ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਪੰਜਾਬ ਵੱਲੋਂ ਰੋਪ ਨੌਟਿੰਗ ਟ੍ਰੇਨਿੰਗ ਕੈਂਪ, ਜ਼ਿਲ੍ਹੇ ਭਰ ਦੇ ਅਧਿਆਪਕਾਂ ਨੇ ਲਿਆ ਉਤਸ਼ਾਹ ਨਾਲ ਭਾਗ
ਰੋਹਿਤ ਗੁਪਤਾ
ਗੁਰਦਾਸਪੁਰ, 5 ਅਗਸਤ
ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਪੰਜਾਬ ਸਟੇਟ ਵੱਲੋਂ ਅੱਜ ਗੁਰਦਾਸਪੁਰ ਵਿਖੇ ਰੋਪ ਨੌਟਿੰਗ (Rope Knotting) ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਟ੍ਰੇਨਿੰਗ ਕੈਂਪ ਦਾ ਉਦੇਸ਼ ਸਕਾਊਟਸ ਅਤੇ ਗਾਈਡਜ਼ ਨਾਲ ਜੁੜੇ ਅਧਿਆਪਕਾਂ ਨੂੰ ਰੋਪ ਨੌਟਿੰਗ ਦੀਆਂ ਵਿਹਾਰਕ ਤਕਨੀਕਾਂ, ਐਡਵੈਂਚਰ ਗਤੀਵਿਧੀਆਂ ਅਤੇ ਸਕਾਊਟਿੰਗ ਦੇ ਆਧੁਨਿਕ ਹੁਨਰਾਂ ਬਾਰੇ ਸਿਖਲਾਈ ਪ੍ਰਦਾਨ ਕਰਨਾ ਸੀ।
ਕੈਂਪ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ, ਸਰਕਾਰੀ ਹਾਈ ਸਕੂਲਾਂ ਅਤੇ ਸਰਕਾਰੀ ਮਿਡਲ ਸਕੂਲਾਂ ਤੋਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਗੰਢਾਂ (Knots), ਉਨ੍ਹਾਂ ਦੀ ਵਰਤੋਂ, ਸੁਰੱਖਿਆ ਮਾਪਦੰਡਾਂ ਅਤੇ ਸਕਾਊਟਿੰਗ ਗਤੀਵਿਧੀਆਂ ਵਿੱਚ ਉਨ੍ਹਾਂ ਦੇ ਵਿਹਾਰਕ ਪ੍ਰਯੋਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਪੰਜਾਬ ਦੇ ਸਟੇਟ ਸਕੱਤਰ ਨਿਤਿਨ ਚੌਧਰੀ ਨੇ ਕਿਹਾ ਕਿ ਅਜਿਹੇ ਟ੍ਰੇਨਿੰਗ ਕੈਂਪ ਅਧਿਆਪਕਾਂ ਦੀ ਸਮਰੱਥਾ ਵਿੱਚ ਵਾਧਾ ਕਰਦੇ ਹਨ ਅਤੇ ਉਹ ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਕਾਊਟਿੰਗ ਦੇ ਹੁਨਰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਸਿਖਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਕਾਊਟਿੰਗ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਲੀਡਰਸ਼ਿਪ, ਸੇਵਾ ਭਾਵਨਾ ਅਤੇ ਆਤਮ-ਵਿਸ਼ਵਾਸ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਇਸ ਮੌਕੇ ਹਰਦੀਪ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਭਰ ਵਿੱਚ ਸਕਾਊਟਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਤਰ੍ਹਾਂ ਦੇ ਟ੍ਰੇਨਿੰਗ ਪ੍ਰੋਗਰਾਮ ਨਿਰੰਤਰ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੇਨਿੰਗ ਦੌਰਾਨ ਪ੍ਰਾਪਤ ਕੀਤੇ ਗਿਆਨ ਨੂੰ ਆਪਣੇ ਸਕੂਲਾਂ ਵਿੱਚ ਵਿਦਿਆਰਥੀਆਂ ਤੱਕ ਪਹੁੰਚਾਉਣ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਸਕਾਊਟਿੰਗ ਗਤੀਵਿਧੀਆਂ ਨਾਲ ਜੁੜ ਸਕਣ।
ਟ੍ਰੇਨਿੰਗ ਕੈਂਪ ਦੌਰਾਨ ਭਾਗ ਲੈਣ ਵਾਲੇ ਅਧਿਆਪਕਾਂ ਨੇ ਰੋਪ ਨੌਟਿੰਗ ਦੇ ਵਿਹਾਰਕ ਅਭਿਆਸ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਅਜਿਹੇ ਸਿਖਲਾਈ ਕੈਂਪਾਂ ਨੂੰ ਸਮੇਂ ਦੀ ਲੋੜ ਦੱਸਦਿਆਂ ਹਿੰਦੁਸਤਾਨ ਸਕਾਊਟਸ ਐਂਡ ਗਾਈਡਜ਼ ਪੰਜਾਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਇਹ ਵੀ ਵਿਸ਼ਵਾਸ ਪ੍ਰਗਟਾਇਆ ਗਿਆ ਕਿ ਭਵਿੱਖ ਵਿੱਚ ਵੀ ਅਜਿਹੇ ਸਿਖਲਾਈ ਪ੍ਰੋਗਰਾਮ ਨਿਰੰਤਰ ਆਯੋਜਿਤ ਕੀਤੇ ਜਾਂਦੇ ਰਹਿਣਗੇ, ਜਿਸ ਨਾਲ ਸਕੂਲਾਂ ਵਿੱਚ ਸਕਾਊਟਿੰਗ ਗਤੀਵਿਧੀਆਂ ਨੂੰ ਹੋਰ ਪ੍ਰੋਤਸ਼ਾਹਨ ਮਿਲੇਗਾ।
- Download Babushahi App
-
-