕਟਰਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਧੂੰਆਂ ਬਾਹਰ ਕੱਢਣ ਲਈ ਖਿੜਕੀਆਂ ਦੇ ਸ਼ੀਸ਼ੇ ਤੋੜੇ ਅਤੇ ਅੱਗ 'ਤੇ ਕਾਬੂ ਪਾਇਆ।
ਐਸ.ਐਮ.ਓ. ਡਾ. ਪ੍ਰਿਆ ਕੌਸ਼ਲ ਨੇ ਪੁਸ਼ਟੀ ਕੀਤੀ ਹੈ ਕਿ ਹਸਪਤਾਲ ਸਟਾਫ਼ ਅਤੇ ਫਾਇਰ ਟੀਮਾਂ ਦੀ ਤੁਰੰਤ ਮਦਦ ਨਾਲ ਸਾਰੀਆਂ 20 ਗਰਭਵਤੀ ਔਰਤਾਂ ਅਤੇ ਨਵਜਾਤ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ, ਹਾਲਾਂਕਿ ਵਾਰਡ ਦਾ ਕਾਫ਼ੀ ਸਾਮਾਨ ਸੜ ਕੇ ਨੁਕਸਾਨਿਆ ਗਿਆ ਹੈ।
- Download Babushahi App
-
-