ਸੁਖਬੀਰ ਵੱਲੋਂ ਗੜ੍ਹੇਮਾਰੀ ਦਾ ਸ਼ਿਕਾਰ ਹੋਏ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਕਣਕ ਵੰਡਣ ਦੀ ਸ਼ੁਰੂਆਤ
300 ਪਰਿਵਾਰਾਂ ਨੂੰ ਅੱਜ ਇਕ-ਇਕ ਕੁਇੰਟਲ ਪ੍ਰਤੀ ਪਰਿਵਾਰ ਕਣਕ ਵੰਡੀ
ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਸੂਬੇ ਦੀਆਂ 10 ਫੀਸਦੀ ਔਰਤਾਂ ਨੂੰ 3 ਮਹੀਨਿਆਂ ਲਈ ਇਕ-ਇਕ ਹਜ਼ਾਰ ਰੁਪਿਆ ਦੇ ਕੇ ਧੋਖਾ ਕਰ ਰਹੀ ਹੈ ਜਦੋਂ ਕਿ ਉਹਨਾਂ ਕੋਲੋਂ 2000 ਰੁਪਏ ਪ੍ਰਤੀ ਮਹੀਨਾ ਦੇ ਸਮਾਜ ਭਲਾਈ ਲਾਭ ਖੋਹ ਲਏ ਹਨ
ਅਸ਼ੋਕ ਵਰਮਾ
ਮਲੋਟ (ਸ੍ਰੀ ਮੁਕਤਸਰ ਸਾਹਿਬ), 3 ਜੁਲਾਈ 2026: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਵੱਲੋਂ ਉਹਨਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਿਹਨਾਂ ਦੀ ਕਣਕ ਦੀ ਫਸਲ ਪਿਛਲੇ ਸਮੇ਼ ਵਿਚ ਭਾਰੀ ਬਰਸਾਤਾਂ ਤੇ ਗੜ੍ਹੇਮਾਰੀ ਕਾਰਨ ਤਬਾਹ ਹੋ ਗਈ ਸੀ। ਉਹਨਾਂ ਨੇ ਮਲੋਟ ਹਲਕੇ ਦੇ ਗੰਧੜ ਪਿੰਡ ਤੋਂ ਇਸਦੀ ਸ਼ੁਰੂਆਤ ਕੀਤੀ। ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਅੰਨਦਾਤਾ ਨਾਲ ਡੱਟ ਕੇ ਖੜ੍ਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਕੋਈ ਵੀ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਭੱਜ ਗਈ ਹੈ ਜਦੋਂ ਕਿ ਅਕਾਲੀ ਦਲ ਨੇ ਇਸ ਔਖੇ ਵੇਲੇ ਉਹਨਾਂ ਦੀ ਬਾਂਹ ਫੜੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਇਸ ਮੌਕੇ 300 ਪਰਿਵਾਰਾਂ ਨੂੰ ਇਕ-ਇਕ ਕੁਇੰਟਲ ਕਣਕ ਪ੍ਰਦਾਨ ਕੀਤੀ। ਉਹਨਾਂ ਨੇ ਸੰਗਰੂਰ, ਨਾਭਾ ਤੇ ਜ਼ੀਰਾ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਦੀ ਸਮਰਪਿਤ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਇਸ ਪਿੰਡ ਵਿਚ ਵੰਡਣ ਵਾਸਤੇ 300 ਕੁਇੰਟਲ ਕਣਕ ਇਕੱਤਰ ਕੀਤੀ। ਉਹਨਾਂ ਐਲਾਨ ਕੀਤਾ ਕਿ ਪਾਰਟੀ ਕੇਡਰ ਨੇ ਇਸ ਸਬੰਧੀ ਦੋ ਮਹੀਨੇ ਪਹਿਲਾਂ ਪਾਰਟੀ ਵੱਲੋਂ ਲਏ ਫੈਸਲੇ ਮੁਤਾਬਕ ਕਣਕ ਦਾ ਭੰਡਾਰ ਇਕੱਤਰ ਕੀਤਾ ਅਤੇ ਇਹ ਅਗਲੇ ਕੁਝ ਦਿਨਾਂ ਵਿਚ ਪ੍ਰਭਾਵਤ ਪਰਿਵਾਰਾਂ ਕੋਲ ਪਹੁੰਚ ਜਾਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਹ ਆਮ ਆਦਮੀ ਪਾਰਟੀ ਜੋ ਸਿਰਫ ਗੱਲਾਂ ਦਾ ਕੜਾਹ ਬਣਾ ਕੇ ਝੂਠਾ ਪ੍ਰਚਾਰ ਕਰਦੀ ਹੈ ਤੇ ਅਕਾਲੀ ਦਲ ਜੋ ਹਮੇਸ਼ਾ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਦਾ ਹੈ, ਵਿਚ ਫਰਕ ਸਮਝਣ। ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਆਪ ਵੱਲੋਂ ਵਾਰ-ਵਾਰ ਫਸਲਾਂ ਦੇ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿਚ ਨਾਕਾਮ ਰਹਿਣ ਦਾ ਹਿਸਾਬ ਉਸ ਤੋਂ ਲਿਆ ਜਾਵੇ।
ਬਾਦਲ ਨੇ ਕੁਝ ਖੇਤਾਂ ਵਿਚ ਜਾ ਕੇ ਕਿਸਾਨਾਂ ਦਾ ਹਾਲ ਚਾਲ ਜਾਣਿਆ ਜਿਹਨਾਂ ਨੇ ਆਪ ਸਰਕਾਰ ਦੇ ਖੇਤੀਬਾੜੀ ਖੇਤਰ ਲਈ 8 ਘੰਟੇ ਬਿਜਲੀ ਸਪਲਾਈ ਦੇਣ ਦੇ ਵਾਅਦੇ ’ਤੇ ਭਰੋਸਾ ਕੀਤਾ ਸੀ। ਉਹਨਾਂ ਕਿਹਾ ਕਿ ਝੋਨੇ ਦੀ ਫਸਲ ਸੁੱਕ ਰਹੀ ਹੈ ਕਿਉਂਕਿ ਕਿਸਾਨਾਂ ਨੂੰ ਦੋ ਘੰਟੇ ਵੀ ਸਪਲਾਈ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਕਿਸਾਨ ਇਸ ਕਰ ਕੇ ਮੁਸ਼ਕਿਲਾਂ ਝਲ ਰਹੇ ਹਨ ਕਿਉਂਕਿ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿਚ ਬਿਜਲੀ ਪੈਦਾਵਾਰ ਵਿਚ ਕੋਈ ਵਾਧਾ ਨਹੀਂ ਕੀਤਾ। ਉਹਨਾਂ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਅਕਾਲੀ ਦਲ ਨੇ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ।
ਬਾਦਲ ਨੇ ਇਹ ਵੀ ਦੱਸਿਆ ਕਿ ਆਪ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਨਾਲ ਕਿਵੇਂ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਕੁੱਲ 1 ਕਰੋੜ ਔਰਤਾਂ ਵਿਚੋਂ ਸਿਰਫ 10 ਫੀਸਦੀ ਔਰਤਾਂ ( 9 ਤੋਂ 10 ਲੱਖ) ਔਰਤਾਂ ਨੂੰ ਤਿੰਨ ਮਹੀਨੇ ਲਈ ਇਕ-ਇਕ ਹਜ਼ਾਰ ਰੁਪਿਆ ਮਿਲਿਆ ਹੈ ਜਦੋਂ ਕਿ ਔਰਤਾਂ ਕੋਲੋਂ ਸਮਾਜ ਭਲਾਈ ਲਾਭ ਦੇ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਖੋਹ ਲਏ ਗਏ ਹਨ। ਉਹਨਾਂ ਦੱਸਿਆ ਕਿ ਕਿਵੇਂ ਔਰਤਾਂ ਨੂੰ ਸ਼ਗਨ ਸਕੀਮ ਤਹਿਤ ਪੈਸਾ ਨਹੀਂ ਮਿਲ ਰਿਹਾ, ਬੁਢਾਪਾ ਪੈਨਸ਼ਨ ਸਕੀਮ ਦੇ ਲਾਭਪਾਤਰੀਆਂ ਅਤੇ ਮਨਰੇਗਾ ਸਕੀਮ ਦੇ ਲਾਭਪਾਤਰੀਆਂ ਵਿਚ ਕਟੌਤੀ ਕੀਤੀ ਗਈ ਹੈ।
ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਇਕ ਵਾਰ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਜ਼ਰੂਰਤਮੰਦਾਂ ਨੂੰ 30 ਕਿਲੋ ਆਟਾ 4 ਰੁਪਏ ਕਿਲੋ ਦੇ ਹਿਸਾਬ ਨਾਲ ਅਤੇ 20 ਰੁਪਏ ਕਿਲੋ ਦੇ ਹਿਸਾਬ ਨਾਲ ਦਾਲ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕਮਜ਼ੋਰ ਵਰਗਾਂ ਦੀਆਂ ਧੀਆਂ ਦੇ ਵਿਆਹ ਵਾਸਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ ਅਤੇ ਬੁਢਾਪਾ ਪੈਨਸ਼ਨ ਵੀ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਬੇਘਰੇ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾਣਗੇ। ਇਸ ਮੌਕੇ ਸੀਨੀਅਰ ਆਗੂ ਸਾਬਕਾ ਐਮ ਐਲ ਏ ਹਰਪ੍ਰੀਤ ਸਿੰਘ ਕੋਟਭਾਈ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸਨ।
- Download Babushahi App
-
-