ਦੋ ਦਿਨਾਂ ਚ ਹੀ ਉਖੜਨ ਲੱਗੀ ਤਹਿਸੀਲ ਰੋਡ 'ਆਪ' ਆਗੂ ਗੋਪੀ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਲਾਈਵ ਹੋਕੇ ਹੱਥਾਂ ਨਾਲ ਪੁੱਟੀ ਸੜਕ
ਕਿਹਾ-ਵਿਕਾਸ ਕਾਰਜਾਂ ਵਿੱਚ ਸਮਝੌਤਾ ਬਰਦਾਸ਼ਤ ਨਹੀਂ ਜਾਂਚ ਦੀ ਅਪੀਲ
ਜਗਰਾਓਂ (ਦੀਪਕ ਜੈਨ): ਜਗਰਾਓਂ ਸ਼ਹਿਰ ਨੂੰ ਤਹਿਸੀਲ ਰੋਡ ਨਾਲ ਜੋੜਨ ਵਾਲੀ ਨਵੀਂ ਬਣੀ ਸੜਕ ਦੇ ਮਹਿਜ਼ ਦੋ ਦਿਨਾਂ ਵਿੱਚ ਹੀ ਖਰਾਬ ਹੋਣ ਦੇ ਦਾਅਵਿਆਂ ਤੋਂ ਬਾਅਦ ਇਸ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਐਸਐਸਪੀ ਦਫ਼ਤਰ ਨੇੜੇ ਬਣੀ ਇਸ ਸੜਕ ਬਾਰੇ ਆਮ ਆਦਮੀ ਪਾਰਟੀ ਦੇ ਆਗੂ ਗੋਪੀ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਈ ਥਾਵਾਂ ਤੋਂ ਹੱਥ ਨਾਲ ਸੜਕ ਦੀ ਉਪਰਲੀ ਪਰਤ ਉਖਾੜ ਕੇ ਦਿਖਾਉਣ ਦਾ ਦਾਅਵਾ ਕੀਤਾ ਅਤੇ ਨਿਰਮਾਣ ਦੀ ਗੁਣਵੱਤਾ 'ਤੇ ਸਵਾਲ ਚੁੱਕੇ।
ਗੋਪੀ ਸ਼ਰਮਾ ਨੇ ਦੋਸ਼ ਲਾਇਆ ਕਿ ਸੜਕ ਦੇ ਨਿਰਮਾਣ ਵਿੱਚ ਘਟੀਆ ਸਮੱਗਰੀ ਵਰਤੀ ਗਈ ਹੈ, ਜਿਸ ਕਾਰਨ ਸੜਕ ਦੀ ਪਰਤ ਆਸਾਨੀ ਨਾਲ ਉਖੜ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ, ਸਬੰਧਤ ਵਿਭਾਗ ਦੇ ਮੰਤਰੀਆਂ ਅਤੇ ਪੀਡਬਲਯੂਡੀ ਅਧਿਕਾਰੀਆਂ ਤੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ।
ਇਸ ਸਬੰਧੀ ਪੀਡਬਲਯੂਡੀ ਦੇ ਅਧਿਕਾਰੀ ਕਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਮਿਲ ਚੁੱਕੀ ਹੈ ਅਤੇ ਠੇਕੇਦਾਰ ਨੂੰ ਸੜਕ ਦਾ ਮੁੜ ਨਿਰਮਾਣ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਕਰਾਰਨਾਮੇ ਅਨੁਸਾਰ ਜੇਕਰ ਇੱਕ ਸਾਲ ਦੇ ਅੰਦਰ ਸੜਕ ਵਿੱਚ ਖਾਮੀ ਆਉਂਦੀ ਹੈ ਤਾਂ ਠੇਕੇਦਾਰ ਆਪਣੇ ਖਰਚੇ 'ਤੇ ਇਸ ਦਾ ਦੁਬਾਰਾ ਨਿਰਮਾਣ ਕਰੇਗਾ ਅਤੇ ਚਾਰ ਸਾਲ ਤੱਕ ਇਸ ਦੀ ਮੁਰੰਮਤ ਦੀ ਜ਼ਿੰਮੇਵਾਰੀ ਵੀ ਠੇਕੇਦਾਰ ਦੀ ਰਹੇਗੀ।
ਖ਼ਬਰ ਲਿਖੇ ਜਾਣ ਤੱਕ ਠੇਕੇਦਾਰ ਦਾ ਪੱਖ ਪ੍ਰਾਪਤ ਨਹੀਂ ਹੋ ਸਕਿਆ ਸੀ। ਇਸੇ ਦੌਰਾਨ ਝਾਂਸੀ ਰਾਣੀ ਚੌਂਕ ਨੇੜੇ ਰੇਲਵੇ ਓਵਰ ਬ੍ਰਿਜ ਨਾਲ ਲੱਗਦੀ ਸੜਕ ਬਾਰੇ ਪੀਡਬਲਯੂਡੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਫਰਵਰੀ ਵਿੱਚ ਜਾਰੀ ਕੀਤਾ ਗਿਆ ਟੈਂਡਰ ਹੁਣ ਰੱਦ ਕੀਤਾ ਜਾਵੇਗਾ, ਕਿਉਂਕਿ ਅਪ੍ਰੈਲ ਮਹੀਨੇ ਨਗਰ ਕੌਂਸਲ ਵੱਲੋਂ ਇੰਟਰਲਾਕ ਟਾਈਲਾਂ ਲਗਾ ਕੇ ਸੜਕ ਦਾ ਨਿਰਮਾਣ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਟੈਂਡਰ ਦੇ ਤਹਿਤ ਕਿਸੇ ਵੀ ਠੇਕੇਦਾਰ ਨੂੰ ਕੋਈ ਭੁਗਤਾਨ ਨਹੀਂ ਕੀਤਾ ਜਾਵੇਗਾ।
- Download Babushahi App
-
-