ਮਾਨਵ ਅਧਿਕਾਰ ਕਮਿਸ਼ਨ ਦਾ ਵੱਡਾ ਐਕਸ਼ਨ: ਲੁਧਿਆਣਾ ਸਿਵਲ ਹਸਪਤਾਲ ਵਿੱਚ ਫੋਰੈਂਸਿਕ ਡਾਕਟਰ ਨਾ ਹੋਣ ਦੇ ਮਾਮਲੇ 'ਤੇ ਸਿਵਲ ਸਰਜਨ ਤੋਂ ਮੰਗੀ ਰਿਪੋਰਟ
ਸੁਖਮਿੰਦਰ ਭੰਗੂ
ਲੁਧਿਆਣਾ 2 ਜੁਲਾਈ 2026- ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਕਰੀਬ ਇੱਕ ਸਾਲ ਤੋਂ ਫੋਰੈਂਸਿਕ ਮਾਹਿਰ ਡਾਕਟਰ ਦੀ ਅਸਾਮੀ ਖਾਲੀ ਪਈ ਹੋਣ ਦੇ ਮਾਮਲੇ ਨੂੰ ਪੰਜਾਬ ਰਾਜ ਅਤੇ ਚੰਡੀਗੜ੍ਹ (ਯੂ.ਟੀ.) ਮਾਨਵ ਅਧਿਕਾਰ ਕਮਿਸ਼ਨ ਨੇ ਗੰਭੀਰਤਾ ਨਾਲ ਲਿਆ ਹੈ। ਇਸ ਮਾਮਲੇ ਸਬੰਧੀ ਸਮਾਜ ਸੇਵਕ ਅਰਵਿੰਦ ਸ਼ਰਮਾ ਵੱਲੋਂ ਇੱਕ ਪ੍ਰਮੁੱਖ ਅਖ਼ਬਾਰ ਵਿੱਚ ਪ੍ਰਕਾਸ਼ਿਤ ਖ਼ਬਰ ਦੀ ਕਟਿੰਗ ਨਾਲ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਸੀ।
ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਪਿਛਲੇ ਕਰੀਬ ਇੱਕ ਸਾਲ ਤੋਂ ਕੋਈ ਵੀ ਫੋਰੈਂਸਿਕ ਡਾਕਟਰ ਤਾਇਨਾਤ ਨਹੀਂ ਹੈ। ਇਸ ਕਾਰਨ ਜਦੋਂ ਵੀ ਕਤਲ, ਸੜਕ ਹਾਦਸੇ, ਖੁਦਕੁਸ਼ੀ ਜਾਂ ਹੋਰ ਸੰਵੇਦਨਸ਼ੀਲ ਮਾਮਲੇ ਸਾਹਮਣੇ ਆਉਂਦੇ ਹਨ, ਤਾਂ ਫੋਰੈਂਸਿਕ ਜਾਂਚ ਲਈ ਬਾਹਰੋਂ ਡਾਕਟਰ ਬੁਲਾਉਣਾ ਪੈਂਦਾ ਹੈ ਜਾਂ ਹੋਰ ਥਾਵਾਂ ਤੋਂ ਸੇਵਾਵਾਂ ਲੈਣੀਆਂ ਪੈਂਦੀਆਂ ਹਨ। ਇਸ ਨਾਲ ਨਾ ਸਿਰਫ਼ ਜਾਂਚ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ, ਸਗੋਂ ਇਨਸਾਫ਼ ਵਿੱਚ ਵੀ ਦੇਰੀ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ।
ਮਾਨਵ ਅਧਿਕਾਰ ਕਮਿਸ਼ਨ ਨੇ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਪੂਰੀ ਤਰ੍ਹਾਂ ਪਰਖਿਆ ਅਤੇ ਮਾਮਲੇ ਵਿੱਚ ਸਿਵਲ ਸਰਜਨ, ਲੁਧਿਆਣਾ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਸਿਵਲ ਸਰਜਨ ਨੂੰ ਹਦਾਇਤ ਕੀਤੀ ਹੈ ਕਿ 4 ਅਗਸਤ 2026 ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ ਇਸ ਮਾਮਲੇ ਵਿੱਚ ਕੀਤੀ ਗਈ ਕਾਰਵਾਈ ਅਤੇ ਕੰਪਲਾਇੰਸ ਰਿਪੋਰਟ ਕਮਿਸ਼ਨ ਅੱਗੇ ਪੇਸ਼ ਕੀਤੀ ਜਾਵੇ।
ਕਮਿਸ਼ਨ ਦੇ ਇਸ ਕਦਮ ਨੂੰ ਸਿਹਤ ਸੇਵਾਵਾਂ ਅਤੇ ਲੋਕਾਂ ਦੇ ਮਾਨਵ ਅਧਿਕਾਰਾਂ ਦੀ ਸੁਰੱਖਿਆ ਵੱਲ ਇੱਕ ਮਹੱਤਵਪੂਰਨ ਪਹਿਲ ਮੰਨਿਆ ਜਾ ਰਿਹਾ ਹੈ। ਹੁਣ ਸਭ ਦੀਆਂ ਨਜ਼ਰਾਂ ਸਿਵਲ ਸਰਜਨ ਦਫ਼ਤਰ ਦੀ ਕਾਰਵਾਈ 'ਤੇ ਟਿਕੀਆਂ ਹਨ ਕਿ ਕੀ ਲੰਬੇ ਸਮੇਂ ਤੋਂ ਖਾਲੀ ਪਈ ਫੋਰੈਂਸਿਕ ਮਾਹਿਰ ਡਾਕਟਰ ਦੀ ਅਸਾਮੀ ਨੂੰ ਭਰਿਆ ਜਾਂਦਾ ਹੈ ਜਾਂ ਨਹੀਂ।
ਇਸ ਸਬੰਧੀ ਸ਼ਿਕਾਇਤਕਰਤਾ ਅਤੇ ਸਮਾਜ ਸੇਵਕ ਅਰਵਿੰਦ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਵਿਅਕਤੀ ਜਾਂ ਵਿਭਾਗ ਨੂੰ ਨਿਸ਼ਾਨਾ ਬਣਾਉਣਾ ਨਹੀਂ, ਸਗੋਂ ਆਮ ਲੋਕਾਂ ਨੂੰ ਬਿਹਤਰ ਅਤੇ ਸਮੇਂ ਸਿਰ ਸਿਹਤ ਅਤੇ ਨਿਆਂ ਸੰਬੰਧੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਮਾਨਵ ਅਧਿਕਾਰ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਇਹ ਗੰਭੀਰ ਸਮੱਸਿਆ ਜਲਦੀ ਹੱਲ ਹੋਵੇਗੀ ਅਤੇ ਲੁਧਿਆਣਾ ਸਿਵਲ ਹਸਪਤਾਲ ਵਿੱਚ ਫੋਰੈਂਸਿਕ ਡਾਕਟਰ ਦੀ ਨਿਯੁਕਤੀ ਯਕੀਨੀ ਬਣਾਈ ਜਾਵੇਗੀ।
- Download Babushahi App
-
-