Political Special ਨਿਗਮ ਚੋਣਾਂ : ਅਕਾਲੀ ਦਲ ਵੱਲੋਂ ‘ ਤੱਕੜੀ ਚੋਂ ਸਿਆਸੀ ਵੱਟੇ ’ ਚੁੱਕਣ ਵਾਲਿਆਂ ਨਾਲ ਸਿੱਝਣ ਦੀ ਤਿਆਰੀ
ਅਸ਼ੋਕ ਵਰਮਾ
ਬਠਿੰਡਾ, 2 ਜੁਲਾਈ 2026 : ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਨਮੋਸ਼ੀਜਨਕ ਹਾਰ ਤੋਂ ਬਾਅਦ ਕੀਤੇ ਗਏ ਮੰਥਨ ਦੌਰਾਨ ਸਾਹਮਣੇ ਆਇਆ ਹੈ ਕਿ ਕਈ ਘਰ ਦੇ ਭੇਤੀਆਂ ਕਾਰਨ ਹੀ ਪਾਰਟੀ ਦੀ ਹਾਲਤ ਐਨੀ ਜਿਆਦਾ ਪਤਲੀ ਹੋਈ ਹੈ। ਅਹਿਮ ਅਕਾਲੀ ਹਲਕਿਆਂ ਦੀ ਗੱਲ ਨੂੰ ਸੱਚ ਮੰਨੀਏੇ ਤਾਂ ਆਉਂਦੇੇ ਦਿਨਾਂ ਦੌਰਾਨ ਪਾਰਟੀ ਦੇ ਢਾਂਚੇ ’ਚ ਮਹੱਤਵਪੂਰਨ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਇਸ ਬਦਲਾਅ ’ਚ ਦੋ ਆਗੂਆਂ ਸਮੇਤ ਹਲਕਾ ਇੰਚਾਰਜ ਤੱਕ ਬਦਲਣ ਦੀ ਚੁੰਝ ਚਰਚਾ ਦਾ ਬਜ਼ਾਰ ਗਰਮ ਹੈ। ਵੱਡੀ ਗੱਲ ਇਹ ਹੈ ਕਿ ਸੀਨੀਅਰ ਅਕਾਲੀ ਆਗੂ ਇਸ ਮੁੱਦੇ ’ਤੇ ਕੋਈ ਪ੍ਰਤੀਕਿਰਿਆ ਦੇਣ ਨੂੰ ਤਿਆਰ ਨਹੀਂ ਬਲਕਿ ਖਾਮੋਸ਼ ਤਮਾਸ਼ਾ ਦੇਖ ਰਹੇ ਹਨ। ਆਪਣੀ ਸਿਆਸੀ ਰਾਜਧਾਨੀ ਬਠਿੰਡਾ ਵਿੱਚ ਪਾਰਟੀ ਦੀ ਤਕੜੀ ਪੈਂਠ ਰਹੀ ਹੋਣ ਕਾਰਨ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਇਸ ਹਾਰ ਨੂੰ ਲੈਕੇ ਅੰਦਰੋ ਅੰਦਰੀ ਨਰਾਜ਼ ਹਨ।
ਅਕਾਲੀ ਸੂਤਰ ਦੱਸਦੇ ਹਨ ਕਿ ਨਗਰ ਨਿਗਮ ਚੋਣ ਨਤੀਜਿਆਂ ਦਾ ਐਲਾਨ ਹੋਣ ਤੋਂ ਫੌਰੀ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਕੋਲ ਇਸ ਸਬੰਧ ਵਿੱਚ ਸ਼ਿਕਾਇਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਅਤੇ ਇਸ ਦੇ ਹਰ ਨਿੱਕੇ ਵੱਡੇ ਕਾਰਨ ਦੀ ਡੂੰਘਾਈ ਨਾਲ ਘੋਖ ਕਰਨ ਲਈ ਬਾਦਲਾਂ ਨੇ ਵਿਰੋਧੀ ਸਰਕਾਰਾਂ ਹੋਣ ਦੇ ਬਾਵਜੂਦ ਸੰਗਤ ਮੰਡੀ ’ਚ ਦੋ ਵਾਰ ਅਕਾਲੀ ਝੰਡਾ ਬੁਲੰਦ ਕਰਨ ਵਾਲੇ ਸ਼ਹਿਰੀ ਪ੍ਰਧਾਨ ਸੁਸ਼ੀਲ ਗੋਲਡੀ ਅਤੇ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ ’ਤੇ ਅਧਾਰਤ ਦੋ ਮੈਂਬਰੀ ਕਮੇਟੀ ਬਣਾਈ ਸੀ। ਜਾਣਕਾਰੀ ਅਨੁਸਾਰ ਦੋ ਮੈਂਬਰੀ ਕਮੇਟੀ ਨੇ ਚੋਣ ਲੜਨ ਵਾਲੇ ਅਕਾਲੀ ਉਮੀਦਵਾਰਾਂ ਨਾਲ ਇਸ ਸਬੰਧ ’ਚ ਮੀਟਿੰਗ ਕੀਤੀ ਅਤੇ ਸ਼ਹਿਰ ਦੇ ਸਰਗਰਮ ਅਕਾਲੀ ਵਰਕਰਾਂ ਤੇ ਅਹੁਦੇਦਾਰਾਂ ਦਾ ਪੱਖ ਵੀ ਜਾਣਿਆ ਸੀ।
ਸੂਤਰਾਂ ਨੇ ਦੱਸਿਆ ਹੈ ਕਿ ਕੁੱਝ ਉਮੀਦਵਾਰਾਂ ਨੇ ਤਾਂ ਇੱਥੋ ਤੱਕ ਕਿਹਾ ਕਿ ਉਨ੍ਹਾਂ ਨੂੰ ਆਪਣੀ ਚੋਣ ਸਮੱਗਰੀ ’ਤੇ ਬਠਿੰਡਾ ਦੇ ਪ੍ਰਧਾਨ ਦੀ ਫੋਟੋ ਨਹੀਂ ਛਾਪਣ ਦਿੱਤੀ ਗਈ ਜਦੋਂਕਿ ਇਸ ਦੀ ਜਰੂਰਤ ਸਭ ਤੋਂ ਅਹਿਮ ਸੀ। ਇਸ ਮੌਕੇ ਜਿਆਦਾਤਰ ਉਮੀਦਵਾਰਾਂ ਨੇ ਇਸ ਕਰਾਰੀ ਹਾਰ ਲਈ ਹਲਕਾ ਇੰਚਾਰਜ ਨੂੰ ਜਿੰਮੇਵਾਰ ਠਹਿਰਾਇਆ ਅਤੇ ਕਈ ਗੰਭੀਰ ਤੱਥ ਸਾਹਮਣੇ ਲਿਆਂਦੇ। ਇਸ ਮੌਕੇ ਹਾਜ਼ਰ ਕਈ ਉਮੀਦਵਾਰਾਂ ਨੇ ਕਿਹਾ ਕਿ ਪੂਰੇ ਚੋਣ ਪ੍ਰਚਾਰ ਦੌਰਾਨ ਹਲਕਾ ਇੰਚਾਰਜ ਨੇ ਉਨ੍ਹਾਂ ਦੀ ਸਾਰ ਤੱਕ ਨਹੀਂ ਲਈ। ਉਨ੍ਹਾਂ ਕਿਹਾ ਕਿ ਜਦੋਂ ਹਾਕਮ ਧਿਰ ਸ਼ਹਿਰ ਵਿੱਚ ਭਲਵਾਨੀ ਗੇੜੇ ਦੇ ਰਹੀ ਸੀ ਤਾਂ ਸਥਾਨਕ ਅਕਾਲੀ ਲੀਡਰਸ਼ਿਪ ਨੇ ਨਾਂ ਤਾਂ ਕੋਈ ਰਣਨੀਤੀ ਘੜੀ ਅਤੇ ਨਾਂ ਹੀ ਉਨ੍ਹਾਂ ਨਾਲ ਕਿਸੇ ਨੇ ਰਾਬਤਾ ਰੱਖਿਆ । ਉਨ੍ਹਾਂ ਦੱਸਿਆ ਕਿ ਹਰ ਉਮੀਦਵਾਰ ਨੂੰ ਆਪਣੇ ਢੰਗ ਨਾਲ ਗਲ ਪਿਆ ਢੋਲ ਵਜਾਉਣ ਦਾ ਖਮਿਆਜਾ ਪਾਰਟੀ ਨੂੰ ਭੁਗਤਣਾ ਪਿਆ ਹੈ।
ਉਮੀਦਵਾਰਾਂ ਨੇ ਆਪੋ ਆਪਣੇ ਵਾਰਡਾਂ ਵਿੱਚ ਆਈਆਂ ਮੁਸ਼ਕਲਾਂ, ਪਾਰਟੀ ਵਰਕਰਾਂ ਦੀ ਨਾਰਾਜ਼ਗੀ ਤੇ ਪ੍ਰਚਾਰ ਦੌਰਾਨ ਦਰਪੇਸ਼ ਚੁਣੌਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੁੱਝ ਉਮੀਦਵਾਰਾਂ ਨੇ ਪਾਰਟੀ ਦੀ ਇਸ ਸਥਿਤੀ ਪ੍ਰਤੀ ਫਿਕਰ ਜਾਹਰ ਕਰਦਿਆਂ ਕਿਹਾ ਕਿ ਜੇਕਰ ਪੂਰੀ ਇੱਕਜੁਟਤਾ ਨਾਲ ਮੈਦਾਨ ’ਚ ਨਿੱਤਰਿਆ ਜਾਂਦਾ ਤਾਂ ਨਤੀਜੇ ਭਿੰਨ ਹੋਣ ਤੋਂ ਕਿਸੇ ਨੇ ਨਹੀਂ ਰੋਕ ਸਕਣਾ ਸੀ। ਉਮੀਦਵਾਰ ਨੇ ਕਾਫੀ ਖੁੱਲ੍ਹਕੇ ਨਰਾਜ਼ਗੀ ਜਤਾਉਂਦਿਆਂ ਪਾਰਟੀ ਨੂੰ ਵੱਡਾ ਨੁਕਸਾਨ ਪੁੱਜਣ ਦਾ ਕਾਰਨ ਆਪਸੀ ਤਾਲਮੇਲ ਦੀ ਘਾਟ ਦੱਸਿਆ ਅਤੇ ਚੋਣਾਂ ਦੌਰਾਨ ਪਾਰਟੀ ਦੇ ਸ਼ਹਿਰੀ ਢਾਂਚੇ ਨੂੰ ਸਰਗਰਮ ਨਾਂ ਕਰਨ ਦੇ ਦੋਸ਼ ਵੀ ਲਾਏ । ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੂੰ ਪੱਕੇ ਪੈਰੀ ਕਰਨਾ ਹੈ ਤਾਂ ਕਈ ਸਖਤ ਫੈਸਲੇ ਲੈਣੇ ਪੈ ਸਕਦੇ ਹਨ। ਸੂਤਰ ਆਖਦੇ ਹਨ ਕਿ ਮੀਟਿੰਗ ਦੌਰਾਨ ਕਥਿਤ ਮਿਲੀਭੁਗਤ ਦੀ ਗੱਲ ਵੀ ਉੱਠੀ ਅਤੇ ਪਾਰਟੀ ਪ੍ਰਧਾਨ ਨੂੰ ਇਸ ਤਰਫ ਧਿਆਨ ਦੇਣ ਦੀ ਸਲਾਹ ਵੀ ਦਿੱਤੀ ਗਈ।
ਤਨਦੇਹੀ ਨਾਲ ਚੋਣ ਲੜੀ : ਬਬਲੀ ਢਿੱਲੋਂ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਇੰਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਤਨਦੇਹੀ ਨਾਲ ਲੜਾਈ ਲੜੀ ਜਿਸ ਕਰਕੇ ਵੋਟਾਂ ਹਾਸਲ ਕਰਨ ’ਚ ਪਾਰਟੀ ਦੂਸਰੇ ਸਥਾਨ ’ਤੇ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਰੂਰਤ ਪੈਣ ’ਤੇ ਕੁੱਝ ਉਮੀਦਵਾਰਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਅਤੇ ਪ੍ਰਚਾਰ ’ਚ ਵੀ ਪੂਰਾ ਪੂਰਾ ਸਾਥ ਦਿੱਤਾ। ਉਨ੍ਹਾਂ ਮੰਨਿਆ ਕਿ ਪ੍ਰਚਾਰ ਦੇ ਦਿਨ ਘੱਟ ਹੋਣ ਕਾਰਨ ਕੁੱਝ ਕਮੀਆਂ ਰਹੀਆਂ ਹੋ ਸਕਦੀਆਂ ਹਨ ਪਰ ਉਨ੍ਹਾਂ ਨੇ ਸਾਫ ਨੀਅਤ ਨਾਲ ਜਿੰਮੇਵਾਰੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਨੂੰਨੀ ਲੜਾਈ ਲੜਨ ’ਤੇ ਵੀ ਕਰੀਬ ਪੰਜ ਲੱਖ ਖਰਚਿਆ ਹੈ ਤੇ ਜੇਕਰ ਉਨ੍ਹਾਂ ਦੇ ਦਿਲ ਵਿੱਚ ਖੋਟ ਹੁੰਦੀ ਤਾਂ ਉਹ ਖਰਚਾ ਕਰਨ ਤੋਂ ਪਾਸਾ ਵੀ ਵੱਟ ਸਕਦੇ ਸਨ। ਉਨ੍ਹਾਂ ਹਾਰ ਪਿੱਛੇ ਸਰਕਾਰ ਦੀ ਕਥਿਤ ਸ਼ਹਿਰ ’ਤੇ ਕੀਤੀਆਂ ਗਈ ਧੱਕੇਸ਼ਾਹੀਆਂ ਨੂੰ ਅਹਿਮ ਕਾਰਨ ਕਰਾਰ ਦਿੱਤਾ।
ਪਾਰਟੀ ਨੂੰ ਰਿਪੋਰਟ ਸੌਂਪੀ: ਗੋਲਡੀ
ਸ਼੍ਰੋਮਣੀ ਅਕਾਲੀ ਦਲ ਦੀ ਹਾਰ ਸਬੰਧੀ ਬਣਾਈ ਦੋ ਮੈਂਬਰੀ ਤੱਥ ਖੋਜ ਕਮੇਟੀ ਦੇ ਮੈਂਬਰ ਸੁਸ਼ੀਲ ਗੋਲਡੀ ਨੇ ਇਸ ਸਬੰਧੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰਾਂ ਦੇ ਵਿਚਾਰਾਂ ਅਤੇ ਭਾਵਨਾਵਾਂ ਸਬੰਧੀ ਰਿਪੋਰਟ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਸਬੰਧੀ ਕੀ ਕਾਰਵਾਈ ਕਰਨੀ ਹੈ ਇਹ ਪਾਰਟੀ ਪ੍ਰਧਾਨ ਨੇ ਤੈਅ ਕਰਨਾ ਹੈ।
- Download Babushahi App
-
-