ਕੇਂਦਰੀ ਯੂਨੀਵਰਸਿਟੀ ਵਿਖੇ ਬੋਰਡ ਆਫ਼ ਜੈਨੇਟਿਕ ਕਾਊਂਸਲਿੰਗ ਇੰਡੀਆ ਦਾ ਸਾਲਾਨਾ ਕੌਮਾਂਤਰੀ ਸੰਮੇਲਨ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 5 ਜੁਲਾਈ 2026 : ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ), ਬਠਿੰਡਾ ਵਿਖੇ ਸ਼ੁੱਕਰਵਾਰ ਨੂੰ ਬੋਰਡ ਆਫ਼ ਜੈਨੇਟਿਕ ਕਾਊਂਸਲਿੰਗ ਇੰਡੀਆ (ਬੀਜੀਸੀਆਈ) ਦੇ ਤਿੰਨ ਦਿਨਾਂ 11ਵੇਂ ਅੰਤਰਰਾਸ਼ਟਰੀ ਸਾਲਾਨਾ ਸੰਮੇਲਨ ਦਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ। 3 ਤੋਂ 5 ਜੁਲਾਈ, 2026 ਤੱਕ ਹਾਈਬ੍ਰਿਡ ਮੋਡ ਵਿੱਚ ਇਹ ਸੰਮੇਲਨ ਬੋਰਡ ਆਫ਼ ਜੈਨੇਟਿਕ ਕਾਊਂਸਲਿੰਗ ਇੰਡੀਆ ਵੱਲੋਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਭਾਗੀਦਾਰਾਂ ਦਾ ਸਵਾਗਤ ਕਰਦਿਆਂ ਯੂਨੀਵਰਸਿਟੀ ਦੀ ਖੋਜ ਅਤੇ ਵਿਕਾਸ ਨਿਰਦੇਸ਼ਕ ਪ੍ਰੋ. ਅੰਜਨਾ ਮੁੰਸ਼ੀ ਨੇ ਕਿਹਾ ਕਿ ਇਸ ਸੰਮੇਲਨ ਦਾ ਮੁੱਖ ਉਦੇਸ਼ ਭਾਰਤ ਵਿੱਚ ਜੈਨੇਟਿਕ ਕਾਊਂਸਲਿੰਗ ਦੇ ਖੇਤਰ ਵਿੱਚ ਸਿੱਖਿਆ, ਸਿਖਲਾਈ ਅਤੇ ਪੇਸ਼ੇਵਰ ਅਭਿਆਸ ਨੂੰ ਹੋਰ ਮਜ਼ਬੂਤ ਕਰਨਾ ਹੈ।
ਇਸ ਮੌਕੇ ਬੀਜੀਸੀਆਈ ਦੀ ਪ੍ਰਧਾਨ ਡਾ. ਐਨੀ ਹਸਨ ਨੇ ਕਿਹਾ ਕਿ ਇਹ ਸੰਮੇਲਨ ਜੈਨੇਟਿਕ ਕਾਊਂਸਲਿੰਗ ਦੇ ਖੇਤਰ ਵਿੱਚ ਗਿਆਨ ਦੇ ਆਦਾਨ-ਪ੍ਰਦਾਨ, ਆਪਸੀ ਸਹਿਯੋਗ ਅਤੇ ਸਮਰੱਥਾ ਨਿਰਮਾਣ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਦੱਸਿਆ ਕਿ ਜੈਨੇਟਿਕ ਕਾਊਂਸਲਿੰਗ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਵਿਰਾਸਤੀ ਬਿਮਾਰੀਆਂ, ਉਨ੍ਹਾਂ ਦੇ ਦੁਬਾਰਾ ਹੋਣ ਦੀ ਸੰਭਾਵਨਾ ਅਤੇ ਉਪਲਬਧ ਰੋਕਥਾਮ ਦੇ ਵਿਕਲਪਾਂ ਨੂੰ ਸਮਝਣ ਵਿੱਚ ਮਦਦ ਕਰਦੀ ਹੈ। ਉਨ੍ਹਾਂ ਭਾਰਤ ਵਿੱਚ ਵਧੇਰੇ ਸਿਖਲਾਈ ਪ੍ਰਾਪਤ ਜੈਨੇਟਿਕ ਕਾਊਂਸਲਰਾਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਬੀਜੀਸੀਆਈ ਪੇਸ਼ੇਵਰਾਂ ਦੇ ਪ੍ਰਮਾਣੀਕਰਨ, ਸਿਖਲਾਈ ਪ੍ਰੋਗਰਾਮਾਂ ਦੀ ਮਾਨਤਾ ਅਤੇ ਜੈਨੇਟਿਕਸ ਅਤੇ ਜੀਨੋਮਿਕਸ ਦੇ ਖੇਤਰ ਵਿੱਚ ਨਿਰੰਤਰ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।
ਮੁੱਖ ਮਹਿਮਾਨ ਡਾ. ਐਨ. ਕੇ. ਮਹਿਰਾ ਨੇ ਆਪਣੇ ਸੰਬੋਧਨ ਵਿੱਚ ਵਿਰਾਸਤੀ ਬਿਮਾਰੀਆਂ ਦੇ ਇਲਾਜ, ਰੋਕਥਾਮ ਅਤੇ ਇਲਾਜ ਵਿੱਚ ਜੈਨੇਟਿਕ ਕਾਊਂਸਲਿੰਗ ਦੀ ਮਹੱਤਵਪੂਰਨ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਰਿਵਾਰ ਦਾ ਇੱਕ ਬੱਚਾ ਕਿਸੇ ਦੁਰਲੱਭ ਜੈਨੇਟਿਕ ਬਿਮਾਰੀ ਤੋਂ ਪ੍ਰਭਾਵਿਤ ਹੈ, ਤਾਂ ਭਵਿੱਖ ਵਿੱਚ ਜਨਮ ਲੈਣ ਵਾਲੇ ਬੱਚਿਆਂ ਵਿੱਚ ਉਸ ਬਿਮਾਰੀ ਦੀ ਸੰਭਾਵਨਾ ਨੂੰ ਸਮਝਣ ਲਈ ਪਰਿਵਾਰ ਨੂੰ ਉਚਿਤ ਜੈਨੇਟਿਕ ਕਾਊਂਸਲਿੰਗ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਜੈਨੇਟਿਕਸ ਅਤੇ ਭਾਰਤ ਦੀ ਪਰੰਪਰਾਗਤ ਸਮਾਜਿਕ ਵਿਵਸਥਾ, ਖ਼ਾਸ ਕਰਕੇ ਗੋਤ੍ਰ ਦੀ ਧਾਰਣਾ, ਦੇ ਆਪਸੀ ਸਬੰਧਾਂ ਬਾਰੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਵੱਖ-ਵੱਖ ਸਮਾਜਿਕ ਪਰੰਪਰਾਵਾਂ ਦਾ ਜੈਨੇਟਿਕਸ 'ਤੇ ਕੀ ਪ੍ਰਭਾਵ ਪਿਆ ਹੈ, ਇਸ ਨੂੰ ਸਮਝਣ ਲਈ ਹੋਰ ਵਿਗਿਆਨਕ ਖੋਜ ਦੀ ਲੋੜ ਹੈ।
ਸੰਮੇਲਨ ਦੇ ਪਹਿਲੇ ਦਿਨ ਆਈਆਈਟੀ ਹੈਦਰਾਬਾਦ ਦੀ ਡਾ. ਰੇਨੂ ਜੌਨ ਨੇ "ਸਿਹਤ ਸੇਵਾਵਾਂ ਵਿੱਚ ਏਆਈ ਵਿਸ਼ੇ 'ਤੇ ਮੁੱਖ ਭਾਸ਼ਣ ਦਿੱਤਾ। ਇਸ ਤੋਂ ਪਹਿਲਾਂ "ਭਾਰਤ ਵਿੱਚ ਜੈਨੇਟਿਕ ਕਾਊਂਸਲਿੰਗ ਦੇ ਸਿੱਖਿਆ ਅਤੇ ਸਿਖਲਾਈ ਪ੍ਰੋਗਰਾਮ" ਅਤੇ "ਨੈਕਸਟ ਜਨਰੇਸ਼ਨ ਸੀਕਵੇਂਸਿੰਗ: ਪ੍ਰਕਿਰਿਆ ਅਤੇ ਡਾਟਾ ਵਿਸ਼ਲੇਸ਼ਣ" ਵਿਸ਼ਿਆਂ 'ਤੇ ਦੋ ਵਰਕਸ਼ਾਪਾਂ ਕਰਵਾਈਆਂ ਗਈਆਂ।
ਸੰਮੇਲਨ ਦੇ ਅਗਲੇ ਦੋ ਦਿਨਾਂ ਦੌਰਾਨ ਨਿਊਰੋਲੋਜੀ, ਦੁਰਲੱਭ ਜੈਨੇਟਿਕ ਬਿਮਾਰੀਆਂ, ਹੀਮੈਟੋਲੋਜੀ, ਪ੍ਰਜਨਨ ਜੀਵ ਵਿਗਿਆਨ ਅਤੇ ਔਨਕੋਲੋਜੀ ਵਿਸ਼ਿਆਂ 'ਤੇ ਵਿਗਿਆਨਕ ਸੈਸ਼ਨ ਆਯੋਜਿਤ ਕੀਤੇ ਜਾਣਗੇ। ਇਸ ਅੰਤਰਰਾਸ਼ਟਰੀ ਸਾਲਾਨਾ ਸੰਮੇਲਨ ਦਾ ਸਮਾਪਤੀ ਸਮਾਰੋਹ 5 ਜੁਲਾਈ ਨੂੰ ਆਯੋਜਿਤ ਕੀਤਾ ਜਾਵੇਗਾ।
- Download Babushahi App
-
-