ਨਗਰ ਕੌਂਸਲ ਚ ਲੱਗੇ ਕੂੜੇ ਦੇ ਪਹਾੜਾਂ ਤੋਂ ਇਲਾਕਾ ਨਿਵਾਸੀ ਪਰੇਸ਼ਾਨ
ਨਗਰ ਕੌਂਸਲ ਅੰਦਰ ਕੂੜੇ ਦਾ ਡੰਪਿੰਗ ਪੁਆਇੰਟ ਬਣਿਆ ਚਰਚਾ ਦਾ ਵਿਸ਼ਾ
ਦੀਪਕ ਜੈਨ
ਜਗਰਾਉਂ:4 ਜੁਲਾਈ 2026 ਜਿਸ ਨਗਰ ਕੌਂਸਲ 'ਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਅਤੇ ਵਿਕਾਸ ਕਾਰਜਾਂ ਦੀ ਜ਼ਿੰਮੇਵਾਰੀ ਹੈ, ਉਹੀ ਨਗਰ ਕੌਂਸਲ ਖੁਦ ਕੂੜੇ ਦੇ ਢੇਰਾਂ ਦੇ ਬੋਝ ਹੇਠ ਦੱਬੀ ਨਜ਼ਰ ਆ ਰਹੀ ਹੈ। ਜਗਰਾਉਂ ਵਿਖੇ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ (ਈ.ਓ.) ਦੀ ਰਿਹਾਇਸ਼ ਦੇ ਬਿਲਕੁਲ ਨੇੜੇ ਕੂੜੇ ਦੇ ਪਹਾੜਨੁਮਾ ਢੇਰ ਲੱਗੇ ਹੋਏ ਹਨ, ਜੋ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੇ ਹਨ।
ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਖਾਲੀ ਜਗ੍ਹਾ ਨੂੰ ਕੂੜੇ ਦੇ ਡੰਪਿੰਗ ਪੁਆਇੰਟ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਮੁਹੱਲਾ ਨਿਵਾਸੀਆਂ ਦਾ ਜੀਣਾ ਮੁਹਾਲ
ਨੇੜਲੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਕੂੜੇ ਦੇ ਢੇਰਾਂ ਕਾਰਨ ਉਹਨਾਂ ਦਾ ਜੀਣਾ ਮੁਸ਼ਕਿਲ ਹੋ ਗਿਆ ਹੈ। ਖਾਸ ਕਰਕੇ ਗਰਮੀ ਦੇ ਦਿਨਾਂ ਵਿੱਚ, ਇੱਥੋਂ ਉੱਠਣ ਵਾਲੀ ਭਿਆਨਕ ਬਦਬੂ ਨੇ ਆਲੇ-ਦੁਆਲੇ ਦੀ ਹਵਾ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਹੈ। ਸਥਾਨਕ ਲੋਕਾਂ ਨੂੰ ਡਰ ਹੈ ਕਿ ਇਹ ਗੰਦਗੀ ਕਈ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਵਸਨੀਕਾਂ ਵੱਲੋਂ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਨੂੰ ਗੁਹਾਰ ਲਗਾਈ ਜਾ ਚੁੱਕੀ ਹੈ, ਪਰ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ।
ਕੀ ਕਹਿੰਦੇ ਹਨ ਅਧਿਕਾਰੀ?
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ (EO) ਮੋਹਿਤ ਸ਼ਰਮਾ ਨਾਲ ਗੱਲ ਕੀਤੀ ਗਈ, ਤਾਂ ਉਹਨਾਂ ਸਵੀਕਾਰ ਕੀਤਾ ਕਿ ਇਹ ਸਮੱਸਿਆ ਗੰਭੀਰ ਹੈ। ਉਹਨਾਂ ਭਰੋਸਾ ਦਿਵਾਇਆ ਕਿ ਸਿਰਫ਼ ਇਹ ਥਾਂ ਹੀ ਨਹੀਂ, ਸਗੋਂ ਸ਼ਹਿਰ ਦੇ ਹੋਰਨਾਂ ਇਲਾਕਿਆਂ ਵਿੱਚ ਲੱਗੇ ਕੂੜੇ ਦੇ ਢੇਰਾਂ ਤੋਂ ਵੀ ਸ਼ਹਿਰ ਵਾਸੀਆਂ ਨੂੰ ਜਲਦ ਨਿਜਾਤ ਦਿਵਾਈ ਜਾਵੇਗੀ।
ਉਹਨਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਨੇੜਲੇ ਪਿੰਡ ਕਾਉਂਕੇ ਕਲਾਂ ਵਿਖੇ ਕੂੜੇ ਦੀ ਸੰਭਾਲ ਅਤੇ ਰੀਸਾਈਕਲਿੰਗ ਲਈ ਜਗ੍ਹਾ ਪ੍ਰਾਪਤ ਕਰ ਲਈ ਗਈ ਹੈ, ਅਤੇ ਜਲਦ ਹੀ ਇਹ ਕੂੜਾ ਇੱਥੋਂ ਚੁੱਕ ਕੇ ਉੱਥੇ ਤਬਦੀਲ ਕਰ ਦਿੱਤਾ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਅਧਿਕਾਰੀਆਂ ਦਾ ਇਹ ਦਾਅਵਾ ਕਦੋਂ ਤੱਕ ਅਮਲੀ ਰੂਪ ਧਾਰਨ ਕਰਦਾ ਹੈ।
- Download Babushahi App
-
-