ਕਪੂਰਥਲਾ ਮਾਡਰਨ ਜੇਲ੍ਹ ਵਿੱਚ ਵੱਡਾ ਖੁਲਾਸਾ: ਹਵਾਲਾਤੀ ਕੋਲੋਂ 2 ਸਮਾਰਟਫੋਨ ਬਰਾਮਦ, CRPF ਦੇ ਹੈੱਡ ਕਾਂਸਟੇਬਲ 'ਤੇ ਪਹੁੰਚਾਉਣ ਦੇ ਦੋਸ਼
ਬਲਵਿੰਦਰ ਸਿੰਘ ਧਾਲੀਵਾਲ/ਬਾਬੂਸ਼ਾਹੀ ਨੈਟਵਰਕ
ਕਪੂਰਥਲਾ, 3 ਜੁਲਾਈ, 2026 : ਪੰਜਾਬ ਦੀ ਮਾਡਰਨ ਜੇਲ੍ਹ ਕਪੂਰਥਲਾ ਵਿੱਚ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਏ ਗਏ ਵਿਸ਼ੇਸ਼ ਸਰਚ ਆਪ੍ਰੇਸ਼ਨ ਦੌਰਾਨ ਇੱਕ ਹਵਾਲਾਤੀ ਕੋਲੋਂ ਦੋ ਸਮਾਰਟ ਮੋਬਾਈਲ ਫੋਨ ਬਰਾਮਦ ਹੋਏ ਹਨ। ਮੁੱਢਲੀ ਪੁੱਛਗਿੱਛ ਦੌਰਾਨ ਹਵਾਲਾਤੀ ਨੇ ਦਾਅਵਾ ਕੀਤਾ ਕਿ ਇਹ ਮੋਬਾਈਲ ਉਸ ਨੂੰ CRPF ਦੇ ਇੱਕ ਹੈੱਡ ਕਾਂਸਟੇਬਲ ਵੱਲੋਂ ਮੁਹੱਈਆ ਕਰਵਾਏ ਗਏ ਸਨ। ਇਸ ਖੁਲ੍ਹਾਸੇ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਮਹਿਕਮੇ ਵਿੱਚ ਹੜਕੰਪ ਮਚ ਗਿਆ।
ਮਾਮਲੇ ਦੀ ਪੁਸ਼ਟੀ ਕਰਦਿਆਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਕਿਰਪਾਲ ਸਿੰਘ ਨੇ ਦੱਸਿਆ ਕਿ ਆਰਮਜ਼ ਐਕਟ ਦੇ ਕੇਸ ਵਿੱਚ ਬੰਦ ਹਵਾਲਾਤੀ ਸਿਪਾਹੀਆ ਉਰਫ਼ ਸ਼ਾਹੀ ਉਰਫ਼ ਅਲੀ ਪੁੱਤਰ ਮੁਹੰਮਦ ਬਸ਼ੀਰ ਦੀ ਤਲਾਸ਼ੀ ਦੌਰਾਨ ਰੈੱਡਮੀ ਅਤੇ ਰੀਅਲਮੀ ਕੰਪਨੀ ਦੇ ਦੋ ਸਮਾਰਟਫੋਨ ਬਰਾਮਦ ਕੀਤੇ ਗਏ।
ਮੁੱਢਲੀ ਪੁੱਛਗਿੱਛ ਦੌਰਾਨ ਹਵਾਲਾਤੀ ਨੇ ਦੋਸ਼ ਲਗਾਇਆ ਕਿ ਇਹ ਮੋਬਾਈਲ ਉਸ ਨੂੰ CRPF ਦੇ ਹੈੱਡ ਕਾਂਸਟੇਬਲ ਮੁਹੰਮਦ ਅਸ਼ਰਫ, ਵਾਸੀ ਕਠੂਆ, ਵੱਲੋਂ ਦਿੱਤੇ ਗਏ ਸਨ।
ਹਵਾਲਾਤੀ ਦੇ ਬਿਆਨਾਂ ਅਤੇ ਬਰਾਮਦਗੀ ਦੇ ਆਧਾਰ 'ਤੇ ਪੰਜਾਬ ਪੁਲਿਸ ਨੇ ਥਾਣਾ ਕੋਤਵਾਲੀ ਕਪੂਰਥਲਾ ਵਿੱਚ ਹਵਾਲਾਤੀ ਅਤੇ ਸੰਬੰਧਿਤ CRPF ਹੈੱਡ ਕਾਂਸਟੇਬਲ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਏਜੰਸੀਆਂ ਹੁਣ ਇਸ ਗੱਲ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਹਾਈ-ਸਿਕਿਉਰਿਟੀ ਜੇਲ੍ਹ ਦੇ ਅੰਦਰ ਦੋ ਸਮਾਰਟਫੋਨ ਕਿਵੇਂ ਪਹੁੰਚੇ। ਇਸ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਮਾਮਲੇ ਵਿੱਚ ਕੋਈ ਹੋਰ ਜੇਲ੍ਹ ਕਰਮਚਾਰੀ, ਸੁਰੱਖਿਆ ਮੁਲਾਜ਼ਮ ਜਾਂ ਬਾਹਰੀ ਵਿਅਕਤੀ ਵੀ ਸ਼ਾਮਲ ਸੀ। ਜੇਕਰ ਜਾਂਚ ਦੌਰਾਨ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਇਹ ਮਾਮਲਾ ਜੇਲ੍ਹ ਦੀ ਸੁਰੱਖਿਆ ਵਿੱਚ ਗੰਭੀਰ ਕੁਤਾਹੀ ਅਤੇ ਸੰਭਾਵਿਤ ਮਿਲੀਭੁਗਤ ਵੱਲ ਇਸ਼ਾਰਾ ਕਰੇਗਾ।
- Download Babushahi App
-
-