ਰੁਜ਼ਗਾਰ 'ਚ ਪੰਜਾਬੀਆਂ ਨੂੰ ਤਰਜ਼ੀਹ ਦੇਣ ਬਾਬਤ ਇਆਲੀ ਦੀ ਤਕਰੀਰ ਸ਼ਲਾਘਾਯੋਗ : ਨਿਰਮੈਲ ਸਿੰਘ ਜੌਲਾ ਕਲਾਂ
ਮਲਕੀਤ ਸਿੰਘ ਮਲਕਪੁਰ
ਲਾਲੜੂ 5 ਅਗਸਤ 2026: ਰੁਜ਼ਗਾਰ 'ਚ ਪੰਜਾਬੀਆਂ ਨੂੰ ਤਰਜ਼ੀਹ ਦੇਣ ਬਾਰੇ ਮਨਪ੍ਰੀਤ ਸਿੰਘ ਇਆਲੀ ਦੀ ਵਿਧਾਨ ਸਭਾ ਵਿਚ ਦਿੱਤੀ ਗਈ ਤਕਰੀਰ ਸ਼ਲਾਘਾਯੋਗ ਹੈ ਤੇ ਇਸ ਉਤੇ ਸਰਕਾਰ ਨੂੰ ਤੁਰੰਤ ਅਮਲ ਕਰਨਾ ਚਾਹੀਦਾ ਹੈ । ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਮੈਂਬਰ ਨਿਰਮੈਲ ਸਿੰਘ ਜੌਲਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਦਿੱਤਾ। ਸ੍ਰ.ਜੌਲਾ ਨੇ ਕਿਹਾ ਕਿ ਸਰਕਾਰੀ ਤੇ ਨਿੱਜੀ ਸੰਸਥਾਵਾਂ ਵਿੱਚ ਨੌਕਰੀਆਂ ਦੇਣ ਦੇ ਮਾਮਲੇ ਵਿਚ ਪੰਜਾਬੀਆਂ ਨੂੰ ਪਹਿਲ ਦੇਣ ਨਾਲ ਪੰਜਾਬ ਦੇ ਸੱਭਿਆਚਾਰ ਤੇ ਅਰਥਵਿਵਸਥਾ ਨੂੰ ਬਚਾਇਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਪੰਜਾਬ ਦੀ ਜਵਾਨੀ ਦਾ ਬਾਹਰ ਜਾਣ ਦਾ ਹੇਜ ਵੀ ਘੱਟ ਹੋਵੇਗਾ ਤੇ ਉਹ ਪੰਜਾਬ ਵਿੱਚ ਰਹਿੰਦਿਆਂ ਪੰਜਾਬ ਨੂੰ ਆਪਣਾ ਸੋਚਣਗੇ ਤੇ ਉਸ ਦੀ ਤਰੱਕੀ ਵਿੱਚ ਯੋਗਦਾਨ ਪਾਉਣਗੇ । ਉਨ੍ਹਾਂ ਪੰਜਾਬੀ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੜ੍ਹਾਈ ਲਿਖਾਈ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਪੂਰੀ ਦਿਲਚਸਪੀ ਲੈਣ ਤੇ ਆਪਣੀ ਜਵਾਨੀ ਤੇ ਜ਼ਮੀਨ ਨੂੰ ਹਰ ਹਾਲ ਵਿਚ ਬਚਾਉਣ, ਕਿਉਂਕਿ ਪੰਜਾਬੀਆਂ ਨੇ ਆਪਣੀ ਪੜ੍ਹਾਈ ਤੇ ਲਿਆਕਤ ਦੇ ਚੱਲਦਿਆਂ ਵਿਸ਼ਵ ਵਿਚ ਨਾਮ ਕਮਾਇਆ ਹੈ । ਇਸ ਤੋਂ ਇਲਾਵਾ ਪੰਜਾਬੀ ਮਿਹਨਤੀ ਤੇ ਭਾਵੁਕ ਕੌਮ ਹਨ , ਜਿਨ੍ਹਾਂ ਵਿਦੇਸ਼ ਵਿਚ ਵੀ ਆਪਣੀ ਹਿੰਮਤ ਦੇ ਝੰਡੇ ਗੱਡੇ ਹਨ । ਸ੍ਰ ਜੌਲਾ ਨੇ ਕਿਹਾ ਸ੍ਰ.ਮਨਪ੍ਰੀਤ ਸਿੰਘ ਇਆਲੀ ਮੁਤਾਬਕ ਹਰ ਸੂਬੇ ਨੇ ਆਪਣੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਫੈਸਲੇ ਲਏ ਹਨ ਤੇ ਪੰਜਾਬ ਨੂੰ ਵੀ ਆਪਣੇ ਭਵਿੱਖ ਬਾਰੇ ਸੋਚਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਧਰਮ,ਜਾਤ ਜਾਂ ਸੂਬੇ ਦੇ ਵਿਰੋਧ ਵਿਚ ਨਹੀਂ ਹਨ ਪਰ ਪੰਜਾਬ ਨੂੰ ਬਚਾਉਣ ਲਈ ਪੰਜਾਬੀ ਤੇ ਪੰਜਾਬੀਅਤ ਪੱਖੀ ਸਟੈਂਡ ਲੈਣਾ ਸਮੇਂ ਦੀ ਲੋੜ ਹੈ ।
- Download Babushahi App
-
-