Krishan Kumar ਤੋਂ ਹੋਮ ਵਾਪਸ ਲਿਆ- ਨਵੇਂ ਹੁਕਮ ਹੋਏ ਜਾਰੀ
Ravi Jakhu
ਚੰਡੀਗੜ੍ਹ, 2 ਜੁਲਾਈ 2026: ਪੰਜਾਬ ਸਰਕਾਰ ਨੇ ਸੀਨੀਅਰ ਆਈਏਐਸ ਅਫ਼ਸਰ ਕ੍ਰਿਸ਼ਨ ਕੁਮਾਰ ਤੋਂ ਹੋਮ ਡਿਪਾਰਟਮੈਂਟ ਵਾਪਸ ਲੈ ਲਿਆ ਹੈ। ਦੱਸਣਾ ਬਣਦਾ ਹੈ ਕਿ ਪ੍ਰਸੋਨਲ ਵਿਭਾਗ ਨੇ 25 ਜੂਨ ਨੂੰ ਪਾਸ ਕੀਤੇ ਗਏ ਇੱਕ ਆਰਡਰ ਰਾਹੀਂ (ਜੋ ਕਿ 26 ਜੂਨ 2026 ਨੂੰ ਜਾਰੀ ਹੋਏ ਸਨ) ਕ੍ਰਿਸ਼ਨ ਕੁਮਾਰ ਨੂੰ ਹੋਮ ਦਾ ਚਾਰਜ ਦਿੱਤਾ ਸੀ। ਹਾਲਾਂਕਿ ਕਰੀਬ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਉਕਤ ਆਰਡਰ ਨੂੰ ਵਾਪਸ ਲੈ ਲਿਆ ਗਿਆ।
ਜਾਣਕਾਰੀ ਲਈ ਦੱਸਦੇ ਚੱਲੀਏ ਕਿ, ਸਰਕਾਰ ਵੱਲੋਂ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਇੱਕ ਅਹਿਮ ਤਬਦੀਲੀ ਕਰਦਿਆਂ ਸੀਨੀਅਰ ਆਈ.ਏ.ਐਸ. (IAS) ਅਫ਼ਸਰਾਂ ਨੂੰ ਐਡਿਸ਼ਨਲ ਚਾਰਜ ਸੌਂਪੇ ਗਏ ਹਨ। ਇਹ ਚਾਰਜ ਸੀਨੀਅਰ ਆਈ.ਏ.ਐਸ. ਅਲੋਕ ਸ਼ੇਖਰ ਦੇ ਛੁੱਟੀ 'ਤੇ ਜਾਣ ਕਾਰਨ ਅਸਥਾਈ ਤੌਰ 'ਤੇ ਦਿੱਤੇ ਗਏ ਹਨ।
ਜਾਰੀ ਹੋਏ ਨਵੇਂ ਹੁਕਮਾਂ ਮੁਤਾਬਕ, ਆਈ.ਏ.ਐਸ. ਗੁਰਕਿਰਤ ਕਿਰਪਾਲ ਸਿੰਘ ਆਪਣੇ ਮੌਜੂਦਾ ਕੰਮਾਂ ਦੇ ਨਾਲ-ਨਾਲ ਅਲੋਕ ਸ਼ੇਖਰ ਦੀ 18 ਜੁਲਾਈ 2026 ਤੋਂ 9 ਅਗਸਤ 2026 ਤੱਕ ਦੀ ਛੁੱਟੀ ਦੌਰਾਨ ਇੱਕ ਬੇਹੱਦ ਅਹਿਮ ਜ਼ਿੰਮੇਵਾਰੀ ਨਿਭਾਉਣਗੇ। ਉਹ ਇਸ ਸਮੇਂ ਦੌਰਾਨ ਬਤੌਰ ਪ੍ਰਬੰਧਕੀ ਸਕੱਤਰ, ਗ੍ਰਹਿ ਮਾਮਲੇ ਵਿਭਾਗ (Administrative Secretary, Department of Home Affairs) ਅਤੇ ਪੰਜਾਬ ਰਾਜ ਵਿੱਚ ਫ਼ੌਜਦਾਰੀ ਕਾਨੂੰਨਾਂ (Criminal Laws) ਨੂੰ ਲਾਗੂ ਕਰਨ ਲਈ ਨੋਡਲ ਅਧਿਕਾਰੀ ਵਜੋਂ ਕੰਮ ਕਰਨਗੇ।
ਇਸੇ ਤਰ੍ਹਾਂ ਇੱਕ ਹੋਰ ਸੀਨੀਅਰ ਅਭਿਨਵ ਤ੍ਰਿਖਾ (IAS) ਨੂੰ ਵੀ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਦੇ ਨਾਲ-ਨਾਲ ਅਲੋਕ ਸ਼ੇਖਰ ਦੀ ਉਕਤ ਛੁੱਟੀ ਦੇ ਸਮੇਂ ਦੌਰਾਨ ਪ੍ਰਬੰਧਕੀ ਸਕੱਤਰ, ਵਿੱਤ ਵਿਭਾਗ (Administrative Secretary, Department of Finance) ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
ਪੁਰਾਣੇ ਹੁਕਮ ਲਏ ਗਏ ਵਾਪਸ
ਪ੍ਰਸੋਨਲ ਵਿਭਾਗ ਵੱਲੋਂ ਜਾਰੀ ਇਸ ਪੱਤਰ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਵਿਭਾਗ ਵੱਲੋਂ ਇਸ ਤੋਂ ਪਹਿਲਾਂ ਮਿਤੀ 25 ਜੂਨ 2026 (ਜੋ ਕਿ 26 ਜੂਨ 2026 ਨੂੰ ਜਾਰੀ ਹੋਏ ਸਨ) ਨੂੰ ਜਾਰੀ ਕੀਤੇ ਗਏ ਹੁਕਮਾਂ (Endst. No. 8/38/2001-IAS(8)/594) ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਗਿਆ ਹੈ।
- Download Babushahi App
-
-