ਤਰਨ ਤਾਰਨ 'ਚ ਸਾਲੇ ਨੇ ਜੀਜੇ 'ਤੇ ਤੇਲ ਪਾ ਕੇ ਜਿਉਂਦਾ ਸਾੜਿਆ, ਬਚਾਉਣ ਆਈ ਭਾਬੀ ਸਮੇਤ ਦੋ ਦੀ ਮੌਤ, CCTV 'ਚ ਕੈਦ ਹੋਈ ਘਟਨਾ
Baljeet Singh/ ਬਾਬੂ਼ਸ਼ਾਹੀ ਬਿਊਰੋ
ਪੱਟੀ/ਤਰਨ ਤਾਰਨ, 3 ਜੁਲਾਈ (2026): ਤਰਨ ਤਾਰਨ ਦੇ ਪਿੰਡ ਸੰਘਾ ਵਿੱਚ ਇੱਕ ਬੇਹੱਦ ਖ਼ੌਫ਼ਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਸਾਲੇ ਨੇ ਆਪਣੇ ਹੀ ਜੀਜੇ 'ਤੇ ਤੇਲ ਪਾ ਕੇ ਉਸ ਨੂੰ ਜਿਉਂਦਾ ਸਾੜ ਦਿੱਤਾ। ਇਹ ਸਾਰੀ ਖ਼ੂਨੀ ਵਾਰਦਾਤ ਉੱਥੇ ਲੱਗੇ ਇੱਕ ਸੀ.ਸੀ.ਟੀ.ਵੀ. (CCTV) ਕੈਮਰੇ ਵਿੱਚ ਕੈਦ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਪਿੰਡ ਲੋਪੋਕੇ ਦਾ ਰਹਿਣ ਵਾਲਾ ਲਵਪ੍ਰੀਤ ਸਿੰਘ ਆਪਣੀ ਰੁੱਸ ਕੇ ਪੇਕੇ ਘਰ ਆਈ ਪਤਨੀ ਸੰਦੀਪ ਕੌਰ ਨੂੰ ਮਨਾਉਣ ਲਈ ਸਹੁਰੇ ਪਿੰਡ ਸੰਘਾ ਆਇਆ ਹੋਇਆ ਸੀ। ਇਸੇ ਦੌਰਾਨ ਘਰੇਲੂ ਕਲੇਸ਼ ਕਾਰਨ ਗੁੱਸੇ ਵਿੱਚ ਆਏ ਉਸ ਦੇ ਸਾਲੇ ਸਾਜਨ ਸਿੰਘ ਨੇ ਲਵਪ੍ਰੀਤ ਸਿੰਘ 'ਤੇ ਤੇਲ ਪਾ ਕੇ ਅੱਗ ਲਗਾ ਦਿੱਤੀ, ਜਿਸ ਕਾਰਨ ਲਵਪ੍ਰੀਤ ਸਿੰਘ ਦੀ ਦਰਦਨਾਕ ਮੌਤ ਹੋ ਗਈ।
ਇਸ ਭਿਆਨਕ ਘਟਨਾ ਦੌਰਾਨ ਜਦੋਂ ਲਵਪ੍ਰੀਤ ਸਿੰਘ ਨੂੰ ਬਚਾਉਣ ਲਈ ਸਾਜਨ ਸਿੰਘ ਦੀ ਭਾਬੀ ਗੁਰਜੀਤ ਕੌਰ ਅੱਗੇ ਆਈ, ਤਾਂ ਉਹ ਵੀ ਅੱਗ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਝੁਲਸ ਗਈ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਸਾਜਨ ਸਿੰਘ ਖ਼ੁਦ ਵੀ ਅੱਗ ਦੀਆਂ ਲਪਟਾਂ ਕਾਰਨ ਝੁਲਸ ਗਿਆ ਹੈ, ਜਿਸ ਨੂੰ ਪੁਲਿਸ ਨਿਗਰਾਨੀ ਹੇਠ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਸਬੰਧਤ ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਸਾਜਨ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਖ਼ੂਨੀ ਕਾਂਡ ਕਾਰਨ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
- Download Babushahi App
-
-